ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੁੰਮਸ ਵਾਲੇ ਮੌਸਮ ਦੌਰਾਨ ਦੁਧਾਰੂ ਪਸ਼ੂਆਂ ਵਿੱਚ ਪਰਜੀਵੀ ਬਿਮਾਰੀਆਂ ਦੀ ਰੋਕਥਾਮ

07:54 AM Aug 19, 2024 IST

ਕੰਵਰਪਾਲ ਸਿੰਘ ਢਿੱਲੋਂ/ਵਿਵੇਕ ਸ਼ਰਮਾ*

ਪਸ਼ੂ ਪਾਲਣ ਦੇ ਕਿੱਤੇ ਤੋਂ ਪੂਰਾ ਮੁਨਾਫ਼ਾ ਕਮਾਉਣ ਲਈ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਪਰਜੀਵੀ ਉਹ ਛੋਟੇ ਜੀਵ ਹਨ ਜੋ ਆਪਣੀ ਖ਼ੁਰਾਕ ਅਤੇ ਰਹਿਣ ਲਈ ਜਾਨਵਰਾਂ ਜਾਂ ਇਨਸਾਨਾਂ ’ਤੇ ਨਿਰਭਰ ਕਰਦੇ ਹਨ। ਇਹ ਸਰੀਰ ਦੇ ਅੰਦਰ ਵੀ ਹੋ ਸਕਦੇ ਹਨ ਅਤੇ ਬਾਹਰ ਵੀ ਰਹਿ ਸਕਦੇ ਹਨ। ਇਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਈ ਬਿਮਾਰੀਆਂ ਫੈਲਾਉਂਦੇ ਹਨ ਜਿਨ੍ਹਾਂ ਨਾਲ ਪਸ਼ੂ ਬਿਮਾਰ ਹੋ ਜਾਂਦੇ ਹਨ। ਬਿਮਾਰ ਪਸ਼ੂ ਦਾ ਸਮੇਂ ਸਿਰ ਇਲਾਜ ਨਾ ਹੋਣ ’ਤੇ ਉਸ ਦੀ ਮੌਤ ਵੀ ਹੋ ਸਕਦੀ ਹੈ। ਪਸ਼ੂਆਂ ਨੂੰ ਖੂਨ ਦੇ ਪਰਜੀਵੀਆਂ (ਹੀਮੋਪਰੋਟੋਜ਼ੋਆ) ਤੋਂ ਬਚਾਉਣਾ ਅਤਿ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਬਿਮਾਰੀਆਂ ਕਰ ਕੇ ਪਸ਼ੂਆਂ ਦੀ ਦੁੱਧ ਉਤਪਾਦਨ ਸਮਰੱਥਾ ਘਟ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਖੂਨੀ ਪਰਜੀਵੀ (ਹੀਮੋਪਰੋਟੋਜ਼ੋਅਲ) ਰੋਗਾਂ ਨੂੰ ਫੈਲਾੳਣ ਵਾਲੇ ਚਿੱਚੜ ਅਤੇ ਮੱਖੀਆਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ ਅਤੇ ਇਸ ਲਈ ਪਸ਼ੂਆਂ ਵਿੱਚ ਖੂਨ ਦੇ ਪਰਜੀਵੀਆਂ ਦੀਆਂ ਬਿਮਾਰੀਆਂ ਵੀ ਜ਼ਿਆਦਾ ਹੁੰਦੀਆਂ ਹਨ।
