ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਦੀਆਂ ਸਮੱਸਿਆਵਾਂ ਅਤੇ ਹੱਲ
ਸਰਵਪ੍ਰਿਆ ਸਿੰਘ* ਦਿਲਪ੍ਰੀਤ ਤਲਵਾੜ**
ਸਬਜ਼ੀਆਂ ਦੀ ਕਾਸ਼ਤ ਸਰਦ ਰੁੱਤ, ਬਹਾਰ ਰੁੱਤ, ਗਰਮ ਰੁੱਤ ਅਤੇ ਬਰਸਾਤ ਰੁੱਤ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਸਭ ਤੋਂ ਚੁਣੌਤੀਆਂ ਭਰਿਆ ਸਮਾਂ ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਸਮੇਂ ਆਉਂਦਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾ ਬਰਸਾਤ ਪੈਣ ਨਾਲ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ, ਇਸ ਨਾਲ ਪੌਦੇ ਪੀਲੇ ਪੈ ਜਾਂਦੇ ਹਨ। ਜ਼ਿਆਦਾ ਨਮੀ ਅਤੇ ਉੱਚ ਤਾਪਮਾਨ ਹੋਣ ਕਰ ਕੇ ਬਿਮਾਰੀਆਂ ਦਾ ਕਹਿਰ, ਕੀੜਿਆਂ ਦਾ ਹਮਲਾ ਅਤੇ ਤੱਤਾਂ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ। ਇਸ ਰੁੱਤ ਵਿੱਚ ਨਦੀਨਾਂ ਦੀ ਵੀ ਕਾਫ਼ੀ ਸਮੱਸਿਆ ਆਉਂਦੀ ਹੈ ਪਰ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇਸ ਸਮੇਂ ਦੌਰਾਨ ਪੈਦਾਵਾਰ ਘੱਟ ਹੋਣ ਕਰ ਕੇ ਪੂਰਤੀ ਘਟ ਜਾਂਦੀ ਹੈ ਅਤੇ ਕੀਮਤ ਵਧ ਜਾਂਦੀ ਹੈ। ਇਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।
ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਦੇ ਫ਼ਾਇਦੇ
*ਗਰਮੀ ਤੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਵਿਚਕਾਰ ਕੜੀ ਜੋੜਨ ਦਾ ਕੰਮ ਕਰਦੀ ਹੈ। ਇਸ ਨਾਲ ਸਾਨੂੰ ਸਾਰਾ ਸਾਲ ਪੌਸ਼ਟਿਕ ਤੱਤ ਵਿਟਾਮਿਨ, ਖਣਿਜ, ਰੇਸ਼ੇ ਆਦਿ ਮਿਲਦੇ ਹਨ।
*ਜੇ ਆਰਥਿਕਤਾ ਦੀ ਗੱਲ ਕਰੀਏ ਤਾਂ ਇਹ ਨਿੱਜੀ ਲੋੜਾਂ ਦੇ ਨਾਲ-ਨਾਲ ਸਾਨੂੰ ਚੰਗੀ ਆਮਦਨ ਵੀ ਦਿੰਦੀਆਂ ਹਨ।
*ਬਰਸਾਤ ਰੁੱਤ ਦੀਆਂ ਸਬਜ਼ੀਆਂ ਫ਼ਸਲੀ ਵੰਨ-ਸਵੰਨਤਾ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।
ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ: ਇਸ ਮੌਸਮ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਘੀਆ ਤੋਰੀ, ਪੇਠਾ, ਹਲਵਾ ਕੱਦੂ, ਕਰੇਲਾ, ਖੀਰਾ, ਭਿੰਡੀ, ਬੈਂਗਣ, ਸਾਉਣੀ ਦੇ ਪਿਆਜ਼ ਅਤੇ ਵਰਖਾ ਰੁੱਤ ਵਾਲੇ ਟਮਾਟਰ ਲਗਾ ਸਕਦੇ ਹਾਂ। ਇਨ੍ਹਾਂ ਵਿੱਚੋਂ ਕੱਦੂ ਜਾਤੀ ਵਾਲੀਆਂ ਸਬਜ਼ੀਆਂ ਜਿਵੇਂ ਘੀਆ ਕੱਦੂ, ਪੇਠਾ, ਹਲਵਾ ਕੱਦੂ ਅਤੇ ਘੀਆ ਤੋਰੀ ਨੂੰ (8-9 ਫੁੱਟ ਚੌੜੇ) ਬੈੱਡ ਜਾਂ ਪਟੜੀਆਂ ਬਣਾ ਕੇ ਲਗਾਉਣੀਆਂ ਚਾਹੀਦੀਆਂ ਹਨ। ਭਿੰਡੀ, ਬੈਂਗਣ, ਪਿਆਜ਼, ਟਮਾਟਰ ਨੂੰ ਬਾਂਸ ਜਾਂ ਸੀਮਿੰਟ ਦੇ ਖੰਭਿਆਂ ਦੀ ਮਦਦ ਨਾਲ ਉੱਪਰ ਵੀ ਚਾੜ੍ਹ ਸਕਦੇ ਹਾਂ ਤਾਂ ਜੋ ਬਰਸਾਤ ਦੌਰਾਨ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ।
ਅਜੈਵਿਕ ਸਮੱਸਿਆਵਾਂ
ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਭਰਨਾ: ਜ਼ਿਆਦਾ ਜਾਂ ਭਾਰੀ ਮੀਂਹ ਪੈਣ ਨਾਲ ਮਿੱਟੀ ਦੇ ਸੁਰਾਖ ਪਾਣੀ ਨਾਲ ਭਰ ਜਾਂਦੇ ਹਨ ਜਿਸ ਨਾਲ ਪੌਦਿਆਂ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਜੜ੍ਹਾਂ ਦਾ ਵਿਕਾਸ ਰੁਕ ਜਾਂਦਾ ਅਤੇ ਬੂਟੇ ਦਾ ਦਮ ਘੁਟਣ ਕਰ ਕੇ ਪੀਲੇ ਪੈ ਜਾਂਦੇ ਹਨ। ਇਸ ਸਮੇਂ ਦੌਰਾਨ ਮਿੱਟੀ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਕਈ ਤਰ੍ਹਾਂ ਦੇ ਉੱਲੀ ਰੋਗ ਜਿਵੇਂ ਪਿਥੀਅਮ, ਫਿਊਜੇਰੀਅਮ ਵਿਲਟ ਆਦਿ ਦੀ ਸਮੱਸਿਆ ਆ ਜਾਂਦੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਸਹੀ ਜਗ੍ਹਾ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਜ਼ਮੀਨ ਬਾਕੀ ਖੇਤਾਂ ਨਾਲੋਂ ਉੱਚੀ ਹੋਵੇ। ਬਿਜਾਈ/ਬੂਟੇ ਲਗਾਉਣ ਸਮੇਂ ਅੱਧੇ ਤੋਂ ਪੌਣਾ ਫੁੱਟ (15-20 ਸੈਂਟੀਮੀਟਰ) ਉੱਚੇ ਬੈੱਡ ਬਣਾਉਣੇ ਚਾਹੀਦੇ ਹਨ। ਖੇਤ ਵਿੱਚ ਪਾਣੀ ਭਰਨ ਦੀ ਹਾਲਤ ਵਿੱਚ ਵਾਧੂ ਪਾਣੀ ਨੂੰ ਕੱਢਣ ਲਈ ਢਲਾਣ ਵਾਲੇ ਪਾਸੇ ਟੋਏ ਪੁੱਟ ਕੇ ਪਾਣੀ ਨੂੰ ਕੱਢਿਆ ਜਾ ਸਕਦਾ ਹੈ।
