ਸੁਪਰੀਮ ਕੋਰਟ ਨੇ ਜੱਜਾਂ ਦੀਆਂ ਜਾਇਦਾਦਾਂ ਸਬੰਧੀ ਵੇਰਵੇ ਜਨਤਕ ਕੀਤੇ, ਜਾਣੋ ਕਿਸ ਜੱਜ ਕੋਲ ਕਿੰਨੀ ਧਨਰਾਸ਼ੀ
ਨਵੀਂ ਦਿੱਲੀ, 6 ਮਈ
ਫੁੱਲ ਬੈਂਚ ਦੇ ਫੈਸਲੇ ਤੋਂ ਬਾਅਦ ਪਾਰਦਰਸ਼ਤਾ ਵਧਾਉਣ ਦੀ ਇਕ ਕੋੋੋੋਸ਼ਿਸ਼ ਵਜੋਂ ਸੁਪਰੀਮ ਕੋਰਟ ਨੇ ਜੱਜਾਂ ਦੀਆਂ ਜਾਇਦਾਦਾਂ ਸਬੰਧੀ ਵੇਰਵੇ ਸੋਮਵਾਰ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਹਨ। ਇਨ੍ਹਾਂ ਵੇਰਵਿਆਂ ਮੁਤਾਬਕ ਸੇਵਾ ਮੁਕਤ ਹੋ ਰਹੇ ਸੀਜੇਆਈ ਸੰਜੀਵ ਖੰਨਾ ਕੋਲ 55.75 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ, ਦੱਖਣੀ ਦਿੱਲੀ ਵਿਚ ਤਿੰਨ ਬੈੱਡਰੂਮ ਵਾਲਾ ਡੀਡੀਏ ਫਲੈਟ ਅਤੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ਵਿਚ 2,446 ਵਰਗ ਫੁੱਟ ਦਾ ਚਾਰ ਬੈੱਡਰੂਮ ਵਾਲਾ ਅਪਾਰਟਮੈਂਟ ਹੈ।
ਇਸ ਤੋਂ ਇਲਾਵਾ ਸੀਜੇਆਈ ਵਜੋਂ ਨਾਮਜ਼ਦ ਜਸਟਿਸ ਬੀਆਰ ਗਵਈ ਕੋਲ ਬੈਂਕ ਵਿਚ 19.63 ਲੱਖ ਰੁਪਏ ਤੋਂ ਵੱਧ ਦੀ ਰਕਮ, ਮਹਾਰਾਸ਼ਟਰ ਦੇ ਅਮਰਾਵਤੀ ਵਿਚ ਇਕ ਘਰ ਜੋ ਉਨ੍ਹਾਂ ਦੇ ਮ੍ਰਿਤਕ ਪਿਤਾ ਤੋਂ ਵਿਰਾਸਤ ਵਿਚ ਮਿਲਿਆ ਹੈ, ਮੁੰਬਈ ਦੇ ਬਾਂਦਰਾ ਅਤੇ ਦਿੱਲੀ ਦੀ ਡਿਫੈਂਸ ਕਲੋਨੀ ਵਿਚ ਅਪਾਰਟਮੈਂਟ ਅਤੇ ਅਮਰਾਵਤੀ ਅਤੇ ਨਾਗਪੁਰ ਵਿਚ ਖੇਤੀਬਾੜੀ ਜ਼ਮੀਨਾਂ ਹਨ। ਅਦਾਲਤ ਵੱੱਲੋਂ ਜਾਰੀ ਇਕ ਰਿਲੀਜ਼ ਵਿਚ ਕਿਹਾ ਗਿਆ, ‘‘ਭਾਰਤ ਦੀ ਸੁਪਰੀਮ ਕੋਰਟ ਦੀ ਪੂਰੀ ਅਦਾਲਤ(Full Court) ਨੇ 1 ਅਪਰੈਲ 2025 ਨੂੰ ਫੈਸਲਾ ਕੀਤਾ ਸੀ ਕਿ ਇਸ ਅਦਾਲਤ ਦੇ ਜੱਜਾਂ ਦੀਆਂ ਜਾਇਦਾਦਾਂ ਦੇ ਬਿਆਨ ਵੈੱਬਸਾਈਟ ’ਤੇ ਅਪਲੋਡ ਕਰਕੇ ਜਨਤਕ ਡੋਮੇਨ ਵਿਚ ਰੱਖੇ ਜਾਣਗੇ।
