ਨਾਟਿਅਮ ਥੀਏਟਰ ਫੈਸਟੀਵਲ ਦੌਰਾਨ ਨਾਟਕ ‘ਮੁਕਤੀ’ ਦੀ ਪੇਸ਼ਕਾਰੀ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿੱਚ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ‘ਮੁਕਤੀ’ ਦੀ ਸਫ਼ਲ ਪੇਸ਼ਕਾਰੀ ਹੋਈ। ਟੀਮ ਨਾਟਿਅਮ ਪੰਜਾਬ ਦੁਆਰਾ ਖੇਡੇ ਇਸ ਨਾਟਕ ਦਾ ਨਿਰਦੇਸ਼ਨ ਗੁਰਨੂਰ ਸਿੰਘ ਨੇ ਕੀਤਾ। ਨਾਟਕ ਵਿੱਚ ਮਾਂ-ਬਾਪ ਦੀ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਅਹਿਮੀਅਤ ਨੂੰ ਬੜੇ ਹੀ ਕਲਾਤਮਕ ਢੰਗ ਨਾਲ਼ ਪੇਸ਼ ਕੀਤਾ ਗਿਆ। ਬੁਢਾਪੇ ਸਮੇਂ ਮਾਂ-ਬਾਪ ਵੱਲੋਂ ਆਪਣੇ ਬੱਚਿਆਂ ਦਾ ਸਾਥ ਲੋਚਣ ਨੂੰ ਇੰਨੀ ਡੂੰਘਾਈ ਨਾਲ਼ ਪੇਸ਼ ਕੀਤਾ ਗਿਆ ਕਿ ਦਰਸ਼ਕ ਭਾਵੁਕ ਹੋ ਗਏ। ਨਾਟਕ ਵਿੱਚ ਇਹ ਵੀ ਦਰਸਾਇਆ ਗਿਆ ਕਿ ਔਲਾਦ ਨੂੰ ਆਪਣੇ ਮਾਂ-ਬਾਪ ਨੂੰ ਕਦੇ ਵੀ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਬੁਢੇਪੇ ਸਮੇਂ ਆਪਣੇ ਨਾਲ਼ ਹੀ ਰੱਖਣਾ ਚਾਹੀਦਾ ਹੈ। ਸ਼ਮਾ ਰੌਸ਼ਨ ਦੀ ਰਸਮ ਅਸ਼ਵਨੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ, ਤ੍ਰਿਪਤੀ ਚੈਟਲੇ ਅਤੇ ਪ੍ਰਵੀਨ ਨੇ ਕੀਤੀ। ਉਨ੍ਹਾਂ ਨੇ ਨਾਟਿਅਮ ਪੰਜਾਬ ਵੱਲੋਂ ਕੀਤੇ ਜਾ ਰਹੇ 15 ਦਿਨਾਂ ਦੇ ਨਾਟ-ਉਤਸਵ ਦੇ ਸ਼ਲਾਘਾਯੋਗ ਉੱਦਮ ਨੂੰ ਵੇਖਦੇ ਹੋਏ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਡਾ. ਕਸ਼ਿਸ਼ ਗੁਪਤਾ ਨਾਟਿਅਮ ਦੀਆਂ ਕੋਸ਼ਿਸ਼ਾਂ ਸਦਕਾ ਬਣੇ ਇਸ ਆਡੀਟੋਰੀਅਮ ਲਈ ਕੀਤੇ ਸੰਘਰਸ਼ ਦੀ ਕਹਾਣੀ ਬਿਆਨ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਨਾਟਿਅਮ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਅਤੇ ਟੀਮ ਨਾਟਿਅਮ ਵੱਲੋਂ ਇਸ ਆਡੀਟੋਰੀਅਮ ਨੂੰ ਬਣਵਾਉਣ ਲਈ ਕੀਤੇ ਅਣਥੱਕ ਯਤਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।