For the best experience, open
https://m.punjabitribuneonline.com
on your mobile browser.
Advertisement

ਬਲਵੰਤ ਗਾਰਗੀ ਦੀ ਰਿਆਸਤ

11:49 AM Apr 21, 2024 IST
ਬਲਵੰਤ ਗਾਰਗੀ ਦੀ ਰਿਆਸਤ
ਇੱਕ ਪ੍ਰੋਗਰਾਮ ਦੇ ਫਿਲਮਾਂਕਣ ਸਮੇਂ ਕਲਾਕਾਰਾਂ ਨੂੰ ਹਦਾਇਤਾਂ ਦਿੰਦਾ ਬਲਵੰਤ ਗਾਰਗੀ। ਫੋਟੋ: ਅਮਰਜੀਤ ਚੰਦਨ
Advertisement

ਗੁਲਜ਼ਾਰ ਸਿੰਘ ਸੰਧੂ

ਬਲਵੰਤ ਗਾਰਗੀ ਦੀ ਗੱਲ ਕਰਨਾ ਮਾਲੇਰਕੋਟਲੇ ਦੇ ਨਵਾਬ ਨੂੰ ਚੇਤੇ ਕਰਨਾ ਹੈ। ਉਸ ਦੇ ਅਮਲਾਂ ਨੂੰ ਨਹੀਂ, ਉਸ ਦੀ ਰਿਆਸਤ ਨੂੰ। ਮਾਲੇਰਕੋਟਲੇ ਦੀ ਇਹ ਰਿਆਸਤ ਆਕਾਰ ਪੱਖੋਂ ਬਹੁਤ ਛੋਟੀ ਸੀ। ਇਸੇ ਤਰ੍ਹਾਂ ਗਾਰਗੀ ਦੀ ਰਿਆਸਤ ਨਵੀਂ ਦਿੱਲੀ ਦੇ ਕਨਾਟ ਪਲੇਸ ਨੇੜੇ ਕਰਜ਼ਨ ਰੋਡ ਦੀ ਵੱਡੀ ਕੋਠੀ ਦੇ ਸਰਵੈਂਟ ਕੁਆਰਟਰ ਵਿੱਚ ਸੀ। ਉਹ ਇਸ ਨੂੰ ਆਊਟ ਹਾਊਸ ਕਹਿੰਦਾ ਸੀ। ਦੋ ਨਿੱਕੇ ਕਮਰਿਆਂ ਤੇ ਨਿਕਚੂ ਵਰਾਂਡੇ ਵਾਲੇ ਇਸ ਘਰ ਦਾ ਛੋਟਾ ਜਿਹਾ ਵਿਹੜਾ ਵੀ ਸੀ ਜਿੱਥੇ ਮੈਂ ਕਾਲੇ ਕਲੂਟੇ ਤੇ ਗੋਰੇ ਨਿਛੋਹ ਮਰਦ ਇਸਤਰੀ ਅਦਾਕਾਰ ਆਉਂਦੇ ਜਾਂਦੇ ਦੇਖਦਾ ਰਿਹਾ ਹਾਂ। ਇਸ ਨੂੰ ਮਾਲੇਰਕੋਟਲੇ ਦੀ ਰਿਆਸਤ ਕਹਿਣ ਵਾਲਾ ਸੰਤ ਸਿੰਘ ਸੇਖੋਂ ਸੀ। ਇਸ ਦੇ ਇੱਕ ਕੋਨੇ ਵਿੱਚ ਗਾਰਗੀ ਦੇ ਨੌਕਰ ਲਈ ਵੀ ਥਾਂ ਸੀ। ਉਹ ਗਾਰਗੀ ਵਾਲੀ ਰਸੋਈ ਅਤੇ ਬਾਥਰੂਮ ਹੀ ਨਹੀਂ ਸੀ ਵਰਤਦਾ, ਘਰ ਦਾ ਮਾਲਕ ਵੀ ਸੀ। ਗਾਰਗੀ ਵਾਲੇ ਕਮਰੇ ਵਿੱਚ ਕਿੰਨੇ ਪੈਸੇ ਕਿੱਥੇ ਪਏ ਹਨ, ਉਸ ਨੂੰ ਪਤਾ ਸੀ; ਗਾਰਗੀ ਨੂੰ ਨਹੀਂ।
