For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿਚਲੇ ਅੱਠ ਕੌਮੀ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ ਪ੍ਰਧਾਨ ਮੰਤਰੀ ਮੋਦੀ

08:36 AM Aug 23, 2024 IST
ਪੰਜਾਬ ਵਿਚਲੇ ਅੱਠ ਕੌਮੀ ਪ੍ਰਾਜੈਕਟਾਂ ਦੀ ਸਮੀਖਿਆ ਕਰਨਗੇ ਪ੍ਰਧਾਨ ਮੰਤਰੀ ਮੋਦੀ
ਲੁਧਿਆਣਾ ਜ਼ਿਲ੍ਹੇ ਵਿੱਚ ਅਧੂਰਾ ਪਿਆ ਕੌਮੀ ਮਾਰਗ ਦਾ ਨਿਰਮਾਣ ਕਾਰਜ।
Advertisement

ਗਗਨਦੀਪ ਅਰੋੜਾ
ਲੁਧਿਆਣਾ, 22 ਅਗਸਤ
ਪੰਜਾਬ ਵਿੱਚ ਕੌਮੀ ਮਾਰਗਾਂ ਦੇ ਨਿਰਮਾਣ ਵਿੱਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਸਣੇ ਉਹ ਅੱਠ ਪ੍ਰਾਜੈਕਟ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੱਦ ਕਰਨ ਦੀ ਧਮਕੀ ਦਿੱਤੀ ਹੈ। ਇਹ ਮੀਟਿੰਗ 28 ਅਗਸਤ ਨੂੰ ਦਿੱਲੀ ਵਿੱਚ ਹੋਣ ਦੀ ਸੰਭਾਵਨਾ ਹੈ ਜਿਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਕੇਂਦਰ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਜ਼ਰ ਰੱਖ ਰਹੇ ਹਨ। ਇਹ ਪ੍ਰਾਜੈਕਟ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ ਵਿੱਚੋਂ ਲੰਘਣਾ ਹੈ ਜਿਸ ਲਈ ਸਭ ਤੋਂ ਵੱਧ ਸਮੱਸਿਆਵਾਂ ਪੰਜਾਬ ਵਿੱਚ ਆ ਰਹੀਆਂ ਹਨ। ਇਹ ਪ੍ਰਾਜੈਕਟ ਤਕਰੀਬਨ 670 ਕਿਲੋਮੀਟਰ ਲੰਮਾ ਹੈ ਤੇ ਇਸ ਪ੍ਰਾਜੈਕਟ ’ਤੇ ਬਾਕੀ ਸੂਬਿਆਂ ਵਿੱਚ ਤਾਂ ਕੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਪੰਜਾਬ ਵਿਚਲੇ 396 ਕਿਲੋਮੀਟਰ ਦਾ ਕੰਮ ਹਾਲੇ ਲਟਕਿਆ ਪਿਆ ਹੈ।
ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਨ ਕਾਰਨ ਉਨ੍ਹਾਂ ਦੇ ਪ੍ਰਾਜੈਕਟ ਬੰਦ ਹੋ ਰਹੇ ਹਨ। ਇੱਥੇ ਕੋਈ ਕੰਪਨੀ ਕੰਮ ਨਹੀਂ ਕਰਨਾ ਚਾਹੁੰਦੀ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜੇ ਮਾਹੌਲ ਠੀਕ ਨਾ ਹੋਇਆ ਤਾਂ ਉਹ ਪੰਜਾਬ ਵਿੱਚ ਚੱਲ ਰਹੇ ਕੌਮੀ ਹਾਈਵੇਅ ਦੇ ਅੱਠ ਪ੍ਰਾਜੈਕਟਾਂ ਨੂੰ ਰੱਦ ਕਰ ਦੇਣਗੇ। ਇਸ ਪ੍ਰਾਜੈਕਟ ਨੂੰ ਸ਼ੁਰੂ ਹੋਏ 8 ਸਾਲ ਹੋ ਗਏ ਹਨ ਪਰ ਹਾਲੇ ਵੀ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਰਿਹਾ ਜਿਸ ਦਾ ਬੋਝ ਖਜ਼ਾਨੇ ’ਤੇ ਪੈ ਰਿਹਾ ਹੈ।
ਸੂਤਰਾਂ ਮੁਤਾਬਕ ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋਇਆ ਸੀ ਤਾਂ 25 ਹਜ਼ਾਰ ਕਰੋੜ ਰੁਪਏ ਵਿਚ ਮੁਕੰਮਲ ਹੋਣਾ ਸੀ, ਹੁਣ 8 ਸਾਲਾਂ ਬਾਅਦ ਇਹ ਪ੍ਰਾਜੈਕਟ ਮਹਿੰਗਾਈ ਵਧਣ ਕਾਰਨ 35 ਹਜ਼ਾਰ 406 ਕਰੋੜ ਰੁਪਏ ਦਾ ਹੋ ਗਿਆ ਹੈ। ਸਮੀਖਿਆ ਮੀਟਿੰਗ ਵਿੱਚ ਦਿੱਲੀ-ਕਟੜਾ ਐਕਸਪ੍ਰੈੱਸਵੇਅ ਦੇ ਪੰਜਾਬ ਵਿੱਚੋਂ ਲੰਘਣ ਬਾਰੇ ਚਰਚਾ ਹੋਵੇਗੀ ਜਿਸ ਵਿੱਚ ਜਲੰਧਰ ਵਿੱਚੋਂ ਲੰਘਣ ਵਾਲਾ 72 ਕਿਲੋਮੀਟਰ, ਲੁਧਿਆਣਾ ਵਿਚ 39.95 ਕਿਲੋਮੀਟਰ, ਗੁਰਦਾਸਪੁਰ ਵਿਚ 43 ਕਿਲੋਮੀਟਰ, ਮਾਲੇਰਕੋਟਲਾ ਵਿੱਚ 27 ਕਿਲੋਮੀਟਰ, ਸੰਗਰੂਰ ਵਿਚ 47 ਕਿਲੋਮੀਟਰ, ਪਟਿਆਲਾ ਵਿਚ ਪੰਜ ਕਿਲੋਮੀਟਰ ਤੇ ਕਪੂਰਥਲਾ ਵਿੱਚ 28 ਕਿਲੋਮੀਟਰ ਵਾਲਾ ਖੇਤਰ ਸ਼ਾਮਲ ਹੈ। ਇਸ ਵਿੱਚ ਸਿਰਫ਼ ਪਟਿਆਲਾ ਨੂੰ ਛੱਡ ਬਾਕੀ ਸਾਰੀਆਂ ਥਾਵਾਂ ’ਤੇ 50 ਫੀਸਦੀ ਕੰਮ ਬਕਾਇਆ ਪਿਆ ਹੈ। ਇਸ ਤੋਂ ਇਲਾਵਾ ਲੁਧਿਆਣਾ-ਬਠਿੰਡਾ ਹਾਈਵੇਅ, ਲੁਧਿਆਣਾ-ਰੋਪੜ ਹਾਈਵੇਅ ਪ੍ਰਾਜੈਕਟ ਤੇ ਅੰਮ੍ਰਿਤਸਰ-ਬਠਿੰਡਾ ਹਾਈਵੇਅ ਪ੍ਰਾਜੈਕਟ ’ਤੇ ਵੀ ਚਰਚਾ ਕੀਤੀ ਜਾਏਗੀ। ਇਸ ਦਾ ਕੰਮ ਵੀ ਪੰਜਾਬ ਵਿੱਚ ਚੱਲ ਰਿਹਾ ਹੈ।

