ਰਾਸ਼ਟਰਪਤੀ ਵੱਲੋਂ 82 ਅਧਿਆਪਕਾਂ ਦਾ ਸਨਮਾਨ
ਨਵੀਂ ਦਿੱਲੀ, 5 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਅਧਿਆਪਕ ਦਿਵਸ ਮੌਕੇ 82 ਅਧਿਆਪਕਾਂ ਨੂੰ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਕੌਮੀ ਅਧਿਆਪਕ ਪੁਰਸਕਾਰ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਪ੍ਰਤੀ ਸਤਿਕਾਰ ਸਿਰਫ਼ ਸ਼ਬਦਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਹੈ, ਸਗੋਂ ਇਹ ਅਮਲ ’ਚ ਵੀ ਨਜ਼ਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਆਪਕਾਂ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਇਸ ਢੰਗ ਨਾਲ ਸਿੱਖਿਅਤ ਕਰਨ ਕਿ ਉਹ ਹਮੇਸ਼ਾ ਔਰਤਾਂ ਦਾ ਸਨਮਾਨ ਕਰਨ। ਮੁਰਮੂ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਸਿੱਖਿਆ ਪ੍ਰਣਾਲੀ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਨ ਸਿਰਫ਼ ਕਿੱਤਾ ਨਹੀਂ ਸਗੋਂ ਇਹ ਮਾਨਵੀ ਵਿਕਾਸ ਦਾ ਪਵਿੱਤਰ ਮਿਸ਼ਨ ਹੈ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮਹਾਨ ਅਧਿਆਪਕ ਹੀ ਮਹਾਨ ਰਾਸ਼ਟਰ ਦਾ ਨਿਰਮਾਣ ਕਰਦੇ ਹਨ ਅਤੇ ਵਿਕਸਤ ਮਾਨਸਿਕਤਾ ਵਾਲੇ ਅਧਿਆਪਕ ਹੀ ਅਜਿਹੇ ਨਾਗਰਿਕ ਬਣਾ ਸਕਦੇ ਹਨ ਜੋ ਵਿਕਸਤ ਰਾਸ਼ਟਰ ਬਣਾਉਂਦੇ ਹਨ। ਇਸ ਦੌਰਾਨ ਦੇਸ਼ ਭਰ ’ਚੋਂ ਐਵਾਰਡ ਲਈ ਚੁਣੇ ਗਏ ਹਰੇਕ ਅਧਿਆਪਕ ਨੂੰ ਪੁਰਸਕਾਰ ’ਚ ਇਕ ਸਰਟੀਫਿਕੇਟ, 50 ਹਜ਼ਾਰ ਰੁਪਏ ਨਕਦ ਅਤੇ ਚਾਂਦੀ ਦਾ ਤਗ਼ਮਾ ਦਿੱਤਾ ਗਿਆ। ਪੁਰਸਕਾਰ ਜੇਤੂ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ। -ਪੀਟੀਆਈ