ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪ੍ਰਧਾਨ ਮੰਤਰੀ: ਫਾਰੂਕ ਅਬਦੁੱਲਾ
ਸ੍ਰੀਨਗਰ/ਕੁਲਗਾਮ, 15 ਸਤੰਬਰ
ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਕੇ ਦੇਸ਼ ਨੂੰ ‘ਗੁੰਮਰਾਹ’ ਕਰ ਰਹੇ ਹਨ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਦੀ ਸਰਕਾਰ ਬਣਨ ਨਾਲ ਦਹਿਸ਼ਤਗਰਦੀ ਸੁਰਜੀਤ ਹੋਵੇਗੀ। ਨੈਸ਼ਨਲ ਕਾਨਫਰੰਸ ਆਗੂ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਧਾਰਾ 370 ਰੱਦ ਕੀਤੇ ਜਾਣ ਮਗਰੋਂ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਦਾ ਹੀ ਸ਼ਾਸਨ ਹੈ। ਉਹ ਆਮ ਤੌਰ ’ਤੇ ਕਹਿੰਦੇ ਹਨ ਕਿ ਇੱਥੇ ਦਹਿਸ਼ਤਗਰਦੀ ਲਈ ਧਾਰਾ 370 ਜ਼ਿੰਮੇਵਾਰ ਹੈ ਪਰ ਅੱਜ ਧਾਰਾ 370 ਨਹੀਂ ਹੈ। ਇਹ ਅਤਿਵਾਦ ਕਿੱਥੋਂ ਆ ਰਿਹਾ ਹੈ।’’
ਅਬਦੁੱਲਾ ਨੇ ਗੰਦਰਬਲ ਹਲਕੇ ਤੋਂ ਪਾਰਟੀ ਉਮੀਦਵਾਰ ਉਮਰ ਅਬਦੁੱਲਾ ਦੇ ਹੱਕ ’ਚ ਚੋਣ ਪ੍ਰਚਾਰ ਦੌਰਾਨ ਕਿਹਾ, ‘‘ਇਹ ਹਥਿਆਰ ਕਿਥੋਂ ਆ ਰਹੇ ਹਨ ਜਿਨ੍ਹਾਂ ਨਾਲ ਆਮ ਲੋਕਾਂ ਦੀ ਹੱਤਿਆ ਅਤੇ ਫੌਜ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ।’’ ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਪੀਡੀਪੀ ਦੇ ਸੱਤਾ ’ਚ ਆਉਣ ਖ਼ਿਲਾਫ਼ ਲੋਕਾਂ ਨੂੰ ਚੌਕਸ ਕਰਨ ਦੇ ਇੱਕ ਦਿਨ ਬਾਅਦ ਕੀਤੀ ਹੈ। ਮੋਦੀ ਨੇ ਦੋਸ਼ ਲਾਇਆ ਸੀ ਕਿ ਉਕਤ ਪਾਰਟੀਆਂ ਦੀਆਂ ਨੀਤੀਆਂ ਨੇ ਦਹਿਸ਼ਤਗਰਦੀ ਦਾ ਪਿੜ ਬੰੰਨ੍ਹਿਆ, ਨੌਜਵਾਨ ਲੀਡਰਸ਼ਿਪ ਨੂੰ ਦਬਾਇਆ ਅਤੇ ਜੰਮੂ-ਕਸ਼ਮੀਰ ਨੂੰ ਖੋਖਲਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਸਾਡੇ ’ਤੇ ਦੋਸ਼ ਲਾਉਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਇੱਕ ਉਂਗਲ ਸਾਡੇ ਵੱਲ ਕਰਦੇ ਹੋ ਤਾਂ ਤਿੰਨ ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਹਨ। ਤੁਸੀਂ ਕੀ ਕੀਤਾ ਹੈ? ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਤੁਸੀਂ ਰੋਜ਼ਾਨਾ ਝੂਠ ਬੋਲ ਰਹੇ ਹੋ।’’
