ਬਠਿੰਡਾ ’ਚ ਕੁੱਤਿਆਂ ਦੇ ਵੱਢਣ ਦੇ 8982 ਮਾਮਲੇ ਸਾਹਮਣੇ ਆਏ
ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਬਠਿੰਡਾ ਜ਼ਿਲ੍ਹੇ ’ਚ ਕੁੱਤਿਆਂ ਵੱਲੋਂ ਵੱਢਣ ਦੇ 8982 ਮਾਮਲੇ ਸਾਹਮਣੇ ਆਏ ਹਨ। ਇਥੇ ਸ਼ਹਿਰ ਵਿੱਚ ਵੱਡੀ ਦੀ ਗਿਣਤੀ ਅਵਾਰਾ ਕੁੱਤੇ ਘੁੰਮ ਰਹੇ ਹਨ ਅਤੇ ਕਾਫੀ ਲੋਕਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਹਨ। ਨਗਰ ਨਿਗਮ ਬਠਿੰਡਾ ਦੇ ਅਧਿਕਾਰੀ ਪਾਲਤੂ ਕੁੱਤਿਆਂ ਦੇ ਮਾਲਕਾਂ ਪ੍ਰਤੀ ਨਰਮ ਰੁਖ਼ ਅਪਣਾ ਰਹੇ ਹਨ। ਦੂਜੇ ਪਾਸੇ ਲੋਕ ਵੀ ਕੁੱਤਿਆਂ ਦੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਨਹੀਂ ਸਮਝਦੇ। ਬਠਿੰਡਾ ਦੇ ਆਰਟੀਆਈ ਕਾਰਕੁਨ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਉਸ ਵੱਲੋਂ ਸਿਵਲ ਸਰਜਨ, ਬਠਿੰਡਾ ਦੇ ਦਫ਼ਤਰ ਵਿੱਚ ਦਰਖਾਸਤ ਰਾਹੀਂ ਮੌਜੂਦਾ ਸਾਲ ਵਿੱਚ ਕੁੱਤਿਆਂ ਦੇ ਵੱਢਣ ਬਾਰੇ ਪੁੱਛਿਆ ਗਿਆ ਸੀ। ਅੰਕੜਿਆਂ ਮੁਤਾਬਕ ਜਨਵਰੀ ਤੋਂ ਅਗਸਤ 2024 ਤੱਕ ਜ਼ਿਲ੍ਹਾ ਬਠਿੰਡਾ ਵਿੱਚ 8982 ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆਏ ਹਨ। ਜੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਆਵਾਰਾ ਕੁੱਤਿਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਇਕੱਲੇ ਜਨਵਰੀ ਮਹੀਨੇ ਦੌਰਾਨ 931 ਜਣਿਆਂ ਨੂੰ ਵੱਢਿਆ ਗਿਆ। ਇਸ ਤਰ੍ਹਾਂ ਫਰਵਰੀ 1032, ਮਾਰਚ 812, ਅਪਰੈਲ ਵਿੱਚ 1105, ਮਈ 1398, ਜੂਨ ਮਹੀਨੇ ਦੌਰਾਨ 1188, ਜੁਲਾਈ ਵਿੱਚ 1345, ਅਗਸਤ 1171 ਬੰਦਿਆਂ ਨੂੰ ਵੱਢਿਆ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਮਾਮਲੇ ਆਵਾਰਾਂ ਕੁੱਤਿਆਂ ਦੇ ਵੱਢਣ ਦੇ ਹਨ। ਬਠਿੰਡਾ ਵਾਸੀਆਂ ਦਾ ਕਹਿਣਾ ਹੈ ਪਾਲਤੂ ਕੁੱਤਿਆਂ ਦੇ ਮਾਲਕਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਵੀ ਜਿਨ੍ਹਾਂ ਵੱਲੋਂ ਕੋਈ ਰਜਿਸਟਰੇਸ਼ਨ ਨਹੀਂ ਕਰਵਾਈ ਜਾਂ ਫਿਰ ਨਗਰ ਨਿਗਮ ਬਠਿੰਡਾ ਵੱਲੋਂ ਕਿਸੇ ਕਿਸਮ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਹੈ।