ਪ੍ਰੋ. ਮੋਹਨ ਸਿੰਘ ਮੇਲਾ ਮਿੱਠੀਆਂ ਯਾਦਾਂ ਛੱਡਦਾ ਸਮਾਪਤ
ਸਤਵਿੰਦਰ ਬਸਰਾ
ਲੁਧਿਆਣਾ, 21 ਅਕਤੂਬਰ
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਵਾਇਆ 46ਵਾਂ ਪ੍ਰੋ. ਮੋਹਨ ਸਿੰਘ ਮੇਲਾ ਮਿੱਠੀਆਂ ਯਾਦਾਂ ਛੱਡਦਾ ਅੱਜ ਸ਼ਾਮ ਸਮਾਪਤ ਹੋ ਗਿਆ। ਮੇਲੇ ਵਿੱਚ ਜਿੱਥੇ ਪੰਜਾਬੀ ਰਵਾਇਤੀ ਗਾਇਕੀ ਦਾ ਖੁੱਲ੍ਹਾ ਅਖਾੜਾ ਲੱਗਾ ਉੱਥੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਅਤੇ ਡਾ. ਏਵੀਐੱਮ ਐਜੂਕੇਸ਼ਨਲ ਸੁਸਾਇਟੀ ਵੱਲੋਂ ਇਹ ਮੇਲਾ ਸਥਾਨਕ ਡਾ. ਏਵੀਐੱਮ ਪਬਲਿਕ ਸਕੂਲ ਵਿੱਚ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰਗਟ ਸਿੰਘ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਇਹ ਮੇਲਾ ਜਗਦੇਵ ਸਿੰਘ ਜੱਸੋਵਾਲ ਵੱਲੋਂ ਆਪਣੇ ਦੋਸਤ ਪ੍ਰੋ. ਮੋਹਨ ਸਿੰਘ ਦੀ ਨਿੱਘੀ ਯਾਦ ਵਿੱਚ ਕਰਵਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਮੌਕੇ ਜਿੱਥੇ ਨਵਜੋਤ ਸਿੰਘ ਜਰਗ ਅਤੇ ਸਾਥੀਆਂ ਵੱਲੋਂ ਪੰਜਾਬੀ ਰਵਾਇਤੀ ਗਾਇਕੀ ਪੇਸ਼ ਕੀਤੀ ਗਈ ਉੱਥੇ ਏਵੀਐੱਮ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚ ਪੇਸ਼ ਕੀਤੇ ਗਏ। ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਅਤੇ ਸਵਾਗਤੀ ਕਮੇਟੀ ਦੇ ਚੇਅਰਮੈਨ ਅਮਰਿੰਦਰ ਸਿੰਘ ਜੱਸੋਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬੀ ਭਵਨ ਵਿੱਚ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਗੁਰਭਜਨ ਸਿੰਘ ਗਿੱਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ. ਨਿਰਮਲ ਜੋੜਾ, ਗਾਇਕ ਮੁਹੰਮਦ ਸਦੀਕ, ਪੰਜਾਬੀ ਸੂਫੀ ਗਾਇਕਾ ਜਯੋਤੀ ਨੂਰਾਂ, ਦੀਪ ਢਿੱਲੋਂ ਅਤੇ ਜੈਸਮੀਨ, ਹਰਜਿੰਦਰ ਕੰਗ, ਓਲੰਪੀਅਨ ਹਰਵੰਤ ਕੌਰ, ਨਿਰਮਲ ਸਿੰਘ ਅਮਰੀਕਾ, ਰਾਜ ਝੱਜ ਕੈਨੇਡਾ, ਦੀਪ ਢਿਲੋਂ ਅਤੇ ਤੇਜਵੰਤ ਕਿੱਟੂ ਦਾ ਸਨਮਾਨ ਕੀਤਾ ਗਿਆ। ਮਗਰੋਂ ਜਯੋਤੀ ਨੂਰਾਂ, ਦੀਪ ਢਿੱਲੋਂ ਅਤੇ ਜੈਸਮੀਨ, ਰਵਿੰਦਰ ਗਰੇਵਾਲ, ਆਤਮਾ ਬੁਢੇਵਾਲੀਆ, ਜਸਵੰਤ ਸੰਦੀਲਾ, ਸ਼ਾਲਿਨੀ ਜਮਵਾਲ, ਹੈਪੀ ਡੇਹਲੋਂ ਅਤੇ ਲਵ ਮਨਜੋਤ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ।