ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰੋਫੈਸਰ ਪੂਰਨ ਸਿੰਘ, ਮੈਂ ਅਤੇ ਜਾਪਾਨ

07:07 AM Jul 28, 2024 IST
ਡਾ. ਗੁਰਬਖਸ਼ ਸਿੰਘ

ਜਦੋਂ ਮੈਂ ਸਾਲ 2000 ਵਿੱਚ ਟੋਕੀਓ ਯੂਨੀਵਰਸਿਟੀ ਵਿੱਚ ਬਤੌਰ ਪੋਸਟ-ਡਾਕਟੋਰਲ ਸਕਾਲਰ, ਖੋਜ ਕਰ ਰਿਹਾ ਸੀ ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਟੋਕੀਓ ਦੇ ਹੌਂਗੌ ਇਲਾਕੇ ਵਿੱੱਚ ਸਥਿਤ ਯੂਨੀਵਰਸਿਟੀ ਤੇ ਉਹਦੇ ਇਰਦ-ਗਿਰਦ ਦੀਆਂ ਸੜਕਾਂ, ਗਲੀਆਂ, ਤਲਾਬਾਂ, ਪਾਰਕਾਂ ਤੇ ਬੁੱਧ ਮੰਦਿਰਾਂ ਵਿੱਚ ਠੀਕ ਇੱਕ ਸਦੀ ਪਹਿਲਾਂ, ਜਾਣੀ ਸੰਨ 1900 ਵਿੱਚ ਪੰਜਾਬ ਦਾ ਇੱਕ ਬਹੁਤ ਹੀ ਹੋਣਹਾਰ ਵਿਦਿਆਰਥੀ ਵਿਚਰਦਾ ਰਿਹਾ ਸੀ ਜਿਸ ਨੇ ਜਾਪਾਨ ਬਾਰੇ ਆਪਣੇ ਅਨੁਭਵਾਂ ਨੂੰ ਕਲਮਬੰਦ ਵੀ ਕੀਤਾ ਸੀ। ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰ ਰਿਹਾ ਹਾਂ ਜੋ ਸੰਨ 1900 ਵਿੱਚ ਜਾਪਾਨ ਗਏ ਤੇ 1904 ਤੱਕ ਉੱਥੇ ਰਹੇ। ਇਤਫ਼ਾਕਵੱਸ ਉਹ ਪਹਿਲੇ ਪੰਜਾਬੀ ਸਨ ਜਿਨ੍ਹਾਂ ਨੇ ਆਧੁਨਿਕ ਕਾਲ ਵਿੱਚ ਜਾਪਾਨ ਦੀ ਧਰਤੀ ’ਤੇ ਕਦਮ ਰੱਖਿਆ ਸੀ ਤੇ ਉਹ ਵੀ ਵਿਗਿਆਨ ਦੇ ਖੇਤਰ ਵਿੱਚ ਪੜ੍ਹਾਈ ਕਰਨ ਲਈ। ਬੇਸ਼ੱਕ ਛੋਟੀਆਂ-ਛੋਟੀਆਂ ਭਾਰਤੀ ਕੰਪਨੀਆਂ 1874 ਤੋਂ ਜਾਪਾਨ ਵਿੱਚ ਜਾਣ ਲੱਗੀਆਂ ਸਨ ਪਰ ਪੜ੍ਹਾਈ ਲਈ ਭਾਰਤੀ ਵਿਦਿਆਰਥੀਆਂ ਦਾ ਜਾਣਾ 1899-1900 ਦੇ ਆਸਪਾਸ ਹੀ ਸ਼ੁਰੂ ਹੋਇਆ ਸੀ। ਇਉਂ ਪੂਰਨ ਸਿੰਘ, ਜਾਪਾਨ ਵਿੱਚ ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਪਹਿਲੇ ਹਿੰਦੋਸਤਾਨੀ ਵਿਦਿਆਰਥੀਆਂ ਵਿੱਚੋਂ ਇੱਕ ਸਨ।
