ਸੜਕ ਹਾਦਸੇ ਰੋਕਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ: ਜਿੰਪਾ
ਪੱਤਰ ਪ੍ਰੇਰਕ
ਜਲੰਧਰ, 29 ਅਕਤੂਬਰ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਐਲਾਨ ਕਰਨਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਰੋਟਰੀ ਕਲੱਬ ਆਦਮਪੁਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਬਣਾਉਟੀ ਅੰਗ ਵੰਡਣ ਉਪਰੰਤ ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਦੁਰਘਟਨਾ ਨਾਲ ਕੀਮਤੀ ਜਾਨਾਂ ਹੀ ਨਹੀਂ ਜਾਂਦੀਆਂ ਸਗੋਂ ਬਹੁਤ ਸਾਰੇ ਲੋਕਾਂ ਦੇ ਅੰਗ ਵੀ ਨਕਾਰਾ ਹੋ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਣਾਉਟੀ ਅੰਗਾਂ ਦੇ ਸਹਾਰੇ ਜੀਵਨ ਗੁਜ਼ਾਰਨਾ ਪੈਂਦਾ ਹੈ।
ਸ੍ਰੀ ਜਿੰਪਾ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਵਿੱਚ ਵੀ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਹਰ 30 ਕਿਲੋਮੀਟਰ ਦੇ ਦਾਇਰੇ ਵਿੱਚ ਵਿਸ਼ੇਸ਼ ਵਾਹਨ ਤਾਇਨਾਤ ਕੀਤੇ ਜਾਣਗੇ ਅਤੇ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਮਾਪਿਆਂ ਨੂੰ ਵੀ ਕਿਹਾ ਕਿ ਨੌਜਵਾਨਾ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦਾ ਅਹਿਸਾਸ ਕਰਵਾਇਆ ਜਾਵੇ ਕਿਉਂਕਿ ਦੁਰਘਟਨਾ ਹੋਣ ਨਾਲ ਉਨ੍ਹਾਂ ਦਾ ਜੀਵਨ ਦੁੱਖਦਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾ ਵਾਪਰਨ ਉਪਰੰਤ ਪਹਿਲਾ ਸਮਾਂ ਜੋ ਮਰੀਜ਼ ਲਈ ‘ਗੋਲਡਨ ਆਵਰ’ ਹੁੰਦਾ ਹੈ, ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਕੈਂਪ ਦੌਰਾਨ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਰੋਟਰੀ ਕਲੱਬ ਨੂੰ 2 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ। ਉਨ੍ਹਾਂ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਿਧਾਇਕ ਅਮਨ ਅਰੋੜਾ ਤੋਂ ਇਲਾਵਾ ਕਲੱਬ ਦੇ ਨੁਮਾਇੰਦੇ ਅਤੇ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਤਾਇਨਾਤ ਰਹੇਗੀ ਟਰੈਫਿਕ ਪੁਲੀਸ
ਜਲੰਧਰ: ਇੱਥੇ ਜਲੰਧਰ ਵਿੱਚ ਅੰਮ੍ਰਿਤਸਰ ਹਾਈਵੇਅ ਉੱਤੇ ਤੇਲ ਕੈਂਟਰ ਅਤੇ ਕਾਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਨੇ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਦੇ ਕਨਿਾਰੇ ਖੜ੍ਹੇ ਤੇਲ ਦੇ ਕੈਂਟਰਾਂ ਅਤੇ ਗੈਸ ਸਿਲੰਡਰਾਂ ਨਾਲ ਭਰੇ ਵਾਹਨਾਂ ਨੂੰ ਟੋਅ ਕੀਤਾ ਜਾਵੇਗਾ। ਟਰੈਫਿਕ ਵਿੰਗ ਹਾਈਵੇਅ ’ਤੇ ਭਾਰੀ ਵਾਹਨਾਂ ਨੂੰ ਟੋਅ ਕਰਨ ਲਈ ਵਿਸ਼ੇਸ਼ ਵਾਹਨ ਤਾਇਨਾਤ ਕਰੇਗਾ। ਇਨ੍ਹਾਂ ਵਾਹਨਾਂ ਨੂੰ ਜਲੰਧਰ ਹਾਈਵੇਅ ’ਤੇ ਤਾਇਨਾਤ ਕੀਤਾ ਜਾਵੇਗਾ ਜਦਕਿ ਰੋਡ ਸੇਫਟੀ ਫੋਰਸ ਦੀ ਟੀਮ ਵੀ ਤਾਇਨਾਤ ਰਹੇਗੀ। -ਪੱਤਰ ਪ੍ਰੇਰਕ