ਵਾਇਨਾਡ ਤੋਂ ਪ੍ਰਿਯੰਕਾ ਦੀ ਨਾਮਜ਼ਦਗੀ ਪਰਿਵਾਰਵਾਦ ਸਿਆਸਤ ਦੀ ਜਿੱਤ: ਭਾਜਪਾ
ਨਵੀਂ ਦਿੱਲੀ/ਵਾਇਨਾਡ, 24 ਅਕਤੂਬਰ
ਭਾਜਪਾ ਨੇ ਅੱਜ ਇੱਥੇ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਸੇਧਦਿਆਂ ਵਾਇਨਾਡ ਤੋਂ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉਮੀਦਵਾਰ ਬਣਾਏ ਜਾਣ ਨੂੰ ਪਰਿਵਾਰਵਾਦ ਸਿਆਸਤ ਦੀ ਜਿੱਤ ਅਤੇ ਯੋਗਤਾ ਦੀ ਹਾਰ ਕਰਾਰ ਦਿੱਤਾ। ਭਾਜਪਾ ਹੈੱਡਕੁਆਰਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਗਾਂਧੀ ਪਰਿਵਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਜ਼ਿਲ੍ਹਾ ਅਧਿਕਾਰੀ ਦਫ਼ਤਰ ਵਿੱਚ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਅਪਮਾਨ ਕੀਤਾ। ਉਨ੍ਹਾਂ ਕਿਹਾ, ‘‘ਇਹ ਗਾਂਧੀ ਪਰਿਵਾਰ ਦੇ ਭ੍ਰਿਸ਼ਟਾਚਾਰ ਅਤੇ ਵੰਸ਼ਵਾਦੀ ਸਿਆਸਤ ਦੀ ਜਿੱਤ ਅਤੇ ਕਾਬਲੀਅਤ ਦੀ ਹਾਰ ਹੈ।’’ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਚੋਣ ਹਲਫ਼ਨਾਮੇ ਵਿੱਚ ਜੋ ਜਾਇਦਾਦ ਦਾ ਐਲਾਨ ਕੀਤਾ ਹੈ, ਉਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦੀ ਜਾਇਦਾਦ ਤੋਂ ਬਹੁਤ ਘੱਟ ਹੈ। ਭਾਜਪਾ ਆਗੂ ਨੇ ਕਾਂਗਰਸ ’ਤੇ ਪਰਿਵਾਰਵਾਦ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਪ੍ਰਿਯੰਕਾ ਗਾਂਧੀ ਨੂੰ ਹੁਣ ਤੱਕ ਉੱਚ ਅਹੁਦੇ ਦਿੱਤੇ ਗਏ ਹਨ।
ਇਸੇ ਦੌਰਾਨ ਵਾਇਨਾਡ ਲੋਕ ਸਭਾ ਹਲਕੇ ਤੋਂ ਐੱਲਡੀਐੱਫ ਉਮੀਦਵਾਰ ਸਤਿਆਨ ਮੋਕਰੀ ਅਤੇ ਭਾਜਪਾ ਦੇ ਉਮੀਦਵਾਰ ਨਵਿਆ ਹਰੀਦਾਸ ਨੇ ਅੱਜ ਰਸਮੀ ਤੌਰ ’ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। -ਪੀਟੀਆਈ
ਦਲਿਤਾਂ ਦਾ ਅਪਮਾਨ ਕਰਦੀ ਹੈ ਕਾਂਗਰਸ: ਹੇਮੰਤਾ
ਰਾਂਚੀ:
ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਅੱਜ ਇੱਥੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਦਲਿਤਾਂ ਦਾ ਅਪਮਾਨ ਕਰਦੀ ਹੈ ਅਤੇ ਉਨ੍ਹਾਂ ਨਾਲ ਤੀਜੇ ਦਰਜੇ ਦੇ ਨਾਗਰਿਕ ਵਾਂਗ ਪੇਸ਼ ਆਉਂਦੀ ਹੈ। ਸਰਮਾ ਨੇ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਸਬੰਧੀ ਇਹ ਟਿੱਪਣੀ ਕੀਤੀ ਹੈ, ਜਿਸ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਦੇ ਵਾਇਨਾਡ ਲੋਕ ਸਭਾ ਹਲਕੇ ਲਈ ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਬਾਹਰ ਉਡੀਕ ਕਰਦੇ ਦਿਖਾਈ ਦੇ ਰਹੇ ਹਨ। ਸਰਮਾ ਨੇ ਕਿਹਾ, ‘‘ਪ੍ਰਿਯੰਕਾ ਗਾਂਧੀ ਵਾਡਰਾ ਦੇ ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਮਲਿਕਾਰਜੁਨ ਖੜਗੇ ਨਾਲ ਜੋ ਵਿਵਹਾਰ ਕੀਤਾ ਗਿਆ ਹੈ, ਲੋਕਾਂ ਨੇ ਉਸ ਨੂੰ ਦੇਖਿਆ ਹੈ ਅਤੇ ਉਸ ਮਗਰੋਂ ਦਲਿਤਾਂ ਦੇ ਮੁੱਦੇ ’ਤੇ ਕਾਂਗਰਸ ਦੀ ਪੋਲ ਖੁੱਲ੍ਹ ਗਈ ਹੈ।’’