ਸਰ੍ਹਾ (ਟਰੀਪੈਨੋਸੋਮੀਏਸਿਸ): ਇਹ ਬਿਮਾਰੀ ਗਾਵਾਂ ਨਾਲੋਂ ਮੱਝਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ। ਇਹ ‘ਟਰੀਪੈਨੋਸੋਮਾ’ ਨਾਮਕ ਪਰਜੀਵੀ ਕਰ ਕੇ ਹੁੰਦੀ ਹੈ ਜੋ ‘ਟੇਬੇਨਸ’ ਨਾਮ ਦੀ ਮੱਖੀ ਫੈਲਾਉਂਦੀ ਹੈ। ਭਾਵੇਂ ਸਾਰਾ ਸਾਲ ਹੀ ਇਸ ਬਿਮਾਰੀ ਨਾਲ ਪਸ਼ੂ ਪੀੜਤ ਹੁੰਦੇ ਰਹਿੰਦੇ ਹਨ, ਪਰ ਬਰਸਾਤਾਂ ਵਿੱਚ ਜਾਂ ਉਸ ਤੋਂ ਬਾਅਦ ਹੋਣ ਵਾਲੀ ਹੁੰਮਸ ਵਾਲੀ ਗਰਮੀ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ।
ਬਿਮਾਰੀ ਦੀਆਂ ਨਿਸ਼ਾਨੀਆਂ:
* ਤੇਜ਼ ਬੁਖਾਰ, ਪਸ਼ੂ ਦਾ ਸੁਸਤ ਹੋਣਾ, ਭੁੱਖ ਨਾ ਲੱਗਣਾ, ਲੜਖੜਾ ਕੇ ਚੱਲਣਾ ਅਤੇ ਔਖੇ ਸਾਹ ਲੈਣਾ।
* ਪਸ਼ੂ ਚੱਕਰ ਕੱਟਦਾ ਹੈ, ਕੰਧਾਂ ਅਤੇ ਖੁਰਲੀਆਂ ਵਿੱਚ ਸਿਰ ਮਾਰਦਾ ਹੈ।
* ਕੁਝ ਸਮੇਂ ਲਈ ਅੱਖਾਂ ਦੀ ਰੋਸ਼ਨੀ ਬੰਦ ਹੋ ਜਾਂਦੀ ਹੈ ਅਤੇ ਕਈ ਵਾਰੀ ਅੱਖਾਂ ਦੀ ਝਿੱਲੀ ਵਿੱਚ ਧੁੰਦਲਾਪਣ ਆ ਜਾਂਦਾ ਹੈ।
* ਦਿਮਾਗੀ ਦੌਰੇ ਪੈਂਦੇ ਹਨ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਪਸ਼ੂ ਬੇਹੋਸ਼ ਹੋ ਕੇ ਡਿੱਗ ਪੈਦਾ ਹੈ ਅਤੇ ਮੌਤ ਹੋ ਜਾਂਦੀ ਹੈ।
ਪਰਖ: ਉੱਪਰ ਦਿੱਤੀਆਂ ਨਿਸ਼ਾਨੀਆਂ ਬਿਮਾਰੀ ਦੀ ਪਰਖ ਵਿੱਚ ਸਹਾਈ ਹੁੰਦੀਆਂ ਹਨ।
* ‘ਟੇਬੇਨਸ’ ਮੱਖੀਆਂ ਦਾ ਹੋਣਾ ਜਾਂ ਬਰਸਾਤ ਮੌਸਮ ਆਦਿ ਵੀ ਸਰ੍ਹਾ ਨੂੰ ਪਰਖਣ ਵਿੱਚ ਸਹਾਈ ਹੁੰਦੇ ਹਨ।