ਦੂਜੇ ਪਾਸੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਅਸੈਂਬਲੀ ਚੋਣਾਂ ਸਿਰਫ ਵਿਕਾਸ ਕਰਨ ਲਈ ਹੀ ਨਹੀਂ ਬਲਕਿ ਭਾਜਪਾ ਨੂੰ ਕਸ਼ਮੀਰ ਦੇ ਮੁੱਦੇ ਅਤੇ ਧਾਰਾ 370 ਨੂੰ ਦਫਨ ਕਰਨ ਤੋਂ ਰੋਕਣ ਲਈ ਵੀ ਲੜ ਰਹੀ ਹੈ। ਮੁਫਤੀ ਮੁਤਾਬਕ, ‘‘ਭਾਜਪਾ ਲਈ ਸ਼ਰਮ ਵਾਲੀ ਗੱਲ ਹੈ ਕਿ ਉਹ ਕਹਿ ਰਹੀ ਹੈ ਕਿ ਸਥਿਤੀ ਸੁਧਰ ਰਹੀ ਹੈ ਪਰ ਉਹ ਜੰਮੂ-ਕਸ਼ਮੀਰ ’ਚ ਪਿਛਲੇ 10 ਸਾਲਾਂ ਤੋਂ ਚੋਣਾਂ ਨਹੀਂ ਕਰਵਾ ਸਕੀ। ਲੋਕ ਦੁਖੀ ਹਨ, ਉਨ੍ਹਾਂ ਦਾ ਦਮ ਘੁਟ ਰਿਹਾ ਹੈ। ਉਹ ਅਜਿਹੀ ਸਰਕਾਰ ਬਣਾਉਣਾ ਚਾਹੁੰਦੇ ਹਨ, ਜਿਹੜੀ ਉਨ੍ਹਾਂ ਦੀਆਂ ਚਿੰਤਾਵਾਂ ਤੇ ਮੁਸ਼ਕਲਾਂ ਦੂੁਰ ਕਰ ਸਕੇ।’’ -ਪੀਟੀਆਈ
ਕਾਂਗਰਸ ਦੋ ਦਿਨਾਂ ’ਚ ਜਾਰੀ ਕਰੇਗੀ ਚੋਣ ਮਨੋਰਥ ਪੱਤਰ: ਸੋਲੰਕੀ
ਜੰਮੂ: ਕਾਂਗਰਸ ਦੇ ਸੀਨੀਅਰ ਆਗੁੂ ਭਰਤ ਸਿੰਘ ਸੋਲੰਕੀ ਨੇ ਅੱਜ ਭਾਜਪਾ ਦੇ ਚੋਣ ਵਾਅਦਿਆਂ ਨੂੰ ‘ਖੋਖਲਾ’ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਆਪਣਾ ਚੋਣ ਮਨੋਰਥ ਪੱਤਰ ਦੋ ਦਿਨਾਂ ਦੇ ਅੰਦਰ ਜਾਰੀ ਕਰੇਗੀ। ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਬਣਨ ਦਾ ਭਰੋਸਾ ਜਤਾਉਂਦਿਆਂ ਸੌਲੰਕੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਭਗਵਾ ਪਾਰਟੀ ਦਹਿਸ਼ਤਗਰਦੀ ਨੂੰ ਖਤਮ ਕਰਨ, ਕਸ਼ਮੀਰੀ ਪੰਡਿਤਾਂ ਦੀ ਵਾਪਸੀ ਤੇ ਮੁੜ ਵਸੇਬਾ ਯਕੀਨੀ ਬਣਾਉਣ ਅਤੇ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਇਸੇ ਦੌਰਾਨ ਭਾਜਪਾ ਦੇ ਇੱਕ ਆਗੂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਸੋਮਵਾਰ ਨੂੰ ਚਨਾਬ ਘਾਟੀ ’ਚ ਪੈਂਦੇ ਰਾਮਬਨ, ਕਿਸ਼ਤਵਾੜ ਅਤੇ ਪੱਡਰ ਵਿੱਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। -ਪੀਟੀਆਈ