For the best experience, open
https://m.punjabitribuneonline.com
on your mobile browser.
Advertisement

ਭਾਰਤ ਮਾਲਾ ਪ੍ਰਾਜੈਕਟ: ਪ੍ਰਸ਼ਾਸਨ ਨੇ ਤੜਕੇ ਸਾਢੇ ਚਾਰ ਵਜੇ ਢਾਹੀਆਂ ਉਸਾਰੀਆਂ

08:37 AM Aug 23, 2024 IST
ਭਾਰਤ ਮਾਲਾ ਪ੍ਰਾਜੈਕਟ  ਪ੍ਰਸ਼ਾਸਨ ਨੇ ਤੜਕੇ ਸਾਢੇ ਚਾਰ ਵਜੇ ਢਾਹੀਆਂ ਉਸਾਰੀਆਂ
ਪਿੰਡ ਚੱਕ ਬਖਤੂ ਵਿੱਚ ਪ੍ਰਸ਼ਾਸਨ ਵੱਲੋਂ ਢਾਹੀਆਂ ਗਈਆਂ ਉਸਾਰੀਆਂ।
Advertisement

ਪਵਨ ਗੋਇਲ
ਭੁੱਚੋ ਮੰਡੀ, 22 ਅਗਸਤ
ਪਿੰਡ ਚੱਕ ਬਖਤੂ ਵਿੱਚ ਅੱਜ ਭਾਰਤ ਮਾਲਾ ਪ੍ਰਾਜੈਕਟ (ਜਾਮਨਗਰ-ਲੁਧਿਆਣਾ-ਸ੍ਰੀ ਅੰਮ੍ਰਿਤਸਰ ਸਾਹਿਬ) ਲਈ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਆਏ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਖਾਲੀ ਹੱਥ ਵਾਪਸ ਜਾਣਾ ਪਿਆ। ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਕਿਹਾ, ‘‘ਪਹਿਲਾਂ ਮੁਆਵਜ਼ੇ ਤੋਂ ਵਾਂਝੀਆਂ ਥਾਵਾਂ ਦੇ ਪੈਸੇ ਦਿੱਤੇ ਜਾਣ, ਖਾਲ਼ਾਂ ਲਈ ਵਾਜਬ ਰਸਤਾ ਛੱਡਿਆ ਜਾਵੇ ਅਤੇ ਤੰਗ ਪੁਲ ਨੂੰ ਚੌੜਾ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ।’’ ਕਿਸਾਨਾਂ ਅਨੁਸਾਰ ਅਧਿਕਾਰੀ ਪੁਲੀਸ ਸਮੇਤ ਸਵੇਰੇ ਸਾਢੇ ਚਾਰ ਵਜੇ ਆਏ ਸਨ ਪਰ ਕਿਸਾਨਾਂ ਨੂੰ ਛੇ ਵਜੇ ਉਨ੍ਹਾਂ ਦੇ ਆਉਣ ਬਾਰੇ ਪਤਾ ਲੱਗਿਆ, ਉਦੋਂ ਤੱਕ ਪ੍ਰਸ਼ਾਸਨ ਨੇ ਜੇਸੀਬੀ ਮਸ਼ੀਨਾਂ ਨਾਲ ਕੁਝ ਮਕਾਨਾਂ ਦੀਆਂ ਕੰਧਾਂ ਢਾਹ ਦਿੱਤੀਆਂ ਸਨ। ਇਸ ਮੌਕੇ ਭਾਰੀ ਪੁਲੀਸ ਫੋਰਸ ਨਾਲ ਮੌਜੂਦ ਬਠਿੰਡਾ ਦੇ ਐੱਸਡੀਐੱਮ ਅਨਾਇਤ, ਐੱਸਪੀ (ਹੈੱਡਕੁਆਰਟਰ) ਨਰਿੰਦਰ ਸਿੰਘ, ਨਥਾਣਾ ਦੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਅਤੇ ਠੇਕੇਦਾਰ ਬਰਜੇਸ਼ ਕੁਮਾਰ ਨੇ ਕਿਸਾਨਾਂ ਨਾਲ ਸ਼ਾਂਤ ਮਹੌਲ ਵਿੱਚ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਮੱਸਿਆਵਾਂ ਦਾ ਬੈਠ ਕੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਭਲਕੇ 23 ਅਗਸਤ ਨੂੰ ਬਠਿੰਡਾ ਵਿੱਚ ਮੀਟਿੰਗ ਲਈ ਸੱਦ ਲਿਆ ਹੈ। ਐੱਸਡੀਐੱਮ ਅਨਾਇਤ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਮੱਸਿਆਵਾਂ ਸੁਣਨ ਤੋਂ ਬਾਅਦ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਕਬਜ਼ਾ ਲੈਣ ਦਾ ਕੰਮ ਰੋਕ ਦਿੱਤਾ ਅਤੇ ਵਾਪਸ ਚਲੇ ਗਏ।
ਇਸ ਮੌਕੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਭਰਾਵਾਂ ਮਨਜੀਤ ਸਿੰਘ, ਬਲਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਸਣੇ ਉਨ੍ਹਾਂ ਕੋਲ 44 ਸੌ ਵਰਗ ਫੁੱਟ ਖੇਤਰ ਹੈ, ਜਿਸ ਵਿੱਚ ਬਜਰੀ ਦੀਆਂ ਪੱਕੀਆਂ ਛੱਤਾਂ ਬਣੀਆਂ ਹੋਈਆਂ ਹਨ। ਉਸ ਦੇ ਦੋ ਭਰਾਵਾਂ ਨੂੰ ਤਾਂ ਸਰਕਾਰ ਨੇ 22 ਸੌ ਵਰਗ ਫੁੱਟ ਦੇ 36-36 ਲੱਖ ਰੁਪਏ ਦੇ ਦਿੱਤੇ, ਉਸ ਨੂੰ ਖੇਤੀ ਮੋਟਰ ਦੇ 3 ਲੱਖ ਅਤੇ ਇਮਾਰਤ ਦੇ 38 ਲੱਖ ਦੇ ਦਿੱਤੇ ਪਰ ਉਸ ਦੇ ਭਰਾ ਰਣਜੀਤ ਸਿੰਘ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਤੋਂ ਇਲਾਵਾ ਉਸ ਦੇ ਚਾਰ ਭਰਾਵਾਂ ਦੇ ਚਾਰ-ਚਾਰ ਮਰਲਿਆਂ ਦਾ ਮੁਆਵਜ਼ਾ ਅਜੇ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਦੀਆਂ ਥਾਵਾਂ ਮੁਆਵਜ਼ੇ ਲਈ ਗਿਣਤੀ ਵਿੱਚ ਨਹੀਂ ਆਈਆਂ, ਉਨ੍ਹਾਂ ਥਾਵਾਂ ਦਾ ਮੁਆਵਜ਼ਾ ਮਿਲਣੇ ਅਜੇ ਰਹਿੰਦਾ ਹੈ। ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਕੌਮੀ ਮਾਰਗ ਅਥਾਰਿਟੀ ਵੱਲੋਂ ਖੇਤਾਂ ਵਿੱਚ ਬਣਾਇਆ ਗਿਆ ਪੁਲ ਕਾਫੀ ਤੰਗ ਹੈ ਅਤੇ ਪਹੀ ਤੋਂ ਪਾਸੇ ਬਣਾਇਆ ਗਿਆ ਹੈ। ਇਸ ਵਿੱਚੋਂ ਸਿਰਫ ਟਰੈਕਟਰ ਹੀ ਲੰਘਦਾ ਹੈ। ਇਸ ਨੂੰ ਵੱਡਾ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਪਾਣੀ ਲਗਾਉਣ ਲਈ ਜੋ ਖਾਲ਼ ਬਣਾਏ ਸਨ, ਉਨ੍ਹਾਂ ਥਾਵਾਂ ’ਤੇ ਪੁਲੀਆਂ ਬਣਾਉਣ ਦੀ ਥਾਂ ਹੋਰ ਥਾਵਾਂ ’ਤੇ ਰਸਤੇ ਛੱਡੇ ਗਏ ਹਨ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਐੱਸਡੀਐੱਮ ਨਾਲ ਮੀਟਿੰਗ ਵਿੱਚ ਉਹ ਸਾਰੇ ਮਸਲੇ ਅਧਿਕਾਰੀਆਂ ਸਾਹਮਣੇ ਰੱਖਣਗੇ।

Advertisement
Advertisement
Author Image

joginder kumar

View all posts

Advertisement
×