ਪਹਿਲਾਂ ਹੀ ਪ੍ਰਾਪਤ ਜੱਜਾਂ ਦੀਆਂ ਜਾਇਦਾਦਾਂ ਦੇ ਵੇਰਵੇ ਅਪਲੋਡ ਕੀਤੇ ਜਾ ਰਹੇ ਹਨ। ਹੋਰ ਜੱਜਾਂ ਦੀਆਂ ਜਾਇਦਾਦਾਂ ਦੇ ਵੇਰਵੇ ਉਦੋਂ ਹੀ ਅਪਲੋਡ ਕੀਤੇ ਜਾਣਗੇ ਜਦੋਂ ਮੌਜੂਦਾ ਜਾਇਦਾਦਾਂ ਦਾ ਵੇਰਵੇ ਪ੍ਰਾਪਤ ਹੋਵੇਗਾ।’’ ਪ੍ਰਾਪਤ ਅੰਕੜਿਆਂ ਅਨੁਸਾਰ ਸੀਜੇਆਈ ਖੰਨਾ, ਜੋ 13 ਮਈ ਨੂੰ ਸੇਵਾਮੁਕਤ ਹੋ ਰਹੇ ਹਨ, ਦਾ ਗੁਰੂਗ੍ਰਾਮ ਦੇ ਸੈਕਟਰ 49 ਦੇ ਸਿਸਪਾਲ ਵਿਹਾਰ ਵਿਚ ਇਕ ਚਾਰ ਬੈੱਡਰੂਮ ਵਾਲੇ ਫਲੈਟ ਵਿਚ 56 ਫੀਸਦੀ ਹਿੱਸਾ ਹੈ, ਜੋ ਕਿ 2016 ਵਰਗ ਫੁੱਟ ਸੁਪਰ ਏਰੀਆ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿਚ ਇਕ ਘਰ ਅਤੇ ਜ਼ਮੀਨ ਵਿਚ ਹਿੱਸਾ ਹੈ। ਅੰਕੜਿਆਂ ਤੋਂ ਅੱਗੇ ਪਤਾ ਚੱਲਿਆ ਹੈ ਕਿ ਉਨ੍ਹਾਂ ਦਾ ਪਬਲਿਕ ਪ੍ਰੋਵੀਡੈਂਟ ਫੰਡ ਵਿਚ 1.06 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼, 1,77,89,000 ਰੁਪਏ ਦਾ ਜੀਪੀਐਫ, 29,625 ਰੁਪਏ ਦਾ ਐੱਲਆਈਸੀ ਮਨੀ ਬੈਕ ਪਾਲਿਸੀ ਦਾ ਸਾਲਾਨਾ ਪ੍ਰੀਮੀਅਮ ਅਤੇ 14,000 ਰੁਪਏ ਦੇ ਸ਼ੇਅਰ ਹਨ। ਚੱਲ ਜਾਇਦਾਦਾਂ ਵਿਚੋਂ ਸੀਜੇਆਈ ਖੰਨਾ ਕੋਲ 250 ਗ੍ਰਾਮ ਸੋਨਾ ਅਤੇ 2 ਕਿਲੋ ਚਾਂਦੀ ਹੈ, ਜੋ ਕਿ ਜ਼ਿਆਦਾਤਰ ਵਿਰਾਸਤ ਵਿਚ ਅਤੇ ਤੋਹਫ਼ੇ ਵਿਚ ਮਿਲੀ ਹੈ। ਇਸ ਤੋਂ ਇਲਾਵਾ 2015 ਮਾਡਲ ਦੀ ਮਾਰੂਤੀ ਸਵਿਫਟ ਕਾਰ ਹੈ।
ਜਸਟਿਸ ਗਵਈ ਜੋ 14 ਮਈ ਨੂੰ ਸੀਜੇਆਈ ਵਜੋਂ ਅਹੁਦਾ ਸੰਭਾਲਣਗੇ, ਕੋਲ ਚੱਲ ਜਾਇਦਾਦ ਹੈ ਜਿਸ ਵਿਚ 5.25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਸ਼ਾਮਲ ਹਨ, ਉਨ੍ਹਾਂ ਦੀ ਪਤਨੀ ਕੋਲ 29.70 ਲੱਖ ਰੁਪਏ ਦੇ ਗਹਿਣੇ ਅਤੇ 61,320 ਰੁਪਏ ਦੀ ਨਕਦ ਜਮ੍ਹਾਂ ਰਾਸ਼ੀ ਹੈ। ਜ਼ਿਕਰਯੋਗ ਹੈ ਕਿ 33 ਜੱਜਾਂ ਵਿਚੋਂ 21 ਨੇ ਆਪਣੀਆਂ ਜਾਇਦਾਦਾਂ ਦੇ ਵੇਰਵੇ ਜਨਤਕ ਕੀਤੇ ਹਨ। ਜਸਟਿਸ ਸੂਰਿਆ ਕਾਂਤ ਜੋ ਇਸ ਸਾਲ 24 ਨਵੰਬਰ ਨੂੰ ਭਾਰਤ ਦੇ ਚੀਫ਼ ਜਸਟਿਸ ਬਣਨਗੇ, ਕੋਲ ਹੋਰ ਅਚੱਲ ਜਾਇਦਾਦਾਂ ਦੇ ਨਾਲ ਚੰਡੀਗੜ੍ਹ ਦੇ ਸੈਕਟਰ 10 ਵਿਚ ਇਕ ਘਰ, ਪੰਚਕੂਲਾ ਵਿਚ 13 ਏਕੜ ਖੇਤੀਬਾੜੀ ਜ਼ਮੀਨ ਅਤੇ ਗੁਰੂਗ੍ਰਾਮ ਵਿਚ 300 ਵਰਗ ਗਜ਼ ਦਾ ਪਲਾਟ ਹੈ।
ਉਨ੍ਹਾਂ ਕੋਲ 4.11 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ, 100 ਗ੍ਰਾਮ ਦੇ ਸੋਨੇ ਦੇ ਗਹਿਣੇ ਅਤੇ ਤਿੰਨ ਕੀਮਤੀ ਘੜੀਆਂ ਹਨ। ਜੱਜਾਂ ਦੀ ਜਾਇਦਾਦ ਦੇ ਵੇਰਵਿਆਂ ਨੂੰ ਅਪਲੋਡ ਕਰਨ ਤੋਂ ਇਲਾਵਾ ਸਿਖਰਲੀ ਅਦਾਲਤ ਨੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿਚ ਨਿਯੁਕਤੀਆਂ ਦੀ ਪੂਰੀ ਪ੍ਰਕਿਰਿਆ ਵੀ ਜਨਤਾ ਦੇ ਗਿਆਨ ਅਤੇ ਜਾਗਰੂਕਤਾ ਲਈ ਆਪਣੀ ਵੈੱਬਸਾਈਟ ’ਤੇ ਪਾ ਦਿੱਤੀ ਹੈ, ਜਿਸ ਵਿਚ ਹਾਈ ਕੋਰਟ ਕੌਲਿਜੀਅਮ ਨੂੰ ਸੌਂਪੀ ਗਈ ਭੂਮਿਕਾ, ਰਾਜ ਸਰਕਾਰਾਂ, ਭਾਰਤ ਸੰਘ ਤੋਂ ਪ੍ਰਾਪਤ ਇਨਪੁਟ ਅਤੇ ਸੁਪਰੀਮ ਕੋਰਟ ਕੌਲਿਜੀਅਮ ਦੁਆਰਾ ਵਿਚਾਰ ਸ਼ਾਮਲ ਹੈ। -ਪੀਟੀਆਈ