ਪੰਜਾਬ ਵਿੱਚ ਸਭ ਤੋਂ ਵੱਧ ਕੰਮ ਅਧੂਰਾ

ਦਿੱਲੀ-ਕੱਟੜਾ ਗ੍ਰੀਨਫੀਲਡ ਐਕਸਪ੍ਰੈੱਸਵੇਅ 670 ਕਿਲੋਮੀਟਰ ਦਾ ਹੈ, ਜਿਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੈ। ਪੰਜਾਬ ਵਿੱਚ ਇਹ ਐਕਸਪ੍ਰੈੱਅ ਵੇਅ ਤਕਰੀਬਨ 396 ਕਿਲੋਮੀਟਰ ਖੇਤਰ ਵਿੱਚੋਂ ਲੰਘੇਗਾ ਜਿਸ ਵਿੱਚ ਸਿੱਧੇ ਤੌਰ ’ਤੇ 297 ਕਿਲੋਮੀਟਰ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦਾ ਸਿੱਧਾ ਹਿੱਸਾ ਤੇ 99 ਕਿਲੋਮੀਟਰ ਇਸ ਨੂੰ ਅੰਮ੍ਰਿਤਸਰ ਤੱਕ ਜੋੜਨ ਦਾ ਹਿੱਸਾ ਸ਼ਾਮਲ ਹੈ। ਇਹ ਪ੍ਰਾਜੈਕਟ ਦਾ ਐਂਟਰੀ ਪੁਆਇੰਟ ਪਾਤੜਾਂ ਹੋਵੇਗਾ। ਇਹ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਨਿਕਲੇਗਾ ਜਿਸ ਲਈ ਵੱਡੇ ਸ਼ਹਿਰਾਂ ਵਿੱਚ ਐਂਟਰੀ ਤੇ ਐਗਜ਼ਿਟ ਪੁਆਇੰਟ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਦਾ 50 ਫੀਸਦੀ ਕੰਮ ਹਾਲੇ ਬਕਾਇਆ ਹੈ। ਇਸ ਸਬੰਧੀ ਬਹੁਤ ਸਾਰੀਆਂ ਥਾਵਾਂ ’ਤੇ ਜ਼ਮੀਨ ਐਕੁਆਇਰ ਹੋ ਗਈ ਹੈ ਪਰ ਕਿਸਾਨਾਂ ਨੇ ਹਾਲੇ ਕਬਜ਼ਾ ਨਹੀਂ ਛੱਡਿਆ ਹੈ। ਕਿਸਾਨਾਂ ਤੇ ਸਰਕਾਰ ਵਿਚਾਲੇ ਜ਼ਮੀਨ ਐਕੁਆਇਰ ਕਰਨ ਦੇ ਰੇਟ ਨੂੰ ਲੈ ਕੇ ਵਿਵਾਦ ਹੈ। ਪਟਿਆਲਾ ਵਿੱਚ ਕੰਮ ਪੂਰਾ ਹੋ ਗਿਆ ਹੈ ਪਰ ਬਾਕੀ ਥਾਵਾਂ ’ਤੇ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ 2013 ਵਿੱਚ ਜ਼ਮੀਨ ਐਕੁਆਇਰ ਕਰਨ ਲਈ ਬਣੇ ਐਕਟ ਤਹਿਤ ਜ਼ਮੀਨ ਦੀ ਕੀਮਤ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਮੁੜ ਵਸੇਬਾ ਕਰ ਸਕਣ।

Advertisement

Advertisement
Author Image

joginder kumar

View all posts

Advertisement
×