* ਅਸਲ ਪਰਖ ਪਸ਼ੂ ਦੇ ਖੂਨ ਦੀ ਜਾਂਚ ਨਾਲ ਕੀਤੀ ਜਾ ਸਕਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਵੈਟਰਨਰੀ ਡਾਕਟਰ ਦੀ ਸਲਾਹ ਨਾਲ ‘ਕੁਈਨਾਪਿਰਾਮਿਨ ਸਲਫੇਟ ਜਾਂ ਕਲੋਰਾਈਡ’ ਅਤੇ ‘ਡੀਮਿਨਾਜੀਨ ਏਸਿਚੁਰੇਟ’ ਵਿੱਚੋਂ ਕੋਈ ਇੱਕ ਦਵਾਈ ਵਰਤੀ ਜਾ ਸਕਦੀ ਹੈ। ਖੂਨ ਦੀ ਕਮੀ ਪੂਰੀ ਕਰਨ ਲਈ ਡਾਕਟਰ ਦੀ ਸਲਾਹ ਨਾਲ ਖੂਨ ਚੜ੍ਹਵਾਉ।
ਥੀਲੇਰਿਉਸਿਸ ਜਾਂ ਚਿੱਚੜਾਂ ਦਾ ਬੁਖਾਰ: ਇਹ ਨਵਜੰਮੀਆਂ ਦੋਗਲੀਆਂ ਵੱਛੀਆਂ ਅਤੇ ਵਿਦੇਸ਼ੀ ਤੇ ਦੋਗਲੀਆਂ ਗਾਵਾਂ ਵਿੱਚ ਜ਼ਿਆਦਾ ਪਾਈ ਜਾਣ ਵਾਲੀ ਜਾਨਲੇਵਾ ਅਤੇ ਘਾਤਕ ਬਿਮਾਰੀ ਹੈ ਜੋ ਚਿੱਚੜੀਆਂ ਦੁਆਰਾ ਫੈਲਾਈ ਜਾਂਦੀ ਹੈ। ਬਿਮਾਰੀ ਦੇ ਪਰਜੀਵੀ ਜਿਨ੍ਹਾਂ ਨੂੰ ‘ਥਲੇਰਿਆ ਐਨਲੇਟਾ ਕਹਿੰਦੇ ਹਨ, ਬਿਮਾਰ ਪਸ਼ੂ ਦੇ ਖੂਨ ਦੇ ਲਾਲ ਰਕਤ ਕਣਾਂ (RBC) ਵਿੱਚ ਹੁੰਦੇ ਹਨ। ਇਹ ਬਿਮਾਰੀ ਦੇਸੀ ਗਾਂਵਾਂ ਅਤੇ ਮੱਝਾਂ ਵਿੱਚ ਬਹੁਤ ਘੱਟ ਹੁੰਦੀ ਹੈ।
ਬਿਮਾਰੀ ਦੀਆਂ ਨਿਸ਼ਾਨੀਆਂ:
* ਤੇਜ਼ ਬੁਖਾਰ, ਕੰਨ ਦੇ ਹੇਠਲੇ ਪਾਸੇ ਦੀਆਂ ਲਿੰਫ ਗਿਲਟੀਆਂ (Lymph nodes) ਦੀ ਸੋਜ਼, ਖੂਨ ਦੀ ਘਾਟ।
* ਔਖੇ ਸਾਹ ਲੈਣਾ, ਛੋਟੇ ਵੱਛੜੂ ਦੇ ਨੱਕ, ਮੂੰਹ ਅਤੇ ਅੱਖਾਂ ਵਿੱਚੋਂ ਪਾਣੀ ਵਗਣਾ ਅਤੇ ਅੱਖਾਂ ਲਾਲ ਹੋ ਕੇ ਬਾਹਰ ਵੱਲ ਨੂੰ ਨਿਕਲਣਾ।
* ਇਹ ਰੋਗ ਪਸ਼ੂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਪਛਾਣ: ਉੱਪਰ ਦੱਸੀਆਂ ਨਿਸ਼ਾਨੀਆਂ ਤੋਂ ਇਲਾਵਾ ਖੂਨ ਅਤੇ ਚਮੜੀ ਹੇਠਲੀਆਂ ਲਿਮਫ ਦੀਆਂ ਗਿਲਟੀਆਂ ਦੇ ਪਾਣੀ ਦੀ ਜਾਂਚ ਕਰਵਾ ਕੇ ਕੀਤੀ ਜਾ ਸਕਦੀ ਹੈ।