ਇਸ ਨਿੱਕੇ ਜਿਹੇ ਟਿਕਾਣੇ ਵਿੱਚ ਰਹਿ ਕੇ ਉਸ ਨੇ ਨਾਟਕ ਵੀ ਲਿਖੇ, ਰੇਖਾ ਚਿੱਤਰ ਤੇ ਸਫ਼ਰਨਾਮੇ ਵੀ, ਮਹਿਫ਼ਲਾਂ ਲਾਉਣ ਸਮੇਤ। ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਡਰਾਮਾ ਪੜ੍ਹਾਉਂਦਿਆਂ ਉਸ ਦਾ ਜੀਨੀ ਹੈਨਰੀ ਨਾਂ ਦੀ ਮੁਟਿਆਰ ਨਾਲ ਮੇਲ ਹੋਇਆ ਤਾਂ ਉਹ ਉਸ ਨੂੰ ਜੀਨੀ ਗਾਰਗੀ ਬਣਾ ਕੇ ਇੱਥੇ ਹੀ ਲੈ
ਕੇ ਆਇਆ। ਇਸ ਘਰ ਵਿੱਚ ਹੀ ਜੀਨੀ ਨੇ ਆਪਣੇ ਬੇਟੇ ਮੰਨੂ ਤੇ ਬੇਟੀ ਜੰਨਤ ਨੂੰ ਜਨਮ ਦਿੱਤਾ ਜਿਹੜੇ ਹੁਣ ਆਪਣੇ ਨਾਨਕਾ ਦੇਸ਼ ਅਮਰੀਕਾ ਦੇ ਵਸਨੀਕ ਹੋ ਚੁੱਕੇ ਹਨ। ਗਾਰਗੀ ਨੂੰ ਉੱਥੇ ਜਾਣਾ ਤਾਂ ਮਨਜ਼ੂਰ ਸੀ, ਰਹਿਣਾ ਨਹੀਂ।
ਇਹ ਨਿੱਕਾ ਘਰ ਉਸਦੇ ਮਿੱਤਰਾਂ ਦਾ ਵੀ ਓਨਾ ਹੀ ਸੀ ਜਿੰਨਾ ਉਸ ਦਾ ਆਪਣਾ। ਤਾਰਾ ਸਿੰਘ ਕਾਮਲ, ਹਰਿਭਜਨ ਸਿੰਘ, ਕ੍ਰਿਸ਼ਨਜੀਤ, ਅਜੀਤ ਕੌਰ, ਭਾਪਾ ਪ੍ਰੀਤਮ ਸਿੰਘ ਤੇ ਮੇਰੇ ਲਈ ਇਸ ਦੇ ਦਰ ਦਰਵਾਜ਼ੇ ਉਦੋਂ ਵੀ ਖੁੱਲ੍ਹੇ ਸਨ ਜਦ ਉਹ ਸਾਲ ਭਰ ਸਿਆਟਲ ਰਿਹਾ ਤੇ ਦੋ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦਾ ਕਰਤਾ ਧਰਤਾ। ਉਹ ਦਾਰੂ ਨਹੀਂ ਸੀ ਪੀਂਦਾ ਪਰ ਉਸ ਦੇ ਘਰ ਮੁਰਗੇ ਮੱਛੀਆਂ ਵੀ ਤਲੇ ਜਾਂਦੇ ਤੇ ਬੋਤਲਾਂ ਦੇ ਡੱਟ ਵੀ ਖੁੱਲ੍ਹਦੇ। ਉਹ ਹਾਜ਼ਰ ਨਾ ਹੁੰਦਾ ਤਾਂ ਨੌਕਰ ਕਿੱਧਰੇ ਨਹੀਂ ਸੀ ਜਾਂਦਾ।