ਮੈਂ 1995 ਵਿੱਚ ਜਾਪਾਨ ਗਿਆ ਸੀ। ਟੋਕੀਓ ਯੂਨੀਵਰਸਿਟੀ ਤੋਂ ਪਹਿਲਾਂ ਮੈਂ ਟੋਕੀਓ ਸ਼ਹਿਰ ਵਿੱਚ ਹੀ ਸਥਿਤ ਕੋਮਾਜ਼ਾਵਾ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਸਕਾਲਰ (ਨਹਿਰੂ ਫੈਲੋ) ਵਜੋਂ ਦੋ ਸਾਲ ਜ਼ੇਨ ਦੀ ਪੜ੍ਹਾਈ ਕੀਤੀ ਸੀ। ਮੈਨੂੰ ਜਾਪਾਨ ਵਿੱਚ ਰਹਿੰਦਿਆਂ ਕਈ ਸਾਲ ਹੋ ਗਏ ਸਨ। ਅਨੁਭਵ ਕੀਤਾ ਕਿ ਜਾਪਾਨ ਦੀ ਸੰਸਕ੍ਰਿਤੀ, ਕਾਰਜ ਸ਼ੈਲੀ ਅਤੇ ਤੌਰ ਤਰੀਕੇ ਭਾਰਤੀਆਂ ਨਾਲੋਂ ਕਾਫ਼ੀ ਭਿੰਨ ਸਨ, ਕੁਝ-ਕੁਝ ਤਾਂ ਅਚੰਭਿਤ ਕਰਨ ਵਾਲੇ ਸਨ। ਉਦੋਂ ਤੋਂ ਲੈ ਕੇ ਹੁਣ ਤਕ ਸੋਚਦਾ ਆ ਰਿਹਾ ਸੀ ਕਿ ਆਪਣੇ ਅਨੁਭਵਾਂ ਬਾਰੇ ਲਿਖਾਂ ਪਰ ਕੰਮ-ਕਾਰ ਵਿੱਚ ਏਨਾ ਰੁੱਝ ਗਿਆ ਕਿ ਕੁਝ ਨਾ ਲਿਖ ਸਕਿਆ।
ਪੰਜ-ਛੇ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰੇ ਇੱਕ ਮਿੱਤਰ ਨੇ ਸਰਸਰੀ ਜਿਹੀ ਗੱਲ ਕੀਤੀ ਕਿ ਪ੍ਰੋਫੈਸਰ ਪੂਰਨ ਸਿੰਘ ਜਾਪਾਨ ਗਏ ਸਨ ਅਤੇ ਉਨ੍ਹਾਂ ਨੇ ਉਸ ਮੁਲਕ ਬਾਰੇ ਲਿਖਿਆ ਹੈ। ਮਨ ਵਿੱਚ ਖ਼ਿਆਲ ਜ਼ਰੂਰ ਆਇਆ ਕਿ ਮੈਂ ਪੂਰਨ ਸਿੰਘ ਦੀਆਂ ਰਚਨਾਵਾਂ ਪੜ੍ਹਾਂ ਪਰ ਹੋਰ ਰੁਝੇਵਿਆਂ ਕਰਕੇ ਕਦੇ ਮੌਕਾ ਨਹੀਂ ਮਿਲਿਆ।
ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੈ, ਮੁੰਬਈ ਯੂਨੀਵਰਸਿਟੀ ਦੇ ਉਰਦੂ ਵਿਭਾਗ ਵਿੱਚ ਦੋ-ਚਾਰ ਵਾਰ ਜਾਪਾਨ ਦੀ ਗੱਲ ਕਰਨ ਦਾ ਮੌਕਾ ਮਿਲਿਆ। ਸੁਣਨ ਵਾਲਿਆਂ ਨੇ ਮੈਨੂੰ ਉੱਥੋਂ ਬਾਰੇ ਆਪਣੇ ਅਨੁਭਵ ਲਿਖਣ ਬਾਰੇ ਪ੍ਰੇਰਿਤ ਕੀਤਾ। ਮੇਰੇ ਮਨ ਵਿੱਚ ਵੀ ਤਾਂਘ ਸੀ ਕਿ ਇਸ ਬਾਰੇ ਜ਼ਰੂਰ ਕੁਝ ਲਿਖਾਂ। ਥੋੜ੍ਹਾ ਬਹੁਤ ਲਿਖਿਆ ਵੀ ਪਰ ਜ਼ਿਆਦਾ ਨਹੀਂ।
