ਤੀਹ ਰੁਪਏ ਦਾ ਬਰਗਰ
ਡਾ . ਬਿਹਾਰੀ ਮੰਡੇਰ
ਮੇਰੀ ਧੀ ਸਕੂਲ ਅਧਿਆਪਕਾ ਹੈ। ਉਹ ਮੇਰੇ ਨਾਲ ਉਸ ਦੇ ਸਕੂਲ ਸਹਿਕਰਮੀਆਂ ਅਤੇ ਸਕੂਲੀ ਬੱਚਿਆਂ ਦੀਆਂ ਵਿਹਾਰਕ ਸਮੱਸਿਆਵਾਂ ਬਾਰੇ ਅਕਸਰ ਚਰਚਾ ਕਰਦੀ ਰਹਿੰਦੀ ਹੈ। ਅਸੀਂ ਉਨ੍ਹਾਂ ਸਮੱਸਿਆ ਬਾਰੇ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਉਸ ਨੂੰ ਕਾਫੀ ਆਸਾਨੀ ਹੋ ਜਾਂਦੀ ਹੈ ਅਤੇ ਉਸ ਦਾ ਪੜ੍ਹਾਉਣ ਦਾ ਜੋਸ਼ ਬਰਕਰਾਰ ਰਹਿੰਦਾ ਹੈ।
ਸਕੂਲ ਅਧਿਆਪਕ ਦਾ ਬੱਚਿਆਂ ਨਾਲ ਬਹੁਤ ਨੇੜੇ ਦਾ ਸਬੰਧ ਹੁੰਦਾ ਹੈ। ਇਹ ਆਪਾਂ ਭਲੀਭਾਂਤ ਜਾਣਦੇ ਹਾਂ ਕਿ ਸਕੂਲ ਅਧਿਆਪਕ ਦਾ ਮੁੱਖ ਕੰਮ ਬੱਚਿਆਂ ਨੂੰ ਪੜ੍ਹਾਉਣਾ ਜਾਂ ਸਿਖਾਉਣਾ ਹੁੰਦਾ ਹੈ ਲੇਕਿਨ ਜੇਕਰ ਅਧਿਆਪਕ ਸਿਖਾਂਦਰੂ ਰੁਚੀ ਰੱਖਦਾ ਹੋਵੇ (ਜੋ ਅਧਿਆਪਕ ਲਈ ਸਫਲਤਾ ਦੀ ਕੁੰਜੀ ਹੈ), ਫਿਰ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਬੱਚੇ ਆਪਣੀਆਂ ਹਰਕਤਾਂ, ਸ਼ਰਾਰਤਾਂ ਅਤੇ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਰਾਹੀਂ ਬਹੁਤ ਕੁਝ ਵੱਡਾ ਵੀ ਸਿਖਾ ਜਾਂਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਚੰਗੀ ਯਾਦ ਸ਼ਕਤੀ ਹੀ ਮਨੁੱਖ ਨੂੰ ਮਹਾਨ ਬਣਾਉਂਦੀ ਹੈ ਲੇਕਿਨ ਸਾਡੀ ਜ਼ਿੰਦਗੀ ਦੌਰਾਨ ਕਈ ਖੱਟੀਆਂ ਮਿੱਠੀਆਂ ਅਤੇ ਕੌੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਚਿਰ ਸਦੀਵੀ ਸਾਡੇ ਜਿ਼ਹਨ ਵਿੱਚ ਰਹਿੰਦੀਆਂ ਹਨ, ਫਿਰ ਵੀ ਸਾਨੂੰ ਨਿੱਤ ਵਾਪਰਦੀਆਂ ਘਟਨਾਵਾਂ ਨੂੰ ਅੱਖੋਂ ਪਰੋਖੇ ਕਰ ਕੇ ਅਗਾਂਹ ਤੁਰਨਾ ਪੈਂਦਾ ਹੈ; ਜਾਂ ਕਹੀਏ ਕਿ ਉਨ੍ਹਾਂ ਵਾਪਰੀਆਂ ਘਟਨਾਵਾਂ ਨੂੰ ਛੱਡਣਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਉਨ੍ਹਾਂ ਘਟਨਾਵਾਂ ਨੂੰ ਪੱਲੇ ਬੰਨ੍ਹ ਕੇ ਹੀ ਰੱਖੀਏ ਤਾਂ ਜ਼ਿੰਦਗੀ ਵਿੱਚ ਖੜੋਤ ਆਉਣੀ ਸੁਭਾਵਿਕ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਲੈਟ ਗੋ’ ਵੀ ਕਹਿ ਦਿੰਦੇ ਹਾਂ; ਖਾਸ ਕਰ ਕੇ ਜਦੋਂ ਅਸੀਂ ਆਪਣੀ ਕਿਸੇ ਸੰਸਥਾ ਵਿੱਚ ਆਪਣੇ ਸਹਿਕਰਮੀਆਂ ਨਾਲ ਕਾਰਜ ਕਰਦੇ ਹਾਂ ਤਾਂ ਉਥੇ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਹਰ ਰੋਜ਼ ਦੀਆਂ ਛੋਟੀਆਂ-ਛੋਟੀਆਂ ਆਪਸੀ ਰੰਜਿਸ਼ਾਂ ਨੂੰ ਛੱਡਦੇ ਹੋਏ ਅੱਗੇ ਵਧੀਏ ਜਿਸ ਨਾਲ ਸਾਡਾ ਆਪਣੇ ਸਹਿਕਰਮੀਆਂ ਨਾਲ ਵਰਤੋਂ ਵਿਹਾਰ ਦਾ ਤਰੀਕਾ ਵਧੀਆ ਰਹੇਗਾ ਅਤੇ ਸਾਨੂੰ ਆਪਣੇ ਕੰਮ ਕਰਨ ਦਾ ਆਨੰਦ ਪ੍ਰਾਪਤ ਹੋਵੇਗਾ।
ਬੱਚਿਆਂ ਵਿੱਚ ਇਹ ਹੁਨਰ ਵੱਡਿਆਂ ਨਾਲੋਂ ਵਧੇਰੇ ਹੁੰਦਾ ਹੈ; ਬੇਸ਼ੱਕ ਉਹ ਆਪਣੇ ਸਹਿਪਾਠੀਆਂ ਨਾਲ ਹਰ ਰੋਜ਼ ਖਹਿੰਦੇ ਰਹਿੰਦੇ ਹਨ, ਫਿਰ ਵੀ ਉਹ ਇਕੱਠੇ ਰਹਿੰਦੇ ਹਨ।... ਧੀ ਨੇ ਆਪਣੇ ਸਕੂਲ ਵਿੱਚ ਉਸ ਦੀ ਜਮਾਤ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਮੇਰੇ ਨਾਲ ਕੀਤਾ। ਉਸ ਨੇ ਦੱਸਿਆ ਕਿ ਉਸ ਦੀ ਜਮਾਤ ਦੇ ਦੋ ਬੱਚੇ ਆਪਸ ਵਿੱਚ ਲੜ ਪਏ। ਲੜਦਿਆਂ-ਲੜਦਿਆਂ ਇੱਕ ਬੱਚੇ ਕੋਲੋਂ ਦੂਜੇ ਬੱਚੇ ਦੀ ਅੱਖ ਵਿੱਚ ਉਂਗਲ ਵੱਜ ਗਈ। ਅੱਖ ਬੁਰੀ ਤਰ੍ਹਾਂ ਸੁੱਜ ਗਈ ਅਤੇ ਲਾਲ ਹੋ ਗਈ। ਮੈਂ ਕਾਫੀ ਘਬਰਾ ਗਈ। ਬੱਚੇ ਨੂੰ ਸਕੂਲ ਵਿੱਚ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ।