ਉਸ ਦੀ ਵਾਰਤਕ ਸ਼ੈਲੀ ਦਾ ਕੋਈ ਜਵਾਬ ਨਹੀਂ ਸੀ। ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਪੜ੍ਹਦਿਆਂ ਮੈਂ ਉਸ ਦੀ ਰਚਨਾ ‘ਕੱਕਾ ਰੇਤਾ’ ਪੜ੍ਹੀ ਤਾਂ ਮੈਨੂੰ ਜਾਪਿਆ ਜਿਵੇਂ ਮੈਂ ਬਠਿੰਡੇ ਦੇ ਰੇਤਿਆਂ ਵਿੱਚ ਨਹੀਂ ਸਗੋਂ ਆਪਣੇ ਨਾਨਕਾ ਖੇਤਰ ਖਮਾਣੋਂ ਦੇ ਸਮਰਾਲਾ ਵਿੱਚ ਵਿਚਰ ਰਿਹਾ ਹੋਵਾਂ। ਚੁੰਗੀਆਂ ਭਰਦੇ ਹਿਰਨਾਂ ਦੀਆਂ ਡਾਰਾਂ ਮਾਣਦਾ। ਉਸ ਦੀ ਸ਼ੈਲੀ ਤੇ ਸ਼ਬਦਾਵਲੀ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨਾਲੋਂ ਵੀ ਜ਼ਿਆਦਾ ਕਣ ਸੀ। ਜੂਠੀ ਰੋਟੀ, ਕਾਲਾ ਅੰਬ, ਡੁੱਲ੍ਹੇ ਬੇਰ, ਮਿਰਚਾਂ ਵਾਲਾ ਸਾਧ, ਲੋਹਾ ਕੁੱਟ, ਕੁਆਰੀ ਟੀਸੀ, ਸਾਂਝਾ ਚੁੱਲ੍ਹਾ, ਕਣਕ ਦੀ ਬੱਲੀ, ਧੂਣੀ ਦੀ ਅੱਗ ਤੇ ਪੈਂਤੜੇਬਾਜ਼ ਨਾਮੀ ਇਕਾਂਗੀਆਂ ਤੇ ਨਾਟ ਪੁਸਤਕਾਂ ਦੇ ਨਾਂ ਹੀ ਦੱਸਦੇ ਹਨ ਕਿ ਉਸ ਦਾ ਰਚਨਾ ਸੰਸਾਰ ਕਿੰਨਾ ਵਿਕੋਲਿਤਰਾ ਸੀ। ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਹਸੀਨ ਚਿਹਰੇ ਸਮੇਤ ਅੱਧੀ ਦਰਜਨ ਰੇਖਾ ਚਿੱਤਰਾਂ ਦੀਆਂ ਪੁਸਤਕਾਂ ਨੇ ਤਾਂ ਵਾਰਤਕ ਸ਼ੈਲੀ ਨੂੰ ਅਜਿਹੇ ਚੰਨ ਲਾਏ ਕਿ ਇਸ ਨੂੰ ਕੋਈ ਮਾਤ ਨਹੀਂ ਪਾ ਸਕਿਆ।
ਉਹਦੇ ਲਈ ਅੱਖਾਂ ਵਿੱਚ ਸੁਰਮਾ ਪਾਉਣ ਦਾ ਸ਼ੌਕੀਨ ਸੰਤੋਖ ਸਿੰਘ ਧੀਰ ‘ਸੁਰਮੇ ਵਾਲੀ ਅੱਖ’ ਸੀ। ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਪੈਂਦੇ ਨਵਯੁਗ ਛਾਪੇਖਾਨੇ ਦਾ ਮਾਲਕ, ਸੰਸਥਾਪਕ ਭਾਪਾ ਪ੍ਰੀਤਮ ਸਿੰਘ (ਜਿੱਥੇ ਦਿਨ ਭਰ ਕੋਈ ਨਾ ਕੋਈ ਮਿੱਤਰ ਪਿਆਰਾ ਬੈਠਾ ਮਿਲਦਾ) ਤਕੀਏ ਦਾ ਪੀਰ, ਕੋਮਲ ਕਲਾ ਤੇ ਸਾਹਿਤ ਸਭਿਆਚਾਰ ਦੇ ਅਨੇਕਾਂ ਕੇਂਦਰਾਂ ਦਾ ਜਨਮਦਾਤਾ ਮਹਿੰਦਰ ਸਿੰਘ ਰੰਧਾਵਾ, ਪੰਜਾਬੀ ਕਲਚਰ ਦਾ ਸ਼ਾਹਜਹਾਂ ਅਤੇ ਆਪਣੀਆਂ ਕਵਿਤਾਵਾਂ ਵਿੱਚ ਵਾਰ ਵਾਰ ਸੱਪਾਂ ਸੱਪਣੀਆਂ ਦਾ ਚਿੰਨ੍ਹ ਵਰਤਣ ਵਾਲਾ ਸ਼ਿਵ ਕੁਮਾਰ ਬਟਾਲਵੀ, ‘ਕੌਡੀਆਂ ਵਾਲਾ ਸੱਪ’। ਸ਼ਿਵ ਦੀ ਇੱਕ ਕਵਿਤਾ ਦੇ ਬੋਲ ਵੀ ਪੇਸ਼ ਹਨ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਚਾਰ ਦਸੰਬਰ 1916 ਨੂੰ ਜਨਮੇ ਤੇ 21 ਅਪਰੈਲ 2003 ਨੂੰ ਤੁਰ ਗਏ ਬਲਵੰਤ ਗਾਰਗੀ ਦੇ ਅੰਤਲੇ ਦਿਨਾਂ ਵਿੱਚ ਮੈਂ ਤੇ ਮੇਰੀ ਪਤਨੀ ਸੁਰਜੀਤ ਉਸ ਨੂੰ ਮੁੰਬਈ ਮਿਲਣ ਗਏ। ਉਹ ਮਰਗ ਬਿਸਤਰ ਉੱਤੇ ਪਿਆ ਇੱਕ ਹੱਥ ਨਾਲ ਮੇਰਾ ਤੇ ਦੂਜੇ ਹੱਥ ਨਾਲ ਸੁਰਜੀਤ ਦਾ ਹੱਥ ਫੜ ਕੇ ਸਾਨੂੰ ਤੁਰਨ ਤੋਂ ਮਨ੍ਹਾਂ ਕਰਨ ਦਾ ਤਰਲਾ ਲੈ ਰਿਹਾ ਸੀ। ਅਸੀਂ ਮਿਲਣਾ ਸੀ ਮਿਲ ਕੇ ਆ ਗਏ ਪਰ ਸਾਨੂੰ ਭੁੱਲਿਆ ਨਹੀਂ ਕਿ ਉਹ ਮਿੱਤਰਾਂ ਦਾ ਮਿੱਤਰ ਸੀ। ਉਸ ਨੇ ਕਿਸੇ ਤੋਂ ਕੁਝ ਨਹੀਂ ਸੀ ਲੈਣਾ। ਜੇ ਕਦੇ ਸੌ ਪੰਜਾਹ ਰੁਪਏ ਉਧਾਰੇ ਵੀ ਲੈਂਦਾ ਤਾਂ ਕਾਪੀ ਵਿੱਚ ਲਿਖ ਲੈਂਦਾ ਸੀ ਤੇ ਓਨਾ ਚਿਰ ਨਹੀਂ ਸੀ ਕੱਟਦਾ ਜਦੋਂ ਤਕ ਪਰਤਾ ਨਹੀਂ ਸੀ ਦਿੰਦਾ।
ਬਲਵੰਤ ਗਾਰਗੀ ਦੇ ਮਾਣ ਸਨਮਾਨ ਦੀ ਗੱਲ ਕਰੀਏ ਤਾਂ 1959 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ, 1962 ਵਿੱਚ ਜਿਸਪੀ ਥੀਏਟਰ ਮਾਸਕੋ ਦੀ ਨਿਵਾਜਸ਼, 1973 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਦੀ ਉਪਾਧੀ, 1998 ਵਿੱਚ ਭਾਰਤੀ ਸੰਗੀਤ ਨਾਟਕ ਅਕਾਡਮੀ ਦਾ ਵਿਸ਼ੇਸ਼ ਐਵਾਰਡ ਤੇ 1998 ਤੋਂ 2000 ਤੱਕ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਐਮੀਨੈਂਸ ਦਾ ਰੁਤਬਾ ਪ੍ਰਮੁੱਖ ਹਨ। ਇਹ ਵੀ ਕਿ ਉਸ ਦੀ ਨਾਟਕ ਕਲਾ ਉੱਤੇ ਅੱਧੀ ਦਰਜਨ ਵਿਦਿਆਰਥੀਆਂ ਨੇ ਖੋਜ ਨਿਬੰਧ ਲਿਖ ਕੇ ਐਮਫਿਲ ਤੇ ਪੀਐੱਚਡੀ ਦੀਆਂ ਡਿਗਰੀਆਂ ਲਈਆਂ।
ਉਹਦੇ ਲਈ ‘ਚੰਨ ਗੋਰੀਆਂ ਰੰਨਾਂ ਦੇ ਪੱਟ ਵੇਖੇ, ਸੂਰਜ ਤਪ ਕਰਦਾ’ ਨਗਨਤਾ ਦਾ ਸਿਖਰ ਸੀ। ਦਲੀਲ ਇਹ ਕਿ ਸੂਰਜ ਦਾ ਤਪ ਚੰਨ ਦੀ ਭਾਵਨਾ ਨੂੰ ਭੰਡਦਾ ਸੀ। ਉਸ ਨੇ ਆਪਣੀ ਸਫ਼ਰਨਾਮੇ ਨੂੰ ‘ਪਤਾਲ ਦੀ ਧਰਤੀ’ ਕਿਹਾ ਤੇ ਜੀਵਨੀ ਨੂੰ ‘ਨੰਗੀ ਧੁੱਪ’।
ਸੇਖੋਂ ਸਾਹਿਬ ਨੇ ਉਸ ਦੇ ਕਰਜ਼ਨ ਰੋਡ ਵਾਲੇ ਟਿਕਾਣੇ ਨੂੰ ਮਾਲੇਰਕੋਟਲੇ ਦੀ ਰਿਆਸਤ ਨਾਲ ਉਪਮਾ ਦਿੱਤੀ ਸੀ। ਮੈਂ ਉਸ ਨੂੰ ਇਸ ਟਿਕਾਣੇ ਤੋਂ ਲਿਖਣ ਲਿਖਾਉਣ (ਉਹ ਲਿਖਦਾ ਘੱਟ ਤੇ ਲਿਖਾਉਂਦਾ ਵੱਧ ਸੀ) ਦਾ ਥਕੇਵਾਂ ਲਾਹੁਣ ਲਈ ਕਨਾਟ ਪਲੇਸ ਦੇ ਕੌਫ਼ੀ ਹਾਊਸ ਜਾ ਕੇ ਤਾਰਾ ਸਿੰਘ ਕਾਮਲ ਦੀਆਂ ਮਜ਼ੇਦਾਰ ਟਿੱਪਣੀਆਂ ਮਾਣਨ ਜਾਂਦੇ ਤੱਕਿਆ ਹੈ ਤੇ ਉਸ ਦਾ ਇਹ ਲਿਖਣਾ ਵੀ ਕਿ ਤਾਰਾ ਸਿੰਘ ਦਾ ਓਥੇ ਮੌਜੂਦ ਨਾ ਹੋਣਾ ਏਦਾਂ ਸੀ ਜਿਵੇਂ ਕਿਸੇ ਦਾ ਮਹਿਰੌਲੀ ਜਾ ਕੇ ਕੁਤਬ ਦੀ ਲਾਠ ਨੂੰ ਉਸ ਥਾਂ ਨਾ ਪਾਉਣਾ।
ਸਾਡੇ ਇਸ ਮਿੱਤਰ ਦੇ ਤੁਰ ਜਾਣ ਨੂੰ ਦੋ ਦਹਾਕੇ ਹੋ ਗਏ ਹਨ ਪਰ ਯਾਦਾਂ ਨ੍ਹੀਂ ਗਈਆਂ!
ਸੰਪਰਕ: 98157-78469