ਪਰਾਗ ਕਿਰਿਆ ਦਾ ਘਟਣਾ: ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਵਰਖਾ ਰੁੱਤ ਦੌਰਾਨ ਪਰਾਗ ਕਿਰਿਆ ਘੱਟ ਹੋ ਜਾਂਦੀ ਹੈ। ਇਸ ਦਾ ਮੁੱਖ ਕਾਰਨ ਭਾਰੀ ਬਾਰਸ਼, ਹਵਾ ਵਿੱਚ ਜ਼ਿਆਦਾ ਨਮੀ ਹੋਣਾ, ਹਵਾ ਕਾਰਨ ਮਧੂਮੱਖੀਆਂ ਅਤੇ ਤਿਤਲੀਆਂ ਦੀਆਂ ਗਤੀਵਿਧੀਆਂ ਘਟ ਜਾਣਾ ਹੁੰਦਾ ਹੈ। ਸਵੇਰੇ ਸਮੇਂ ਪਰਾਗ ਕਿਰਿਆ ਵਧੇਰੇ ਹੁੰਦੀ ਹੈ। ਵਰਖਾ ਰੁੱਤ ਦੌਰਾਨ ਪਰਾਗ ਕਿਰਿਆ ਨੂੰ ਵਧਾਉਣ ਲਈ ਨਰ ਅਤੇ ਮਾਦਾ ਫੁੱਲਾਂ ਦਾ ਮਿਲਾਪ ਕਰਾਉ ਤਾਂ ਜੋ ਪਰਾਗ ਕਿਰਿਆ ਵਧਾਈ ਜਾ ਸਕੇ। ਬਾਵਰ ਵਿਧੀ ਰਾਹੀਂ ਵੀ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਵਧੇਰੇ ਝਾੜ ਲਿਆ ਜਾ ਸਕਦਾ ਹੈ।
ਬੱਦਲਵਾਈ ਜਾਂ ਘੱਟ ਰੌਸ਼ਨੀ ਦਾ ਫ਼ਸਲਾਂ ਉੱਪਰ ਪ੍ਰਭਾਵ ਤੇ ਹੱਲ: ਆਮ ਹੀ ਦੇਖਿਆ ਜਾਂਦਾ ਹੈ ਕਿ ਬਰਸਾਤ ਵੇਲੇ ਜ਼ਿਆਦਾ ਬੱਦਲਵਾਈ ਹੋਣ ਕਾਰਨ ਸੂਰਜ ਦੀ ਰੋਸ਼ਨੀ ਘਟ ਜਾਂਦੀ ਹੈ। ਇਸ ਨਾਲ ਪੌਦਿਆਂ ਨੂੰ ਭੋਜਨ ਬਣਾਉਣ, ਵਾਧਾ-ਵਿਕਾਸ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਸਾਨੂੰ ਬੂਟਿਆਂ ਨੂੰ ਸਿਫ਼ਾਰਸ਼ ਕੀਤੇ ਹੋਏ ਫ਼ਾਸਲੇ ’ਤੇ ਲਗਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦਾ ਸਹੀ ਵਾਧਾ ਵਿਕਾਸ ਹੋ ਸਕੇ ਅਤੇ ਆਪਸੀ ਮੁਕਾਬਲੇ ਜਾਂ ਤੱਤਾਂ ਦੀ ਪੂਰਤੀ ਹੋ ਸਕੇ।
ਮੀਂਹ ਕਾਰਨ ਜ਼ਮੀਨ ਵਿੱਚੋਂ ਖ਼ੁਰਾਕੀ ਤੱਤਾਂ ਦੀ ਉਪਲੱਬਧਤਾ ਘਟਣੀ: ਭਾਰੀ ਮੀਂਹ ਪੈਣ ਨਾਲ ਮਿੱਟੀ ਵਿੱਚ ਪਾਈ ਹੋਈ ਖਾਦ-ਖ਼ੁਰਾਕ ਧਰਤੀ ਦੀ ਹੇਠਾਂ ਸਤ੍ਵਾ ਵੱਲ ਜਾਣੀ ਸ਼ੁਰੂ ਕਰ ਦਿੰਦੀ ਹੈ ਅਤੇ ਕੁੱਝ ਤੱਤ ਪਾਣੀ ਵਿੱਚ ਘੁਲ ਕੇ ਖੇਤਾਂ ਤੋਂ ਬਾਹਰ ਚਲੇ ਜਾਂਦੇ ਹਨ। ਇਸ ਨਾਲ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਆਰਥਿਕ ਨੁਕਸਾਨ ਵੀ ਹੁੰਦਾ ਹੈ, ਇਸ ਤੋਂ ਬਚਾਅ ਲਈ ਸਾਨੂੰ ਬੈੱਡਾਂ ਦੇ ਵਿਚਕਾਰ ਬਣੀਆਂ ਖਾਲੀਆਂ ਜਾਂ ਵੱਟਾਂ ਦੇ ਨਾਲ ਬਣੀਆਂ ਖਾਲੀਆਂ ਵਿੱਚ ਖਾਦ-ਖ਼ੁਰਾਕ ਪਾ ਕੇ ਮਿੱਟੀ ਲਗਾਉਣੀ ਚਾਹੀਦੀ ਹੈ ਤਾਂ ਜੋ ਖਾਦ-ਖ਼ੁਰਾਕ ਦੀ ਸਹੀ ਵਰਤੋਂ ਕੀਤੀ ਜਾ ਸਕੇ। ਇਸ ਦੇ ਨਾਲ-ਨਾਲ ਸਾਨੂੰ ਉਨ੍ਹਾਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀਆਂ ਖਾਦਾਂ ਹੌਲੀ-ਹੌਲੀ ਤੱਤ ਛੱਡਦੀਆਂ ਹਨ ਜਿਵੇਂ ਸਲਫ਼ਰ ਨਿਪਤ ਯੂਰੀਆ ਅਤੇ ਇਸ ਦੇ ਨਾਲ-ਨਾਲ ਸਾਨੂੰ ਖੇਤ ਵਿੱਚ ਪਰਾਲੀ ਜਾਂ ਪਲਾਸਿਕ ਮਲਚਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ।
ਜੈਵਿਕ ਸਮੱਸਿਆਵਾਂ
ਨਦੀਨ: ਨਦੀਨ ਫ਼ਸਲ ਨਾਲ-ਨਾਲ ਪਾਣੀ, ਖਾਦ-ਖ਼ੁਰਾਕ ਅਤੇ ਸੂਰਜ ਦੀ ਰੌਸ਼ਨੀ ਲਈ ਮੁਕਾਬਲਾ ਕਰਦੇ ਹਨ। ਬਾਰਸ਼ ਨਦੀਨਾਂ ਦੇ ਬੀਜਾਂ ਦੇ ਉੱਗਣ ਲਈ ਕਾਫ਼ੀ ਨਮੀ ਦਿੰਦੀ ਹੈ ਜਿਸ ਨਾਲ ਨਦੀਨਾਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਮਧਾਣਾ, ਮੱਕੜਾ, ਇਟਸਿਟ, ਲੂਣਕ, ਪੁੱਠਕੰਡਾ, ਮੋਥਾ, ਧਤੂਰਾ, ਤਾਂਦਲਾ, ਪੀਲੀ ਬੂਟੀ ਆਦਿ ਕੀੜੇ-ਮਕੌੜਿਆਂ ਨੂੰ ਵੀ ਸੱਦਾ ਦਿੰਦੇ ਹਨ। ਨਦੀਨਾਂ ਦੀ ਰੋਕਥਾਮ ਲਈ ਗੋਡੀ ਜਾਂ ਨਦੀਨਨਾਸ਼ਕ ਦੀ ਵਰਤੋਂ ਕਰੋ, ਖ਼ਾਸ ਕਰ ਸਾਉਣੀ ਦੇ ਪਿਆਜ਼ ਨੂੰ ਨਦੀਨ ਰਹਿਤ ਕਰਨ ਲਈ ਸਿਫ਼ਾਰਸ਼ ਕੀਤੀ ਨਦੀਨਨਾਸ਼ਕਾਂ ਦਾ ਛਿੜਕਾਅ ਕਰੋ।
ਕੀੜੇ-ਮਕੌੜੇ: ਹਵਾ ਵਿੱਚ ਜ਼ਿਆਦਾ ਨਮੀ ਅਤੇ ਤਾਪਮਾਨ ਹੋਣ ਕਾਰਨ, ਰਸ ਚੂਸਣ ਵਾਲੇ ਕੀੜੇ ਜਿਵੇਂ ਚੇਪਾ, ਤੇਲਾ, ਚਿੱਟੀ ਮੱਖੀ ਦਾ ਹਮਲਾ ਬੈਂਗਣ, ਟਮਾਟਰ, ਭਿੰਡੀ ਅਤੇ ਵੇਲਾਂ ਵਾਲੀਆਂ ਸਬਜ਼ੀਆਂ ਵਿੱਚ ਆਮ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਕੀੜਿਆਂ ਤੋਂ ਬਚਾਅ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇ ਇਨ੍ਹਾਂ ਦੀ ਗਿਣਤੀ ਆਰਥਿਕ ਕਗਾਰ ਤੋਂ ਜ਼ਿਆਦਾ ਹੋ ਜਾਵੇ ਤਾਂ ਸਿਫ਼ਾਰਸ਼ ਕੀਟਨਾਸ਼ਕਾਂ ਜਿਵੇਂ ਪੀਏਯੂ ਨਿੰਮ ਦਾ ਘੋਲ 1200 ਮਿਲੀਲਿਟਰ, 40 ਮਿਲੀਲਿਟਰ ਕੋਨਫੀਡੋਰ 17.8 ਐੱਸਐੱਲ ਨੂੰ 100 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਪੱਤੇ ਖਾਣ ਵਾਲੀ ਲਾਲ ਭੂੰਡੀ, ਫਲਾਂ ਅਤੇ ਲਗਰਾਂ ਦੀ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਕੋਰਾਜਨ@80 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਬਿਮਾਰੀਆਂ
ਉੱਲੀ ਰੋਗ ਅਤੇ ਝੁਲਸ ਰੋਗ: ਜ਼ਿਆਦਾ ਨਮੀ ਅਤੇ ਉੱਚ ਤਾਪਮਾਨ ਦੌਰਾਨ ਵੇਲਾਂ ਵਾਲੀਆਂ ਸਬਜ਼ੀਆਂ ਵਿੱਚ ਪੱਤਿਆਂ ’ਤੇ ਧੱਬਿਆਂ ਦਾ ਰੋਗ, ਚਿੱਟੋ ਦਾ ਰੋਗ, ਗਿੱਚੀ ਗਲਣਾ, ਤਣਾ ਗਲਣਾ ਅਤੇ ਝੁਲਸ ਰੋਗ ਆਮ ਦੇਖਣ ਨੂੰ ਮਿਲਦੇ ਹਨ। ਇਸ ਕਾਰਨ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਫਲ ਦਾ ਉਤਪਾਦਨ ਵੀ ਘਟਦਾ ਹੈ। ਇਸ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦਾ ਛਿੜਕਾਅ ਕਰੋ।
ਵਿਸ਼ਾਣੂ ਰੋਗ: ਇਹ ਸਮੱਸਿਆ ਆਮ ਤੌਰ ’ਤੇ ਕੱਦੂ ਜਾਤੀ ਦੀਆਂ ਸਬਜ਼ੀਆਂ, ਟਮਾਟਰ ਅਤੇ ਭਿੰਡੀ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਪੱਤਿਆਂ ਉੱਪਰ ਚਟਾਕ ਪੈਣੇ, ਪੱਤੇ ਸੁੰਗੜ ਕੇ ਮੁੜ ਜਾਣੇ, ਪੱਤਿਆਂ ਦੀਆਂ ਨਾੜਾਂ ਪੀਲੀਆਂ ਪੈ ਜਾਣੀਆਂ ਆਦਿ ਹਨ। ਇਸ ਬਿਮਾਰੀ ਤੋਂ ਬਚਾਅ ਲਈ ਬੂਟੇ ਪੁੱਟ ਕੇ ਦੱਬ ਦੇਣੇ ਚਾਹੀਦੇ ਹਨ ਅਤੇ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਚਿੱਟੀ ਮੱਖੀ ਇਸ ਬਿਮਾਰੀ ਨੂੰ ਫੈਲਾਉਂਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰੋ। ਜਿਵੇਂ ਕਿ ਹਲਵਾ ਕੱਦੂ ਦੀ ਪੰਜਾਬ ਨਵਾਬ ਕਿਸਮ, ਟਮਾਟਰ ਦੀਆਂ ਪੰਜਾਬ ਵਰਖਾ ਬਹਾਰ 4, ਪੰਜਾਬ ਵਰਖਾ ਬਹਾਰ 1, ਪੰਜਾਬ ਵਰਖਾ ਬਹਾਰ 2, ਅਤੇ ਭਿੰਡੀ ਦੀਆਂ ਪੰਜਾਬ ਸੁਹਾਵਨੀ, ਪੰਜਾਬ 8 ਕਿਸਮਾਂ ਹਨ।
*ਪੀਏਯੂ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ।
**ਸਬਜ਼ੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।