ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਰੱਖੜੀ ਦੀ ਵਧਾਈ
ਨਵੀਂ ਦਿੱਲੀ, 19 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਰੱਖੜੀ ਦੇ ਤਿਓਹਾਰ ਦੀ ਵਧਾਈ ਦਿੱਤੀ। ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਤਿਓਹਾਰ ਮੌਕੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਅੱਜ ਪ੍ਰਧਾਨ ਮੰਤਰੀ ਨਿਵਾਸ ਵਿਖੇ ਸ੍ਰੀ ਮੋਦੀ ਨੇ ਸਕੂਲ ਦੀਆਂ ਵਿਦਿਆਰਥਣਾਂ ਤੋਂ ਆਪਣੇ ਗੁੱਟ ’ਤੇ ਰੱਖੜੀ ਬੰਨ੍ਹਵਾ ਕੇ ਇਹ ਤਿਓਹਾਰ ਮਨਾਇਆ। ਦੇਸ਼ ਭਰ ਵਿੱਚ ਰੱਖੜੀ ਦਾ ਤਿਓਹਾਰ ਅੱਜ ਉਤਸ਼ਾਹ ਨਾਲ ਮਨਾਇਆ ਗਿਆ।
ਉੱਧਰ, ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਰੱਖੜੀ ਮੌਕੇ ‘ਐਕਸ’ ਉੱਤੇ ਆਪਣੇ ਭਰਾ ਰਾਹੁਲ ਗਾਂਧੀ ਨਾਲ ਤਸਵੀਰਾਂ ਦਾ ਇਕ ਕੋਲਾਜ ਸਾਂਝਾ ਕਰਦਿਆਂ ਕਿਹਾ ਕਿ ਭੈਣ-ਭਰਾ ਹਰੇਕ ਸੰਘਰਸ਼ ਵਿੱਚ ਭਾਈਵਾਲ ਅਤੇ ਯਾਦਾਂ ਸਿਰਜਣ ਵਿੱਚ ਸਾਥੀ ਹੁੰਦੇ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਭੈਣ-ਭਰਾ ਦਾ ਰਿਸ਼ਤਾ ਫੁੱਲਾਂ ਦੇ ਇਕ ਬਾਗ ਵਾਂਗ ਹੁੰਦਾ ਹੈ, ਜਿਸ ਦੀ ਨੀਂਹ ਸਨਮਾਨ, ਪਿਆਰ ਤੇ ਆਪਸੀ ਸਮਝ, ਵੱਖ-ਵੱਖ ਰੰਗਾਂ ਦੀਆਂ ਯਾਦਾਂ, ਇਕੱਠੇ ਰਹਿਣ ਦੀਆਂ ਕਹਾਣੀਆਂ ਹੁੰਦੀਆਂ ਹਨ। ਭੈਣ-ਭਰਾ ਸੰਘਰਸ਼ ਵਿੱਚ ਭਾਈਵਾਲ ਅਤੇ ਯਾਦਾਂ ਸਿਰਜਣ ਵਿੱਚ ਸਾਥੀ ਹੁੰਦੇ ਹਨ.... ਸਾਰਿਆਂ ਨੂੰ ਰੱਖੜੀ ਦੇ ਤਿਓਹਾਰ ਦੀਆਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ।’’ ਉਨ੍ਹਾਂ ਆਪਣੇ ਭਰਾ ਰਾਹੁਲ ਗਾਂਧੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ ਵੀ ਸ਼ਾਮਲ ਸਨ।
ਇਸੇ ਦੌਰਾਨ ਰਾਹੁਲ ਗਾਂਧੀ ਨੇ ‘ਐਕਸ’ ਉੱਤੇ ਹਿੰਦੀ ’ਚ ਪਾਈ ਇਕ ਪੋਸਟ ਵਿੱਚ ਕਿਹਾ, ‘‘ਸਾਰੇ ਦੇਸ਼ ਵਾਸੀਆਂ ਨੂੰ ਭੈਣਾਂ ਤੇ ਭਰਾਵਾਂ ਵਿਚਾਲੇ ਅਟੁੱਟ ਪਿਆਰ ਦੇ ਤਿਓਹਾਰ ਰੱਖੜੀ ਦੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ।’’
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਦੇਸ਼ ਵਾਸੀਆਂ ਨੂੰ ਰੱਖੜੀ ਦੀ ਮੁਬਾਰਕਬਾਦ ਦਿੱਤੀ। ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਉਨ੍ਹਾਂ ਕਿਹਾ, ‘‘ਇਹ ਤਿਓਹਾਰ ਭਾਰਤੀ ਸਮਾਜ ਵਿੱਚ ਮਹਿਲਾਵਾਂ ਦੀ ਬਰਾਬਰ ਅਹਿਮੀਅਤ ’ਤੇ ਜ਼ੋਰ ਦਿੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਰੱਖੜੀ ਦਾ ਇਹ ਤਿਓਹਾਰ ਦੇਸ਼ ਵਾਸੀਆਂ ਵਿੱਚ ਆਪਸੀ ਪਿਆਰ ਤੇ ਸਦਭਾਵਨਾ ਨੂੰ ਮਜ਼ਬੂਤ ਕਰੇਗਾ।’’ -ਪੀਟੀਆਈ