ਗੁਜਰਾਤ ਡਾਇਓਸਿਸ ਦੇ ਪਾਦਰੀ ਅੰਮ੍ਰਿਤਸਰ ਪੁੱਜੇ
ਅੰਮ੍ਰਿਤਸਰ, 13 ਮਾਰਚ
ਬਿਸ਼ਪ ਸਿਲਵਾਨਸ ਕ੍ਰਿਸ਼ਚੀਅਨ ਦੀ ਅਗਵਾਈ ਹੇਠ ਗੁਜਰਾਤ ਡਾਇਓਸਿਸ ਦੇ 140 ਈਸਾਈ ਪਾਦਰੀਆਂ ਦਾ ਇੱਕ ਵਫ਼ਦ ਇੱਕ ਦਿਨ ਦੀ ਅਧਿਆਤਮਕ ਯਾਤਰਾ ਲਈ ਅੰਮ੍ਰਿਤਸਰ ਡਾਇਓਸਿਸ ਵਿੱਚ ਪੁੱਜ ਗਿਆ ਹੈ। ਇਸ ਅਧਿਆਤਮਕ ਅਭਿਆਸ ਦਾ ਸੰਚਾਲਨ ਚਰਚ ਆਫ਼ ਨੌਰਥ ਇੰਡੀਆ (ਸੀਐੱਨਆਈ) ਦੇ ਕਾਰਜਕਾਰੀ ਡਿਪਟੀ ਮੌਡੇਰੇਟਰ ਮਨੋਜ ਚਰਨ ਵੱਲੋਂ ਕੀਤਾ ਗਿਆ। ਉਹ ਬੰਬੇ ਡਾਇਓਸਿਸ ਦੇ ਬਿਸ਼ਪ ਹਨ ਅਤੇ ਉਨ੍ਹਾਂ ਕੋਲ ਭੋਪਾਲ ਡਾਇਓਸਿਸ ਅਤੇ ਅੰਮ੍ਰਿਤਸਰ ਡਾਇਓਸਿਸ ਦਾ ਵਾਧੂ ਚਾਰਜ ਵੀ ਹੈ। ਗੁਜਰਾਤ ਡਾਇਓਸਿਸ ਦੇ ਪਾਦਰੀਆਂ ਦਾ ਇਹ ਸਮੂਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਦੌਰੇ ਦੌਰਾਨ ਲੁਧਿਆਣਾ ਵੀ ਰੁਕਿਆ ਸੀ। ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਉਨ੍ਹਾਂ ਨੇ ਅਟਾਰੀ ਸਰਹੱਦ ਦਾ ਵੀ ਦੌਰਾ ਕੀਤਾ।
ਇਸ ਮੌਕੇ ਏਡੀਟੀਏ ਦੇ ਸਕੱਤਰ ਡੈਨੀਅਲ ਬੀ ਦਾਸ, ਅੰਮ੍ਰਿਤਸਰ ਡਾਇਓਸਿਸ ਦੇ ਪ੍ਰਸ਼ਾਸਕ ਅਯੂਬ ਡੈਨੀਅਲ, ਅਤੇ ਸੀਐੱਨਆਈ ਸਾਬਕਾ ਜਨਰਲ ਸਕੱਤਰ ਅਲਵਾਨ ਮਸੀਹ ਨੇ ਬਿਸ਼ਪ ਸਿਲਵਾਨਸ ਕ੍ਰਿਸ਼ਚੀਅਨ ਅਤੇ ਉਨ੍ਹਾਂ ਦੀ ਪਤਨੀ ਜੈਨਿਸ਼ ਦਾ ਅੰਮ੍ਰਿਤਸਰ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ ਬਿਸ਼ਪ ਮਨੋਜ ਚਰਨ, ਓਮ ਪ੍ਰਕਾਸ਼, ਵਿੱਤ ਅਧਿਕਾਰੀ, ਸੁਸ਼ੀਲ ਡੈਨੀਅਲ, ਰੈਵਰੈਂਡ ਰਜਨੀ ਬਾਲਾ, ਰੈਵਰੈਂਡ ਸਟੀਫਨ, ਰੈਵਰੈਂਡ ਰਾਜ ਕੁਮਾਰ ਅਤੇ ਡਾਇਓਸਿਸ ਦੇ ਸਥਾਨਕ ਅਧਿਕਾਰੀ ਵੀ ਮੌਜੂਦ ਸਨ।