ਛੁੱਟੀ ਹੋਣ ਤੋਂ ਬਾਅਦ ਮੈਂ ਘਰ ਆ ਗਈ ਲੇਕਿਨ ਸਕੂਲ ਵਾਲੀ ਘਟਨਾ ਜਿਹਨ ਵਿੱਚ ਚੱਕਰ ਕੱਢ ਰਹੀ ਸੀ। ਮੈਂ ਸੋਚ ਰਹੀ ਸਾਂ ਕਿ ਕੱਲ੍ਹ ਨੂੰ ਉਸ ਦੇ ਮਾਪੇ ਸਕੂਲ ਵਿੱਚ ਉਲਾਂਭਾ ਲੈ ਕੇ ਆਉਣਗੇ। ਸਾਰੀ ਰਾਤ ਇਸੇ ਚਿੰਤਾ ਵਿੱਚ ਗੁਜ਼ਰੀ। ਦੂਜੇ ਦਿਨ ਮੈਂ ਇਸੇ ਚਿੰਤਾ ਵਿੱਚ ਹੀ ਸਕੂਲ ਪਹੁੰਚੀ। ਜਦ ਮੈਂ ਸਕੂਲੇ ਪਹੁੰਚ ਕੇ ਸਕੂਟਰੀ ਨੂੰ ਸਟੈਂਡ ’ਤੇ ਲਾ ਕੇ ਦਫਤਰ ਵੱਲ ਜਾ ਰਹੀ ਸੀ ਤਾਂ ਕੀ ਦੇਖਦੀ ਹਾਂ ਕਿ ਉਹੀ ਦੋਨੋਂ ਬੱਚੇ ਜੋ ਕੱਲ੍ਹ ਜਮਾਤ ਵਿੱਚ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਉਲਝੇ ਸਨ, ਉਹ ਆਪਸ ਵਿੱਚ ਹੱਸਦੇ ਹੋਏ ਇਕੱਠੇ ਤੁਰੇ ਆ ਰਹੇ ਸਨ। ਮੈਨੂੰ ਬੜਾ ਅਚੰਭਾ ਲੱਗਾ। ਜਦੋਂ ਮੈਂ ਕੋਲ ਆਉਣ ’ਤੇ ਉਨ੍ਹਾਂ ਨੂੰ ਪੁੱਛਿਆ ਕਿ ਕੱਲ੍ਹ ਤਾਂ ਤੁਸੀਂ ਦੋਨੋਂ ਜਣੇ ਜਮਾਤ ਵਿੱਚ ਬੁਰੀ ਤਰ੍ਹਾਂ ਲੜੇ ਸੀ ਤੇ ਅੱਜ ਤੁਸੀਂ ਇਕੱਠੇ ਜੋਟੀ ਪਾਈ ਹੱਸਦੇ ਆ ਰਹੇ ਹੋ? ਜਿਸ ਬੱਚੇ ਦੀ ਅੱਖ ਜ਼ਖ਼ਮੀ ਹੋਈ ਸੀ, ਉਹ ਬੋਲਿਆ ਕਿ ਮੈਡਮ ਜੀ, ਇਸ ਨੇ ਮੈਨੂੰ 30 ਰੁਪਏ ਦਾ ਬਰਗਰ ਖੁਆ ਦਿੱਤਾ ਸੀ। ਮੈਂ ਹੱਸਦੀ ਹੋਈ ਦਫਤਰ ਵੱਲ ਜਾ ਰਹੀ ਸਾਂ ਤੇ ਸੋਚ ਰਹੀ ਸਾਂ ਕਿ ਜ਼ਿੰਦਗੀ ਵਿੱਚ ‘ਲੈਟ ਗੋ’ ਕਰਨਾ ਕਿੰਨੀ ਅਹਿਮੀਅਤ ਰੱਖਦਾ ਹੈ।
ਸੰਪਰਕ: 98144-65017