ਜਨਤਕ ਸਥਾਨਾਂ ਨੂੰ ਕੂੜਾ ਡੰਪ ਬਣਨ ਤੋਂ ਰੋਕਿਆ ਜਾਵੇ: ਧਾਲੀਵਾਲ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਦਸੰਬਰ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰਣਜੀਤ ਐਵੇਨਿਊ ਈ ਬਲਾਕ ਸਥਿਤ ਜੀ.ਟੀ ਰੋਡ ਨਾਲ ਲੱਗਦੀ ਉਸ ਥਾਂ ਦਾ ਦੌਰਾ ਕੀਤਾ, ਜਿਥੇ ਆਰਜ਼ੀ ਤੌਰ ’ਤੇ ਸੁੱਟਿਆ ਕੂੜਾ ਡੰਪ ਹੀ ਬਣਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਰੀਬ 11 ਏਕੜ ਇਹ ਜ਼ਮੀਨ ਸ਼ਹਿਰ ਦੀ ਪੋਸ਼ ਕਲੋਨੀ ਨਾਲ ਲੱਗਦੀ ਹੈ। ਧਾਲੀਵਾਲ ਨੇ ਕਿਹਾ ਕਿ ਇਸ ਜੀਟੀ ਰੋਡ ਤੋਂ ਰੋਜ਼ਾਨਾ ਲੰਘਦੇ ਲੱਖਾਂ ਲੋਕ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ ਵਾਸੀ ਇਸ ਕੂੜਾ ਡੰਪ ਕਾਰਨ ਪ੍ਰੇਸ਼ਾਨ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ, ਜੋ ਅਜਿਹੀਆਂ ਜਨਤਕ ਥਾਵਾਂ ’ਤੇ ਕੂੜੇ ਦੇ ਢੇਰ ਲਗਾ ਰਹੇ ਹਨ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਦੀਆਂ ਵੱਡੀਆਂ ਗਲੀਆਂ ਵਿੱਚ ਸਥਿਤ ਘਰਾਂ ਤੋਂ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ, ਹੁਣ ਛੋਟੀਆਂ ਗੱਡੀਆਂ ਦੇ ਨਾਲ ਛੋਟੀਆਂ ਗਲੀਆਂ ਤੱਕ ਵੀ ਸਾਡੀ ਪਹੁੰਚ ਹੋ ਰਹੀ ਹੈ। ਇਸ ਨਾਲ ਅਜਿਹੀਆਂ ਥਾਵਾਂ ‘ਤੇ ਕੂੜਾ ਸੁੱਟਣ ਦੀ ਨੌਬਤ ਭਵਿੱਖ ਵਿੱਚ ਨਹੀਂ ਆਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।