ਇਲਾਜ: ਬਿਮਾਰ ਹੋ ਜਾਣ ਦੀ ਹਾਲਤ ਵਿੱਚ ‘ਬੁਪਾਰਵਾਕੂਨ’ ਦਾ ਟੀਕਾ ਡੂੰਘੀਆਂ ਮਾਸਪੇਸ਼ੀਆਂ ਵਿੱਚ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਲਗਵਾਉ ਅਤੇ ਖੂਨ ਦੀ ਕਮੀ ਪੂਰੀ ਕਰਨ ਲਈ ਡਾਕਟਰ ਦੀ ਸਲਾਹ ਨਾਲ ਖੂਨ ਚੜ੍ਹਵਾਉ।
ਲਹੂ-ਮੂਤਣ ਜਾਂ ਬਬੇਸਿਉਸਿਸ: ਇਹ ਬਿਮਾਰੀ ‘ਬਬੇਸੀਆ ਬਾਇਜ਼ੈਮਿਨਾਂ’ ਨਾਮ ਦੇ ਪਰਜੀਵੀ ਕਰ ਕੇ ਹੁੰਦੀ ਹੈ ਜੋ ਚਿੱਚੜਾਂ ਰਾਹੀਂ ਬਿਮਾਰ ਪਸ਼ੂ ਤੋਂ ਤੰਦਰੁਸਤ ਪਸ਼ੂ ਨੂੰ ਫੈਲਦੀ ਹੈ। ਇਹ ਬਿਮਾਰੀ ਛੋਟੀ ਉਮਰ ਦੇ ਪਸ਼ੂ ਜਿਵੇਂ ਵਛੜੂਆਂ-ਕੱਟੜੂਆਂ ਨੂੰ ਘੱਟ ਅਤੇ ਵੱਡੀ ਉਮਰ ਦੇ ਪਸ਼ੂਆਂ ਨੂੰ ਜ਼ਿਆਦਾ ਹੁੰਦੀ ਹੈ। ਇਹ ਖੂਨ ਦੇ ਲਾਲ ਕਣਾਂ ਨੂੰ ਨਸ਼ਟ ਕਰ ਦਿੰਦੀ ਹੈ, ਜਿਸ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ। ਲਾਲ ਰਕਤ ਕਣਾਂ ਦੀ ਜ਼ਿਆਦਾ ਮਾਤਰਾ ਵਿੱਚ ਤੋੜ ਫੋੜ ਹੋਣ ਕਰ ਕੇ ਉਨ੍ਹਾਂ ਵਿਚਲੇ ਲਾਲ ਪਦਾਰਥ ਦੇ ਪਿਸ਼ਾਬ ਵਿੱਚ ਆਉਣ ਕਾਰਨ ਪਿਸ਼ਾਬ ਦਾ ਰੰਗ ਲਾਲ ਹੋ ਜਾਂਦਾ ਹੈ। ਇਸ ਲਈ ਇਸ ਨੂੰ ‘ਲਹੂ-ਮੂਤਣਾ’ ਵੀ ਕਿਹਾ ਜਾਂਦਾ ਹੈ। ਦੇਸੀ ਗਾਵਾਂ ਨਾਲੋਂ ਦੋਗਲੀਆਂ ਗਾਵਾਂ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ।
ਨਿਸ਼ਾਨੀਆਂ:
* ਤੇਜ਼ ਬੁਖਾਰ, ਪਸ਼ੂ ਦਾ ਨਿਢਾਲ ਹੋਣਾ, ਭੁੱਖ ਦਾ ਘਟਣਾ, ਕਬਜ਼ ਹੋਣਾ, ਦੁੱਧ ਦੀ ਪੈਦਾਵਾਰ ਘਟਣਾ ਅਤੇ ਭਾਰ ਘਟਣਾ।
* ਖੂਨ ਦੀ ਘਾਟ ਅਤੇ ਪਿਸ਼ਾਬ ਦਾ ਰੰਗ ਕੌਫੀ ਵਰਗਾ ਹੋ ਜਾਂਦਾ ਹੈ।