ਸ਼ਾਇਦ ਦੋ ਕੁ ਸਾਲ ਪਹਿਲਾਂ ਇੱਕ ਮਿੱਤਰ ਨੇ ਜਾਪਾਨੀ ਵਿੱਚ ਲਿਖੇ ਦੋ-ਤਿੰਨ ਪੰਨਿਆਂ ਦਾ ਅੰਗਰੇਜ਼ੀ ਅਨੁਵਾਦ ਕਰਵਾਇਆ। ਉਹ ਸਫ਼ੇ ਪੂਰਨ ਸਿੰਘ ਦੇ ਇੱਕ ਰਸਾਲੇ ਬਾਰੇ ਸਨ ਜੋ ਉਨ੍ਹਾਂ ਨੇ ਜਾਪਾਨ ਵਿੱਚ ਰਹਿੰਦਿਆਂ ਸੰਪਾਦਿਤ ਕੀਤਾ ਸੀ।
ਛੇ ਕੁ ਮਹੀਨੇ ਪਹਿਲਾਂ ਫੇਸਬੁੱਕ ’ਤੇ ਇੱਕ ਪੋਸਟ ਦੇਖੀ ਕਿ ਪੂਰਨ ਸਿੰਘ ਬਾਰੇ ਕਿਸੇ ਨੇ ਕਿਤਾਬ ਲਿਖੀ ਹੈ। ਮੈਂ ਆਰਡਰ ਕਰ ਦਿੱਤੀ, ਪੈਸੇ ਵੀ ਭੇਜ ਦਿੱਤੇ ਪਰ ਕਿਤਾਬ ਨਾ ਮਿਲੀ। ਉਨ੍ਹੀਂ ਹੀ ਦਿਨੀਂ ਪ੍ਰੋਫੈਸਰ ਪੂਰਨ ਸਿੰਘ ਦੀ ਜ਼ਿੰਦਗੀ ਬਾਰੇ ਇੰਟਰਨੈੱਟ ’ਤੇ ਦੋ ਕਿਤਾਬਾਂ ਮਿਲ ਗਈਆਂ। ਦੋ-ਤਿੰਨ ਦਿਨਾਂ ਵਿੱਚ ਪੜ੍ਹ ਦਿੱਤੀਆਂ। ਮਹੀਨਾ ਕੁ ਪਹਿਲਾਂ ਇੱਕ ਮਿੱਤਰ ਨੇ ਪੂਰਨ ਸਿੰਘ ਬਾਰੇ ਲਿਖੀ ਉਹ ਕਿਤਾਬ ਭੇਜੀ ਜਿਸ ਲਈ ਮੈਂ ਦੋ ਸਫ਼ਿਆਂ ਦਾ ਅਨੁਵਾਦ ਕੀਤਾ ਸੀ। ਉਸ ਨੇ ਪੂਰਨ ਸਿੰਘ ਦੀ ਸੁਪਤਨੀ ਮਾਇਆ ਦੇਵੀ ਦੀ ਕਿਤਾਬ ਦੀ ਪੀਡੀਐਫ ਵੀ ਭੇਜ ਦਿੱਤੀ। ਸਾਰੀਆਂ ਕਿਤਾਬਾਂ ਪੜ੍ਹਨ ਤੋਂ ਪਤਾ ਲੱਗਾ ਕਿ ਪ੍ਰੋਫੈਸਰ ਸਾਹਿਬ ਨੇ ਆਪਣੇ ਅਨੁਭਵਾਂ ਨੂੰ ਬੜੀ ਬੇਬਾਕੀ ਤੇ ਸ਼ਿੱਦਤ ਨਾਲ ਲਿਖਿਆ ਹੈ। ਸਾਰੀਆਂ ਕਿਤਾਬਾਂ ਵਿੱੱਚੋਂ ਤੋਲ-ਫਰੋਲ ਕੇ ਦੇਖਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੀਆਂ ਲਿਖਤਾਂ ਦੇ ਲਗਭਗ 150 ਪੰਨੇ ਨਿਰੋਲ ਜਾਪਾਨ ਬਾਰੇ ਹਨ। ਮਨ ਵਿੱਚ ਵਲਵਲਾ ਉੱਠਿਆ ਕਿ ਕਿਉਂ ਨਾ ਪੂਰਨ ਸਿੰਘ ਦੇ ਸਿਰਫ਼ ਜਾਪਾਨੀ ਅਨੁਭਵਾਂ ਨੂੰ ਕਿਤਾਬ ਦਾ ਰੂਪ ਦਿੱਤਾ ਜਾਵੇ ਤੇ ਬਾਅਦ ਵਿੱਚ ਉਹਦਾ ਅਨੁਵਾਦ ਜਾਪਾਨੀ ਵਿੱਚ ਕੀਤਾ ਜਾਵੇ!