Advertisement

ਕਰਜ਼ਨ ਰੋਡ ਵਾਲੀ ਕੋਠੀ

ਕਰਜ਼ਨ ਰੋਡ ਦੀ ਇੱਕ ਕੋਠੀ ਦੀ ਗੁੱਠ ਵਿੱਚ ਉਸ ਦਾ ਘਰ ਹੈ ਜਿਸ ਦੇ ਪਿੱਛੇ ਧੋਬੀਆਂ, ਖ਼ਾਨਸਾਮਿਆਂ ਤੇ ਨਾਈਆਂ ਦੀਆਂ ਖੋਲੀਆਂ ਹਨ। ਜਿਨ੍ਹਾਂ ’ਚ ਉਸ ਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ। ਅੰਦਰ ਜਾਉ ਤਾਂ ਸਾਹਮਣੇ ਹੀ ਫੁੱਲਾਂ ਨਾਲ ਸ਼ਿੰਗਾਰਿਆ ਖ਼ੂਬਸੂਰਤ ਕਮਰਾ ਹੈ। ਫਰਾਂਸੀਸੀ ਸਟਾਈਲ ਦਾ ਬੂਹਾ ਤੇ ਰੰਗਦਾਰ ਸ਼ੀਸ਼ਿਆਂ ਵਾਲੇ ਪਰਦੇ ਹਨ। ਇਹ ਕਮਰਾ ਉਸ ਦੇ ਨੌਕਰ ਦਾ ਹੈ। ਉਸ ਦਾ ਆਪਣਾ ਕਮਰਾ ਇਸ ਨਾਲੋਂ ਬਹੁਤ ਘਟੀਆ ਹੈ। ਉਸ ਦੇ ਘਰ ’ਚ ਸਭ ਤੋਂ ਸੁਥਰੀ ਥਾਂ ਉਸ ਦੇ ਕੰਮ ਕਰਨ ਵਾਲੀ ਮੇਜ਼ ਨਹੀਂ, ਉਸ ਦੀ ਰਸੋਈ ਹੈ। ਇੱਥੇ ਬਾਰ੍ਹਾਂ ਸੌ ਰੁਪਏ ਦਾ ਬਿਜਲੀ ਦਾ ਚੁੱਲ੍ਹਾ ਹੈ ਪਰ ਕਈ ਵਾਰ ਉਸ ਕੋਲ ਬਿਜਲੀ ਦਾ ਬਿੱਲ ਦੇਣ ਜੋਗੇ ਪੈਸੇ ਨਹੀਂ ਹੁੰਦੇ। ਜਿਨ੍ਹੀਂ ਦਿਨੀਂ ਉਸ ਕੋਲ ਨਵੇਂ ਮਾਡਲ ਦੀ ਮੋਟਰ ਕਾਰ ਸੀ, ਅਕਸਰ ਪੈਟਰੋਲ ਲਈ ਪੈਸੇ ਥੁੜੇ ਰਹਿੰਦੇ ਸਨ।
ਉਸ ਦਾ ਪਹਿਲਾ ਇਸ਼ਕ ‘ਸੰਗੀਤ’ ਸੀ ਪਰ ਉਸ ਦੀ ਮਾਂ ਤਬਲੇ-ਵਾਜੇ ਦੇ ਖਿਲਾਫ਼ ਸੀ। ਉਹ ਕੰਧ ਟੱਪ ਕੇ ਮਰਾਸੀਆਂ ਦੇ ਘਰ ਜਾ ਵੜਦਾ ਜਿੱਥੇ ‘ਨੂਰਾਂ’ ਤੇ ‘ਸੱਦੀ’ ਮਰਾਸਣ ਢੋਲਕੀ ਉੱਤੇ ਗਾ ਰਹੀਆਂ ਹੁੰਦੀਆਂ। ਉਸ ਦੇ ਕਥਨ ਅਨੁਸਾਰ ਨੂਰਾਂ ਦੀ ਆਵਾਜ਼ ਇਉਂ ਸੀ ਜਿਵੇਂ ਤੇਲ ’ਚ ਰਸੀ ਹੋਈ ਬੰਸਰੀ। ਸਾਹਿਤ ਵੱਲ ਤਾਂ ਉਹ ਐਵੇਂ ਹੀ ਆ ਗਿਆ ਜਿਵੇਂ ਕੋਈ ਆਦਮੀ ਦੂਜੇ ਥਾਂ ’ਤੇ ਵਿਆਹਿਆ ਜਾਵੇ।

Advertisement

ਲਿਖਣ ਵੇਲਾ

ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ, ਜਦੋਂ ਕਿਸੇ ਦੀ ਉਡੀਕ ’ਚ ਬੈਠਾ ਹੋਵੇ। ‘ਕੁਆਰੀ ਟੀਸੀ’ ਕੁੱਲੂ ਵਾਦੀ ’ਚ ਕਿਸੇ ਦੀ ਉਡੀਕ ’ਚ ਬੈਠਿਆਂ ਲਿਖਿਆ ਸੀ। ‘ਲੋਹਾ ਕੁੱਟ’ ਦਾ ਪਹਿਲਾ ਐਕਟ ਮੁਰਾਦਾਬਾਦ ਸਟੇਸ਼ਨ ਦੇ ਪਲੇਟਫਾਰਮ ਉੱਤੇ ਗੱਡੀ ਉਡੀਕਦਿਆਂ ਲਿਖਿਆ ਸੀ। ਇਸੇ ਤਰ੍ਹਾਂ ‘ਪੱਤਣ ਦੀ ਬੇੜੀ’ ਵੀ ਇੱਕ ਕਾਹਵਾਖਾਨੇ ’ਚ ਬੈਠਿਆਂ ਲਿਖਿਆ ਗਿਆ। ਉਸ ਨੇ ਪੰਜਾਬੀ ’ਚ ਲਿਖਣਾ ਇਸ ਲਈ ਸ਼ੁਰੂ ਕੀਤਾ ਕਿ ਇਸ ਬੋਲੀ ਵਿੱਚ ਉਸ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ, ਰੂੜੀਆਂ ਦੀ ਬੋ, ਚਰ੍ਹੀਆਂ ਤੇ ਪਿੱਪਲਾਂ ਦੀ ਸੁਗੰਧ ਮਾਣੀ ਸੀ।

ਲਿਖਤੁਮ: ਬਲਵੰਤ ਗਾਰਗੀ

Advertisement
Author Image

sukhwinder singh

View all posts

Advertisement