ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਰੋਜ਼ਾ ਦੌਰੇ ’ਤੇ ਸਿੰਗਾਪੁਰ ਪੁੱਜੇ
ਸਿੰਗਾਪੁਰ, 4 ਸਤੰਬਰ
PM Narendra Modi Singapore Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਸਿੰਗਾਪੁਰ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੇ ਉਦੇਸ਼ ਨਾਲ ਬੁੱਧਵਾਰ ਨੂੰ ਇੱਥੇ ਦੋ ਰੋਜ਼ਾ ਦੌਰੇ ’ਤੇ ਪੁੱਜੇ ਹਨ। ਨਵੀਂ ਦਿੱਲੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ’ਤੇ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸਿੰਗਾਪੁਰ ਦੀ ਲੀਡਰਸ਼ਿਪ ਦੀਆਂ ਤਿੰਨ ਪੀੜ੍ਹੀਆਂ ਨਾਲ ਜੁੜਨਗੇ। ਪੰਜਵੀਂ ਅਧਿਕਾਰਤ ਯਾਤਰਾ ’ਤੇ ਪੁੱਜਣ ਮੌਕੇ ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਅਸੀਂ ਸਿੰਗਾਪੁਰ ਨਾਲ ਨਜ਼ਦੀਕੀ ਸੱਭਿਆਚਾਰਕ ਸਬੰਧਾਂ ਦੀ ਵੀ ਉਮੀਦ ਕਰਦੇ ਹਾਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਰੂਨਈ ਦੀ ਯਾਤਰਾ ’ਤੇ ਸਨ, ਜੋ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ।
ਮੋਦੀ ਸੀਨੀਅਰ ਮੰਤਰੀ ਲੀ ਹਸੀਨ ਲੂੰਗ ਅਤੇ ਐਮਰੀਟਸ ਸੀਨੀਅਰ ਮੰਤਰੀ ਗੋਹ ਚੋਕ ਟੋਂਗ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਸ੍ਰੀ ਮੋਦੀ ਸਿੰਗਾਪੁਰ ਦੇ ਕਾਰੋਬਾਰੀ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਦੇਸ਼ ਦੇ ਸੈਮੀਕੰਡਕਟਰ ਈਕੋਸਿਸਟਮ ਬਾਰੇ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਸੈਮੀਕੰਡਕਟਰ ਸੈਕਟਰ ਵਿੱਚ ਕਿਰਤ ਸ਼ਕਤੀ ਦੀ ਹੁਨਰਮੰਦੀ ਵਿੱਚ ਸਹਿਯੋਗ ਲਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਹੁਨਰ ਕੇਂਦਰਾਂ ਤੋਂ ਲੈ ਕੇ ਸਿੰਗਾਪੁਰ ਦੀਆਂ ਫਰਮਾਂ ਦੁਆਰਾ ਸਿਖਲਾਈ ਅਤੇ ਭਰਤੀ ਤੱਕ, ਇਹ ਭਾਰਤ ਦੇ ਨੌਜਵਾਨਾਂ ਨੂੰ ਬਿਹਤਰ ਹੁਨਰ ਅਤੇ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। -ਪੀਟੀਆਈ