ਭਾਜਪਾ ਸਰਕਾਰ ਨੇ ‘ਟੈਕਸ’ ਅਦਾਇਗੀ’ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ: ਮੋਦੀ
ਨਵੀਂ ਦਿੱਲੀ, 6 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਨਾਲ ਜੁੜੇ ਕਾਰਜਾਂ ਦਾ ਵਰਚੁਅਲੀ ਨੀਂਹ ਪੱਥਰ ਰੱਖਿਆ । ਇਹ 508 ਸਟੇਸ਼ਨ 27 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ। ਸ੍ਰੀ ਮੋਦੀ ਨੇ ਵਰਚੁਅਲ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਟੈਕਸ ਅਦਾਇਗੀ ਨੂੰ ਲੈ ਕੇ ਲੋਕਾਂ ਦੀ ਸੋਚ ਬਦਲੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸੋਚਦੇ ਸੀ ਕਿ ਉਨ੍ਹਾਂ ਵੱਲੋਂ ਟੈਕਸਾਂ ਦੇ ਰੂਪ ਵਿੱਚ ਕੀਤੀ ਜਾਂਦੀ ਅਦਾਇਗੀ ਭ੍ਰਿਸ਼ਟਾਚਾਰ ਵਿੱਚ ਹੀ ਖੱਪ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਾਖ਼ਲ ਕੀਤੀਆਂ ਆਮਦਨ ਕਰ ਰਿਟਰਨਾਂ ਵਿੱਚ 16 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜੋ ਸਰਕਾਰ ਵਿੱਚ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਨੇ ਉਪਰੋਕਤ ਸੋਚ ਨੂੰ ਬਦਲਿਆ ਹੈ। ਅੱਜ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦਾ ਪੈਸਾ ਰਾਸ਼ਟਰ-ਨਿਰਮਾਣ ਲਈ ਵਰਤਿਆ ਜਾ ਰਿਹੈ।’’ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਇਨ੍ਹਾਂ ਵਿੱਚੋਂ 22 ਪੰਜਾਬ, 15 ਹਰਿਆਣਾ, 55-55 ਯੂਪੀ ਤੇ ਰਾਜਸਥਾਨ, 49 ਬਿਹਾਰ, 44 ਮਹਾਰਾਸ਼ਟਰ, 37 ਪੱਛਮੀ ਬੰਗਾਲ, 34 ਮੱਧ ਪ੍ਰਦੇਸ਼, 32 ਅਸਾਮ, 25 ਉੜੀਸਾ, 21 ਗੁਜਰਾਤ, 20 ਝਾਰਖੰਡ, 18-18 ਆਂਧਰਾ ਪ੍ਰਦੇਸ਼ ਤੇ ਤਾਮਿਲ ਨਾਡੂ ਤੇ 13 ਕਰਨਾਟਕ ਵਿੱਚ ਹਨ। ਪੁਨਰ ਵਿਕਾਸ ਦੇ ਕੰਮਾਂ ’ਤੇ 24,470 ਕਰੋੜ ਰੁਪਏ ਦੀ ਲਾਗਤ ਆਏਗੀ ਤੇ ਇਸ ਦਾ ਮੁੱਖ ਮੰਤਵ ਮੁਸਾਫਰਾਂ ਤੇ ਯਾਤਰੀਆਂ ਨੂੰ ਅਤਿ-ਆਧੁਨਿਕ ਤੇ ਆਲਮੀ ਪੱਧਰ ਦੀਆਂ ਮਿਆਸੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਰੇਲਵੇ ਸਟੇਸ਼ਨਾਂ ਦੀ ਕਾਇਆਕਲਪ ਨਾਲ ਸਬੰਧਤ ਇਸ ਪ੍ਰਾਜੈਕਟ ਤਹਿਤ ਚੰਡੀਗੜ੍ਹ ਤੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਲਈ 5198 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ 4762 ਕਰੋੜ ਰੁਪਏ ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ 436 ਕਰੋੜ ਰੁਪਏ ਮਿਲਣਗੇ। ਪੰਜਾਬ ਵਿਚੋਂ ਲੁਧਿਆਣਾ ਜੰਕਸ਼ਨ ਨੂੰ ਸਭ ਤੋਂ ਵੱਧ 460 ਕਰੋੜ ਰੁਪਏ ਅਲਾਟ ਕੀਤੇ ਗਏ ਹਨ। -ਪੀਟੀਆਈ