ਜੀਐੱਨਐੱਸਐੱਸ ਨਾਲ ਲੈਸ ਨਿੱਜੀ ਵਾਹਨਾਂ ਨੂੰ 20 ਕਿਲੋਮੀਟਰ ਤੱਕ ਨਹੀਂ ਦੇਣਾ ਹੋਵੇਗਾ ਟੌਲ ਟੈਕਸ
ਨਵੀਂ ਦਿੱਲੀ, 10 ਸਤੰਬਰ
ਆਲਮੀ ਨੇਵੀਗੇਸ਼ਨ ਉਪਗ੍ਰਹਿ ਪ੍ਰਣਾਲੀ (ਜੀਐੱਨਐੱਸਐੱਸ) ਨਾਲ ਲੈਸ ਨਿੱਜੀ ਵਾਹਨਾਂ ਦੇ ਮਾਲਕਾਂ ਕੋਲੋਂ ਰਾਜ ਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੈਕਸ ਨਹੀਂ ਵਸੂਲਿਆ ਜਾਵੇਗਾ। ਇਹ ਨੋਟੀਫਿਕੇਸ਼ਨ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ। ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਅੱਜ ਕੌਮੀ ਰਾਜਮਾਰਗ ਫੀਸ (ਦਰਾਂ ਤੇ ਕੁਲੈਕਸ਼ਨ ਦਾ ਨਿਰਧਾਰਨ) ਨਿਯਮ, 2008 ਵਿੱਚ ਸੋਧ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੌਮੀ ਮਾਰਗ ਫੀਸ (ਦਰਾਂ ਤੇ ਕੁਲੈਕਸ਼ਨ ਨਿਰਧਾਰਨ) ਸੋਧ ਨਿਯਮ, 2024 ਦੇ ਰੂਪ ਵਿੱਚ ਨੋਟੀਫਾਈ ਨਿਯਮਾਂ ਤਹਿਤ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ 20 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰਨ ’ਤੇ ਹੀ ਵਾਹਨ ਮਾਲਕ ਤੋਂ ਕੁੱਲ ਦੂਰੀ ’ਤੇ ਫੀਸ ਵਸੂਲੀ ਜਾਵੇਗੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘‘ਕੌਮੀ ਪਰਮਿਟ ਰੱਖਣ ਵਾਲੇ ਵਾਹਨਾਂ ਨੂੰ ਛੱਡ ਕੇ ਕਿਸੇ ਹੋਰ ਵਾਹਨ ਦਾ ਚਾਲਕ, ਮਾਲਕ ਜਾਂ ਇੰਚਾਰਜ ਵਿਅਕਤੀ ਜੋ ਕੌਮੀ ਰਾਜਮਾਰਗ, ਸਥਾਈ ਪੁਲ, ਬਾਈਪਾਸ ਜਾਂ ਸੁਰੰਗ ਦੇ ਉਸੇ ਹਿੱਸੇ ਦਾ ਇਸਤੇਮਾਲ ਕਰਦਾ ਹੈ, ਉਸ ਤੋਂ ਜੀਐੱਨਐੱਸਐੱਸ ਆਧਾਰਤ ਇਸਤੇਮਾਲਕਰਤਾ ਫੀਸ ਕੁਲੈਕਸ਼ਨ ਪ੍ਰਣਾਲੀ ਤਹਿਤ ਇਕ ਦਿਨ ਵਿੱਚ ਹਰੇਕ ਦਿਸ਼ਾ ਵਿੱਚ 20 ਕਿਲੋਮੀਟਰ ਦੀ ਯਾਤਰਾ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ।’’ -ਪੀਟੀਆਈ