* ਮੂੰਹ ਅੱਡ ਕੇ ਸਾਹ ਲੈਣਾ। ਜਾਨਵਰ ਦੀ ਮੌਤ ਸਾਹ ਕਿਰਿਆ ਦੇ ਫੇਲ੍ਹ ਹੋਣ ਕਾਰਨ ਹੋ ਜਾਂਦੀ ਹੈ।
ਪਛਾਣ: ਇਨ੍ਹਾਂ ਨਿਸ਼ਾਨੀਆਂ ਤੋਂ ਇਲਾਵਾ ਬਿਮਾਰ ਪਸ਼ੂ ਦੇ ਖੂਨ ਦੀ ਜਾਂਚ ਕਰਵਾ ਕੇ ਇਸ ਪਰਜੀਵੀ ਦੀ ਪਛਾਣ ਕੀਤੀ ਜਾ ਸਕਦੀ ਹੈ।
ਇਲਾਜ: ‘ਡੀਮਿਨਾਜੀਨ ਏਸਿਚੁਰੇਟ’ ਦਾ ਟੀਕਾ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਲਗਵਾਉ ਅਤੇ ਖੂਨ ਦੀ ਕਮੀ ਪੂਰੀ ਕਰਨ ਲਈ ਖੂਨ ਚੜ੍ਹਵਾਉ।
ਐਨਾਪਲਾਸਮੋਸਿਸ ਜਾਂ ਪੀਲੀਆ ਰੋਗ: ਇਹ ਬਿਮਾਰੀ ‘ਐਨਾਪਲਾਜ਼ਮਾ ਮਾਰਜੀਨੈਲ’ ਨਾਮ ਦੇ ਪਰਜੀਵੀ ਕਰ ਕੇ ਹੁੰਦੀ ਹੈ ਜੋ ਕਿ ਚਿੱਚੜਾਂ, ਮੱਖੀਆਂ, ਮੱਛਰਾਂ ਦੇ ਕੱਟਣ ਨਾਲ ਹੋ ਜਾਂਦੀ ਹੈ। ਦੇਸੀ ਗਾਵਾਂ ਨਾਲੋਂ ਦੋਗਲੀਆਂ ਗਾਵਾਂ ਵਿੱਚ ਇਹ ਬਿਮਾਰੀ ਵਧੇਰੇ ਪਾਈ ਜਾਂਦੀ ਹੈ।
ਨਿਸ਼ਾਨੀਆਂ:
* ਤੇਜ਼ ਬੁਖਾਰ, ਖੂਨ ਦੀ ਕਮੀ, ਚਮੜੀ, ਮੂੰਹ, ਥਣ ਅਤੇ ਅੱਖਾਂ ਦਾ ਪੀਲਾ (ਪੀਲੀਆਂ) ਪੈ ਜਾਣਾ।
* ਦੁੱਧ ਦਾ ਸੁੱਕ ਜਾਣਾ, ਕਬਜ਼ ਹੋ ਜਾਣਾ ਅਤੇ ਗੋਹੇ ਨਾਲ ਖੂਨ ਦਾ ਆਉਣਾ।
* ਬਿਮਾਰ ਪਸ਼ੂ ਵਾਰ-ਵਾਰ ਪਿਸ਼ਾਬ ਕਰਦਾ ਹੈ ਜੋ ਗਾੜ੍ਹੇ ਪੀਲੇ ਰੰਗ ਦਾ ਹੁੰਦਾ ਹੈ ਅਤੇ ਜ਼ਿਆਦਾ ਬਿਮਾਰ ਪਸ਼ੂ ਮਰ ਜਾਂਦਾ ਹੈ। ਜਿਹੜੇ ਪਸ਼ੂ ਠੀਕ ਹੋ ਜਾਂਦੇ ਹਨ, ਉਨ੍ਹਾਂ ਦੇ ਖੂਨ ਵਿੱਚ ਵੀ ਪਰਜੀਵੀ ਰਹਿੰਦੇ ਹਨ ਜੋ ਦੂਜੇ ਪਸ਼ੂਆਂ ਨੂੰ ਬਿਮਾਰੀ ਫੈਲਾਉਂਦੇ ਹਨ।
ਪਛਾਣ: ਉੱਪਰ ਦੱਸੀਆਂ ਨਿਸ਼ਾਨੀਆਂ ਤੋਂ ਇਲਾਵਾ ਬਿਮਾਰ ਪਸ਼ੂ ਦੇ ਖੂਨ ਦੀ ਜਾਂਚ ਕਰਵਾ ਕੇ ਕੀਤੀ ਜਾ ਸਕਦੀ ਹੈ।
