ਪ੍ਰਧਾਨ ਮੰਤਰੀ ਮੋਦੀ ਨੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਡੀਐੱਮਕੇ ਨੂੰ ਭੰਡਿਆ
ਵੈਲੋਰ/ਮੇਟੂਪਲਾਯਮ, 10 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਾਮਿਲ ਨਾਡੂ ਦੀ ਹਾਕਮ ਪਾਰਟੀ ਦ੍ਰਾਵਿੜ ਮੁਨੇਤਰ ਕੜਗਮ (ਡੀਐੱਮਕੇ) ’ਤੇ ਤਿੱਖਾ ਹਮਲਾ ਬੋਲਦਿਆਂ ਉਸ ’ਤੇ ‘ਨਫਰਤ ਤੇ ਵੰਡ ਪਾਊ ਸਿਆਸਤ’ ਵਿੱਚ ਸ਼ਾਮਲ ਹੋਣ, ਭ੍ਰਿਸ਼ਟਾਚਾਰ ਦਾ ਸਮਾਨਅਰਥੀ ਹੋਣ ਅਤੇ ਸੂਬੇ ਦੇ ਵਿਕਾਸ ਦੀ ਕੋਈ ਚਿੰਤਾ ਨਾ ਕਰਨ ਦਾ ਦੋਸ਼ ਲਾਇਆ। ਲੋਕ ਸਭਾ ਚੋਣਾਂ ਤਹਿਤ 19 ਅਪਰੈਲ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੂਬੇ ਦੇ ਵੈਲੋਰ ਤੇ ਮੇਟੂਪਲਾਯਮ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਦੀ ਵੀ ਸਖ਼ਤ ਆਲੋਚਨਾ ਕੀਤੀ ਅਤੇ ਉਸ ਨੂੰ ਤੇ ਡੀਐੱਮਕੇ ਨੂੰ ਪਰਿਵਾਰਵਾਦੀ ਦੱਸਿਆ।
ਉਨ੍ਹਾਂ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਡੀਐੱਮਕੇ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਮੁੱਦੇ ’ਤੇ ਪਹਿਲਾ ਕਾਪੀਰਾਈਟ ਹਾਕਮ ਧਿਰ ਕੋਲ ਹੈ ਅਤੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੇ ਪਰਿਵਾਰ ਦਾ ਇਰਾਦਾ ਸੂਬੇ ਨੂੰ ਲੁੱਟਣ ਦਾ ਹੈ। ਉਨ੍ਹਾਂ ਡੀਐੱਮਕੇ ’ਤੇ ਇੱਕ ਹੀ ਪਰਿਵਾਰਕ ਕੰਪਨੀ ਹੋਣ ਦਾ ਦੋਸ਼ ਲਾਇਆ ਜੋ ਪੁਰਾਣੀ ਸੋਚ ਕਾਰਨ ਸੂਬੇ ਦੇ ਨੌਜਵਾਨਾਂ ਦੀ ਤਰੱਕੀ ਦੇ ਰਾਹ ਵਿੱਚ ਅੜਿੱਕਾ ਬਣ ਰਹੀ ਹੈ। ਮੋਦੀ ਨੇ ਦੋਸ਼ ਲਾਇਆ ਕਿ ਇੱਕ ਪਾਸੇ ਦੇਸ਼ ‘ਮੇਕ ਇਨ ਇੰਡੀਆ’ ਪਹਿਲ ਨਾਲ ਤਰੱਕੀ ਕਰ ਰਿਹਾ ਹੈ ਪਰ ਡੀਐੱਮਕੇ ਉਨ੍ਹਾਂ ਲੋਕਾਂ ਨਾਲ ਖੜ੍ਹੀ ਹੈ ਜੋ ਦੇਸ਼ ’ਚ ਨਿਵੇਸ਼ ਨੂੰ ਖਤਮ ਕਰਨਾ ਚਾਹੁੰਦੇ ਹਨ। ਮੋਦੀ ਨੇ ਕਾਂਗਰਸ ’ਤੇ ਪੱਖਪਾਤ ਤੇ ਵੰਡ ਪਾਉਣ ਦੀ ਖਤਰਨਾਕ ਖੇਡ ਖੇਡਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹੀ ਕੰਮ ਤਾਮਿਲ ਨਾਡੂ ’ਚ ਡੀਐੱਮਕੇ ਕਰਦੀ ਹੈ। -ਪੀਟੀਆਈ
‘ਵਿਰੋਧੀ ਧਿਰ ਗਰੀਬ ਮਾਂ ਦੇ ਪੁੱਤਰ ਨੂੰ ਅੱਗੇ ਵਧਦਾ ਨਹੀਂ ਦੇਖ ਸਕਦੀ’
ਨਾਗਪੁਰ: ਇਸੇ ਦੌਰਾਨ ਨਾਗਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿਣ ਲਈ ਕਿ ਜੇਕਰ ਉਹ (ਮੋਦੀ) ਜਿੱਤ ਕੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਤਾਂ ਸੰਵਿਧਾਨ ਤੇ ਲੋਕਤੰਤਰ ਨੂੰ ਖ਼ਤਰਾ ਪੈਦਾ ਹੋ ਜਾਵੇਗਾ ਵਿਰਧੀ ਧਿਰ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ, ‘‘ਜਦੋਂ ਇਕ ਗ਼ਰੀਬ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਵਿਰੋਧੀ ਧਿਰ ਲਈ ਲੋਕਤੰਤਰ ਖ਼ਤਰੇ ਵਿੱਚ ਆ ਜਾਂਦਾ ਹੈ। ਵਿਰੋਧੀ ਧਿਰ ਇਕ ਗ਼ਰੀਬ ਮਾਂ ਦੇ ਪੁੱਤ ਨੂੰ ਅੱਗੇ ਵਧਦੇ ਹੋਏ ਨਹੀਂ ਦੇਖ ਸਕਦੀ ਹੈ ਪਰ ਮੋਦੀ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।’’