ਪਿਛਲੇ ਹਫ਼ਤੇ ਮੈਂ ਕਿਸੇ ਜਾਪਾਨੀ ਮਿੱਤਰ ਨਾਲ ਟੋਕੀਓ ਦੇ ਇੱਕ ਰੈਸਤਰਾਂ ਵਿੱਚ ਬੈਠਾ ਹੋਇਆ ਸੀ। ਪਤਾ ਨਹੀਂ ਕਿਵੇਂ ਪੂਰਨ ਸਿੰਘ ਦੀਆਂ ਲਿਖਤਾਂ ਦੀ ਗੱਲ ਨਿਕਲ ਆਈ। ਮੈਂ ਪ੍ਰੋਫੈਸਰ ਸਾਹਿਬ ਦੇ ਚਾਰ-ਪੰਜ ਅਨੁਭਵ ਮਿੱਤਰ ਨਾਲ ਸਾਂਝੇ ਕੀਤੇ। ਜ਼ਾਹਿਰ ਹੈ ਜਾਪਾਨੀ ਵਿੱਚ ਪਰ ਜਿੱੱਥੋਂ ਤੱਕ ਹੋ ਸਕਿਆ ਪੂਰਨ ਸਿੰਘ ਦੀ ਆਬਸ਼ਾਰ ਵਰਗੀ, ਗੜਗੜਾਉਂਦੀ, ਨੱਚਦੀ ਗਾਉਂਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ-ਕਰਦੇ ਜਾਪਾਨੀ ਦੋਸਤ ਦੇ ਚਿਹਰੇ ਦੇ ਹਾਵਭਾਵ ਦੇਖਣ ਵਾਲੇ ਸਨ! ਤੁਰੰਤ ਕਹਿਣ ਲੱਗੀ ਕਿ ਤੁਸੀਂ ਇਸ ਲੇਖਕ ਦੀ ਕਿਤਾਬ ਦਾ ਅਨੁਵਾਦ ਸ਼ੁਰੂ ਕਰੋ, ਪ੍ਰਕਾਸ਼ਨ ਦਾ ਕੰਮ ਮੇਰਾ! ਕਿਹੜੇ ਸਨ ਉਹ ਅਨੁਭਵ ਜਿਨ੍ਹਾਂ ਨੂੰ ਸੁਣ ਕੇ ਜਾਪਾਨੀ ਕੰਪਨੀ ਦੀ ਮਾਲਕ, ਪੂਰਨ ਸਿੰਘ ਦੇ ਅਨੁਭਵਾਂ ਦੀ ਕਿਤਾਬ ਨੂੰ ਜਾਪਾਨੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੁੰਦਾ ਦੇਖਣਾ ਚਾਹੁੰਦੀ ਹੈ? - ਜਾਪਾਨੀ ਲੜਕੀਆਂ ਦੀ ਸੁੰਦਰਤਾ ਤੇ ਸੁਤੰਤਰਤਾ, ਜਾਪਾਨੀ ਔਰਤ ਦਾ ਰਹਿਣ-ਸਹਿਣ ਤੇ ਚਾਲ-ਚਲਣ, ਜਾਪਾਨੀ ਬੱਚਿਆਂ ਦਾ ਪਾਲਣ ਪੋਸ਼ਣ, ਜਾਪਾਨੀ ਲੋਕਾਂ ਦੀ ਧਰਮ ਨਿਰਲੇਪਤਾ, ਸਾਹਿਤ ਨਾਲ ਸਨੇਹ, ਉਨ੍ਹਾਂ ਦਾ ‘ਘਰ’ ਦਾ ਸੰਕਲਪ, ਦੇਸ਼ ਭਗਤੀ ਅਤੇ ਜਾਪਾਨੀ ਕੌਮ ਤੇ ਕੁਦਰਤ।