ਇਲਾਜ: ਇਲਾਜ ਲਈ ‘ਟੈਟਰਾਸਾਈਕਲੀਨ’ ਦੇ ਟੀਕੇ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਲਗਵਾਏ ਜਾ ਸਕਦੇ ਹਨ ਅਤੇ ਖੂਨ ਦੀ ਕਮੀ ਪੂਰੀ ਕਰਨ ਲਈ ਮਾਹਿਰਾਂ ਦੀ ਸਲਾਹ ਨਾਲ ਖੂਨ ਚੜ੍ਹਵਾਉ।
ਖੂਨੀ ਪਰਜੀਵੀ ਬਿਮਾਰੀਆਂ ਦੀ ਰੋਕਥਾਮ ਤੇ ਇਲਾਜ: ਸਰ੍ਹਾ, ਥੀਲੇਰੀਏਸਿਸ, ਬੇਬੇਸਿਓਸਿਸ ਅਤੇ ਐਨਾਪਲਾਜਮੋਸਿਸ, ਇਹ ਸਾਰੀਆਂ ਖੂਨੀ ਪਰਜੀਵੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਚਿੱਚੜਾਂ, ਮੱਖੀਆਂ, ਮੱਛਰਾਂ ਤੋਂ ਬਚਾਅ ਬਹੁਤ ਜ਼ਰੂਰੀ ਹੈ। ਖ਼ਾਸ ਕਰ ਕੇ ਗਰਮੀਆਂ ਦੇ ਮੌਸਮ ਵਿੱਚ ਜਦੋਂ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਵਧੇਰੇ ਫੈਲਦੀਆਂ ਹਨ। ਪਸ਼ੂ ਪਾਲਕਾਂ ਨੂੰ ਡਾਕਟਰੀ ਦੀ ਸਲਾਹ ਨਾਲ ਪਸ਼ੂਆਂ ਅਤੇ ਉਨ੍ਹਾਂ ਦੇ ਬੰਨ੍ਹਣ ਵਾਲੀ ਥਾਂ ਖ਼ਾਸ ਕਰ ਕੇ ਤਰੇੜਾਂ ਉੱਤੇ ਕੀਟਨਾਸ਼ਕ ਦਵਾਈਆਂ ਦਾ ਸਮੇਂ-ਸਮੇਂ ’ਤੇ ਛਿੜਕਾਅ ਕਰਨਾ ਚਾਹੀਦਾ ਹੈ। ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਬਦਲ-ਬਦਲ ਕੇ ਕਰੋ ਅਤੇ ਪਸ਼ੂਆਂ ਦੇ ਰਹਿਣ ਵਾਲੀ ਥਾਂ ਖ਼ਾਸ ਕਰ ਕੇ ਤਰੇੜਾਂ ਵਿੱਚ ਡਬਲ ਕਨਸਨਟਰੇਸ਼ਨ ਦਾ ਛਿੜਕਾਅ ਕਰੋ। ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੇਲੇ ਇਹ ਖ਼ਾਸ ਧਿਆਨ ਰੱਖੋ ਕੇ ਪਸ਼ੂ ਦੇ ਜ਼ਖ਼ਮਾਂ ਉੱਤੇ ਛਿੜਕਾਅ ਨਾ ਹੋਵੇ।
*ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ।
ਸੰਪਰਕ: 99156-78787

Advertisement

Advertisement