ਪੂਰਨ ਸਿੰਘ ਦੀਆਂ ਕਿਤਾਬਾਂ ਵਿੱਚ ਉਲੀਕੇ ਤੇ ਚਿਤਰੇ, ਸਜਾਏ ਤੇ ਸਵਾਰੇ ਜਾਪਾਨ ਦੀ ਮੂਰਤ ਤੇ ਸੂਰਤ ਕਿਸੇ ਵੀ ਭਾਰਤੀ ਬਾਸ਼ਿੰਦੇ ਦੁਆਰਾ ਤਿਆਰ ਕੀਤਾ ਪਹਿਲਾ ਮੁਕੰਮਲ ਦਸਤਾਵੇਜ਼ ਹੈ। ਬੇਸ਼ੱਕ ਮਵਾਦ ਕਈਆਂ ਕਿਤਾਬਾਂ, ਨੋਟਾਂ ਤੇ ਰਸਾਲਿਆਂ ਵਿੱਚ ਖਿੱਲਰਿਆ ਹੋਇਆ ਹੈ ਅਤੇ ਇਕੱਠਾ ਕਰਨ ਦੀ ਮਿਹਨਤ ਦਰਕਾਰ ਹੈ, ਪਰ ਹੈ ਇਹ ਪੂਰਾ! ਪੂਰਨ ਸਿੰਘ ਤੋਂ ਪਹਿਲਾਂ ਸਿਰਫ਼ ਇੱਕ ਭਾਰਤੀ ਨੇ ਜਾਪਾਨ ਬਾਰੇ ਖੁੱਲ੍ਹ ਕੇ ਲਿਖਿਆ ਹੈ ਅਤੇ ਉਹ ਹੈ ਸਵਾਮੀ ਵਿਵੇਕਾਨੰਦ। 1893 ਵਿੱਚ ਅਮਰੀਕਾ ਜਾਂਦਿਆਂ ਸਵਾਮੀ ਵਿਵੇਕਾਨੰਦ ਇੱਕ ਮਹੀਨਾ ਉੱਥੇ ਰੁਕੇ ਅਤੇ ਜਾਪਾਨੀ ਸੱਭਿਅਤਾ ਬਾਰੇ ਕੁਝ ਲੇਖ ਲਿਖੇ ਸਨ ਪਰ ਉਹ ਲੇਖ ਸਿਰਫ਼ ਇੱਕ ਯਾਤਰੀ ਦੇ ਸਨ ਜਿਸ ਨੇ ਪਹਿਲੀ ਝਲਕ ਵਿੱਚ ਜੋ ਵੇਖਿਆ ਉਹ ਲਿਖ ਦਿੱਤਾ। ਦੂਜੀ ਤਰਫ਼ ਪੂਰਨ ਸਿੰਘ ਨੇ ਚਾਰ ਸਾਲ ਜਾਪਾਨ ਵਿੱਚ ਗੁਜ਼ਾਰੇ, ਲੋਕਾਂ ਵਿੱਚ ਰਹੇ, ਉੱਥੋਂ ਦੀ ਭਾਸ਼ਾ ’ਤੇ ਵੀ ਕੁਝ ਹੱਦ ਤਕ ਪਕੜ ਹਾਸਲ ਕੀਤੀ ਤੇ ਫਿਰ ਆਪਣੇ ਅਨੁਭਵ ਲਿਖੇ।
1995 ਵਿੱਚ ਮੈਂ ਜਦੋਂ ਹਾਲੇ ਜਾਪਾਨ ਗਿਆ-ਗਿਆ ਹੀ ਸੀ, ਜਾਪਾਨ ਅਤੇ ਭਾਰਤ ਸਬੰਧੀ ਅਕਾਦਮਿਕ ਸੰਸਥਾਨ ਲੱਭ ਰਿਹਾ ਸੀ ਤਾਂ ਕਿ ਵਿਦਵਾਨਾਂ ਨਾਲ ਜੁੜਿਆ ਜਾ ਸਕੇ। ਉਨ੍ਹਾਂ ਦਿਨਾਂ ਵਿੱਚ ਜਾਪਾਨ ਵਿੱਚ ਕਾਰੋਬਾਰੀ ਭਾਰਤੀ ਵੀ ਬਹੁਤ ਘੱਟ ਸਨ ਤੇ ਵਿਦਿਆਰਥੀ ਵੀ। ਹੈਰਾਨੀ ਵਾਲੀ ਗੱਲ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 1900 ਤੋਂ ਲੈ ਕੇ 1995 ਤੱਕ ਕੋਈ ਜ਼ਿਆਦਾ ਫਰਕ ਨਹੀਂ ਸੀ ਆਇਆ! ਮੇਰੇ ਵੇਲੇ 15-20 ਹੋਣਗੇ ਸਾਰੇ ਜਾਪਾਨ ਵਿੱਚ ਅਤੇ ਪੂਰਨ ਸਿੰਘ ਵੇਲੇ 10-12। ਉਦੋਂ ਵੀ ਜ਼ਿਆਦਾਤਰ ਬੰਗਾਲੀ ਤੇ ਮਰਾਠੀ ਸਨ, ਹੁਣ ਵੀ ਉਹੋ ਹੀ ਹਾਲ ਸੀ। ਖ਼ੈਰ, ਮੈਨੂੰ ਪਤਾ ਲੱਗਾ ਕਿ ਭਾਰਤ ਅਤੇ ਜਾਪਾਨ ਬਾਰੇ ਸਭ ਤੋਂ ਪੁਰਾਣਾ ਤੇ ਪ੍ਰਸਿੱਧ ਸੰਗਠਨ ‘ਇੰਡੋ-ਜਾਪਾਨ ਐਸੋਸੀਏਸ਼ਨ’ ਹੈ। ਉਨ੍ਹੀਂ ਦਿਨੀਂ ਐਸੋਸੀਏਸ਼ਨ ਦੀ ਮੀਟਿੰਗ ਮਹੀਨੇ ਵਿੱਚ ਇੱਕ ਵਾਰ ਹੁੰਦੀ ਸੀ ਤੇ ਇੱਕ ਰਸਾਲਾ ਵੀ ਨਿਕਲਦਾ ਸੀ। ਅਗਲੀ ਮੀਟਿੰਗ ਵਿੱਚ ਮੈਂ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਵੀ ਲੈ ਲਈ। ਉਸ ਮੀਟਿੰਗ ਵਿੱਚ ਪੰਜ-ਛੇ ਜਾਪਾਨੀ ਤੇ ਤਿੰਨ-ਚਾਰ ਭਾਰਤੀ ਸਨ ਜਿਨ੍ਹਾਂ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋਫੈਸਰ ਮੰਜੂ ਚੌਹਾਨ ਵੀ ਸੀ ਜੋ ਨੌਂ ਮਹੀਨਿਆਂ ਲਈ ਕਿਸੇ ਫੈਲੋਸ਼ਿਪ ’ਤੇ ਉੱਥੇ ਗਈ ਸੀ।
ਚੰਦ ਰੋਜ਼ ਪਹਿਲਾਂ ਜਾਣੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਤੋਂ ਲਗਭਗ 29 ਸਾਲ ਬਾਅਦ ਪਤਾ ਲੱਗਾ ਕਿ ਇਸ ਦੀ ਨੀਂਹ 1902 ਵਿੱਚ ਪੂਰਨ ਸਿੰਘ ਨੇ ਕੁਝ ਜਾਪਾਨੀ ਮਿੱਤਰਾਂ ਤੇ ਸ਼ੁਭਚਿੰਤਕਾਂ ਦੇ ਸਹਿਯੋਗ ਨਾਲ ਰੱਖੀ ਸੀ ਜਿਨ੍ਹਾਂ ਵਿੱਚ ਡਾਕਟਰ ਤਾਕਾਕੁਤਸੁ, ਸਾਕੁਰਾ, ਹੀਰਾਈ, ਯਾਮਾਗਾਤਾ, ਮੁਰਾਈ ਹੋਂਦਾ ਤੇ ਯੂਆਸਾ ਵੀ ਸ਼ਾਮਲ ਸਨ। ਇੱਕੀ ਵਰ੍ਹਿਆਂ ਦਾ ਪੂਰਨ ਸਿੰਘ ਇਸ ਸੰਸਥਾ ਦਾ ਸਕੱਤਰ ਬਣਿਆ। ਸੰਸਥਾ ਦਾ ਮੰਤਵ ਜਾਪਾਨ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਭਲਾਈ, ਭਾਰਤ ਤੋਂ ਆਏ ਮਹਿਮਾਨਾਂ ਦਾ ਸਵਾਗਤ ਤੇ ਆਜ਼ਾਦੀ ਦੇ ਸੰਘਰਸ਼ ਲਈ ਲੈਕਚਰ ਕਰਵਾਉਣਾ ਸੀ। ਅਗਲੇ ਹੀ ਸਾਲ ਜਾਣੀ 1903 ਵਿੱਚ ਕੁਝ ਮੰਨੇ-ਪ੍ਰਮੰਨੇ ਜਾਪਾਨੀ ਬੁੱਧੀਜੀਵੀ ਤੇ ਰਾਜਨੀਤਿਕ ਨੇਤਾ ਵੀ ਐਸੋਸੀਏਸ਼ਨ ਨਾਲ ਜੁੜ ਗਏ। ਐਸੋਸੀਏਸ਼ਨ ਇੱਕ ਤਰ੍ਹਾਂ ਨਾਲ ਭਾਰਤੀ ਵਿਦਿਆਰਥੀਆਂ ਦਾ ਗੜ੍ਹ ਬਣ ਗਈ ਸੀ। ਲੰਡਨ ਵਿੱਚ 1905 ਵਿੱਚ ਇੰਡੀਆ ਹਾਊਸ ਬਣਨ ਤੋਂ ਬਾਅਦ ਇੰਡੋ-ਜਾਪਾਨ ਐਸੋਸੀਏਸ਼ਨ ਨੇ ਇੱਕ ਤਰ੍ਹਾਂ ਟੋਕੀਓ ਵਿੱਚ ਇੰਡੀਆ ਹਾਊਸ ਦੀ ਭੂਮਿਕਾ ਨਿਭਾਈ। 1910 ਦੇ ਦਹਾਕੇ ਵਿੱਚ ਲਾਲਾ ਲਾਜਪਤ ਰਾਏ, ਰਾਸ ਬਿਹਾਰੀ ਬੋਸ ਤੇ ਰਾਬਿੰਦਰ ਨਾਥ ਟੈਗੋਰ ਵਰਗੇ ਰਾਸ਼ਟਰੀ ਨੇਤਾਵਾਂ ਨੇ ਵੀ ਇੱਥੇ ਭਾਸ਼ਣ ਦਿੱਤੇ। 1939 ਵਿੱਚ ਇੰਡੋ-ਜਾਪਾਨ ਐਸੋਸੀਏਸ਼ਨ ਨੂੰ ਜਾਪਾਨ ਵੱਲੋਂ ਸਰਕਾਰੀ ਮਾਨਤਾ ਮਿਲੀ ਤੇ ਇਸ ਨੇ 1940 ਦੇ ਦਹਾਕੇ ਵਿੱਚ ਭਾਰਤ ਦੀ ਆਜ਼ਾਦੀ ਦੇ ਘੋਲ ਵਿੱਚ ਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ ਇਸ ਸੰਸਥਾ ਦੇ ਪ੍ਰਧਾਨ, ਜਾਪਾਨ ਦੇ ਪ੍ਰਧਾਨ ਮੰਤਰੀ ਵੀ ਰਹੇ। ਅੱਜਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਯੋਸ਼ੀਰੋ ਮੋਰੀ ਇਸ ਦੇ ਪ੍ਰਧਾਨ ਹਨ।
ਪਿਛਲੇ ਹਫ਼ਤੇ ਮੈਂ ਜਾਪਾਨ ਤੋਂ ਭਾਰਤ ਆਉਣਾ ਸੀ। ਸੋਚਿਆ ਇੱਕ ਭਾਰਤੀ, ਪੰਜਾਬੀ ਅਤੇ ਸਿੱਖ ਦੇ ਤੌਰ ’ਤੇ ਟੋਕੀਓ ਯੂਨੀਵਰਸਿਟੀ ਵਿੱਚ ਆਪਣੇ ਸੀਨੀਅਰ ਵਜੋਂ ਪ੍ਰੋਫੈਸਰ ਪੂਰਨ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰ ਆਵਾਂ। ਮੈਂ ਉਨ੍ਹਾਂ ਸਾਰੀਆਂ ਥਾਵਾਂ ’ਤੇ ਸਿਜਦਾ ਕੀਤਾ ਜਿਨ੍ਹਾਂ ਨੂੰ ਬਾਈ-ਤੇਈ ਸਾਲ ਦੇ ਸਵਾਮੀ ਪੂਰਨ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ, ਮਸਲਨ ਟੋਕੀਓ ਯੂਨੀਵਰਸਿਟੀ, ਟੋਕੀਓ ਸ਼ਹਿਰ ਦਾ ਹੋਂਗੌ ਇਲਾਕਾ ਜਿੱਥੇ ਉਹ ਰਹਿੰਦੇ ਰਹੇ, ਉੱਥੋਂ ਦੀ ਗਲੀਆਂ-ਕੂਚੇ, ਯੂਨੀਵਰਸਿਟੀ ਦੇ ਨਾਲ ਲੱਗਦਾ ਮਸ਼ਹੂਰ ਉਏਨੋ ਪਾਰਕ, ਪਾਰਕ ਦੇ ਵਿੱਚ ਸਾਕੂਰਾ ਦੇ ਦਰੱਖ਼ਤਾਂ ਦੀਆਂ ਲੰਮੀਆਂ ਪਾਲਾਂ, ਪਾਰਕ ਵਿੱਚ ਬੁੱਧ ਮੰਦਿਰ ਤੇ ਕੰਵਲ ਫੁੱਲਾਂ ਦੇ ਦੋ-ਤਿੰਨ ਵਿਸ਼ਾਲ ਤਲਾਬ। ਪ੍ਰੋਫੈਸਰ ਪੂਰਨ ਸਿੰਘ, ਜੋ ਉਸ ਵੇਲੇ ਸਵਾਮੀ ਦੇ ਗੇਰੂਏ ਭੇਸ ਵਿੱਚ ਸਨ, ਆਪਣੀਆਂ ਲਿਖਤਾਂ ਵਿੱਚ ਇਨ੍ਹਾਂ ਸਾਰੀਆਂ ਥਾਵਾਂ ਦਾ ਜ਼ਿਕਰ ਕਰਦੇ-ਕਰਦੇ ਭਾਵੁਕਤਾ ਦੇ ਪ੍ਰਚੰਡ ਵੇਗ ਵਿੱਚ ਇੰਜ ਵਹਿ ਜਾਂਦੇ ਸਨ ਜਿਵੇਂ ਗੰਗੋਤਰੀ ਦੇ ਗੋਮੁੱਖ ਦੇ ਦਹਾਨੇ ’ਤੇ ਉੱਗਿਆ ਫੁੱਲ ਗੰਗਾ ਦੇ ਵੇਗ ਵਿੱਚ ਵਹਿ ਜਾਂਦਾ ਹੈ।
ਪੂਰਨ ਸਿੰਘ ਨਾਲ ਜੁੜੇ ਸਾਰੇ ਤੀਰਥਾਂ ਦੀ ਪਰਿਕਰਮਾ ਕਰਦਿਆਂ ਮੈਨੂੰ ਇੰਜ ਲੱਗਾ ਜਿਵੇਂ ਸਵਾਮੀ ਦੀ ਆਤਮਾ ਦਾ ਰੰਗ ਅੱਜ ਵੀ ਕਮਲ ਦੇ ਫੁੱਲਾਂ ਦੇ ਰੂਪ ਨੂੰ ਅਲੌਕਿਕ ਚਮਕ ਪ੍ਰਦਾਨ ਕਰ ਰਿਹਾ ਹੋਵੇ। ਚਲਦਿਆਂ-ਚਲਦਿਆਂ, ਇੱਕ ਬੁੱਢੇ ਸਾਕੂਰਾ ਦੇ ਦਰੱਖਤ ਦੀ ਇੱਕ ਟਹਿਣੀ ਮੇਰੇ ਸਿਰ ਨੂੰ ਛੂਹ ਗਈ। ਮੈਨੂੰ ਲੱਗਿਆ ਜਿਵੇਂ ਪੂਰਨ ਦਾ ਵਤਨੀ ਦੇਖ ਮੇਰੇ ਵਿੱਚ ਪੂਰਨ ਦੀ ਨੁਹਾਰ ਲੱਭ ਰਹੀ ਹੋਵੇ ਜਾਂ ਫਿਰ ਉਹਦੇ ਲਈ ਕੋਈ ਸੁਨੇਹਾ ਦੇ ਰਹੀ ਹੋਵੇ!
ਸੰਪਰਕ: 99671-74568

Advertisement

Advertisement
Advertisement