ਵੰਨ-ਸੁਵੰਨੇ ਯਥਾਰਥ ਦੀ ਪੇਸ਼ਕਾਰੀ
ਕੇ.ਐਲ. ਗਰਗ
ਪੰਜਾਬੀ ਦਾ ਸਮਰੱਥ ਕਹਾਣੀਕਾਰ ਗੁਰਮੀਤ ਕੜਿਆਲਵੀ ਆਪਣਾ ਨਵਾਂ ਕਹਾਣੀ ਸੰਗ੍ਰਹਿ ‘ਮੋਰ ਪੈਲ ਕਿਉਂ ਨਹੀਂ ਪਾਉਂਦੇ’ (ਕੀਮਤ: 300 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ/ਕੋਟਕਪੂਰਾ) ਲੈ ਕੇ ਹਾਜ਼ਰ ਹੈ। ਉਸ ਨੇ ਆਪਣੇ ਆਲੇ-ਦੁਆਲੇ ਫੈਲੇ ਯਥਾਰਥ ਨੂੰ ਆਪਣੀ ਕਲਾ ਅਤੇ ਚੇਤੰਨਤਾ ਦਾ ਰੰਗ ਦੇ ਕੇ ਬਹੁਤ ਪੜ੍ਹਨਯੋਗ ਤੇ ਮੁੱਲਵਾਨ ਬਣਾ ਦਿੱਤਾ ਹੈ। ਉਸ ਕੋਲ ਸਮਾਜ, ਰਾਜਨੀਤੀ, ਇਤਿਹਾਸ-ਮਿਥਿਹਾਸ ਦੇ ਰੰਗ-ਬਰੰਗੇ ਯਥਾਰਥ ਦਾ ਅਜਿਹਾ ਮਿਸ਼ਰਣ ਹੈ ਜਿਸ ਨੂੰ ਪੜ੍ਹਨਾ ਪਾਠਕਾਂ ਲਈ ਸੁਹਜ ਅਤੇ ਸਹਿਜ ਹੋ ਗਿਆ ਹੈ। ਉਸ ਦੇ ਪਾਤਰ ਨੇਤਾ ਹਨ, ਅਫ਼ਸਰ ਹਨ, ਦਿਹਾੜੀਦਾਰ ਮਜ਼ਦੂਰ ਹਨ, ਗ਼ਰੀਬੀ ਅਤੇ ਸੋਸ਼ਣ ਵਿਚ ਫਸੇ ਪੇਂਡੂ ਹਨ, ਅਧਿਆਪਕ ਹਨ, ਪਰਵਾਸੀ ਹਨ, ਗੱਲ ਕੀ ਉਹ ਹਰ ਤਰ੍ਹਾਂ ਦੇ ਪਾਤਰ ਨਾਲ ਆਪਣੇ ਕਲਾਤਮਕ ਵਤੀਰੇ ਕਾਰਨ ਨਜਿੱਠ ਲੈਣ ’ਚ ਮਾਹਰ ਹੈ। ਉਸ ਕੋਲ ਪਿੰਡਾਂ ਦਾ ਦਰਦ ਹੈ, ਪੀੜ ਹੈ, ਪੇਂਡੂ ਨਿਥਾਵਿਆਂ ਅਤੇ ਬੇਵਸਾਂ ਲਈ ਕਲਮ ਦਾ ਸਹਾਰਾ ਹੈ। ਉਹ ਤੱਥ ਅਤੇ ਅਨੁਭਵ ਵਿਚ ਹਰ ਤਰ੍ਹਾਂ ਦੇ ਯਥਾਰਥ ਨੂੰ ਆਪਣੀ ਕਥਾ ਵਿਚ ਪਰੋ ਲੈਣ ਦਾ ਮਾਹਰ ਕਹਾਣੀਕਾਰ ਹੈ।
ਇਸ ਸੰਗ੍ਰਹਿ ਵਿਚ ਕੁੱਲ ਬਾਰ੍ਹਾਂ ਕਹਾਣੀਆਂ ਹਨ ਜੋ ਵੱਖ-ਵੱਖ ਵਿਸ਼ਿਆਂ ਅਤੇ ਸੰਵੇਦਨਾ ਪ੍ਰਤੀ ਆਪਣਾ ਗਲਪੀ ਸੱਚ ਜ਼ਾਹਰ ਕਰਦੀਆਂ ਹਨ।
ਇਸ ਸੰਗ੍ਰਹਿ ਦੀਆਂ ਪਹਿਲੀਆਂ ਤਿੰਨ ਕਹਾਣੀਆਂ ਪਰਵਾਸੀ ਚੇਤਨਾ ਅਤੇ ਮਸਲਿਆਂ ਨਾਲ ਜੁੜੀਆਂ ਕਹਾਣੀਆਂ ਹਨ। ਇਹ ਕਹਾਣੀਆਂ ਆਪਣੇ ਰਵਾਇਤੀ ਪਰਵਾਸੀ ਸਾਹਿਤ ਤੋਂ ਥੋੜ੍ਹਾ ਵੱਖਰੇ ਰੰਗ ਵਾਲੀਆਂ ਹਨ। ਪਹਿਲੀ ਕਹਾਣੀ ‘ਨਿੱਕੇ ਅੰਬਰ ਤੇ ਵੱਡੀ ਉਡਾਰੀ’ ਹਰਜੀਤ ਅਤੇ ਮੈਂ ਪਾਤਰ ਵਿਚਾਲੇ ਘੁੰਮਦੀ ਹੈ। ਹਰਜੀਤ ਆਪਣੀ ਭੈਣ ਤੇ ਜੀਜੇ ਦੇ ਚੱਕੇ ਚਕਾਏ ਕੈਨੇਡਾ ਜਾ ਕੇ ਵੱਡਾ ਆਕਾਸ਼ ਲੋਚਦੀ ਹੈ। ਹਾਲਾਂਕਿ ਇੱਥੇ ਉਨ੍ਹਾਂ ਦੀ ਜ਼ਿੰਦਗੀ ਬਹੁਤ ਸੁਖਾਵੀਂ ਹੈ, ਪਰ ਪਤਨੀ ਹਰਜੀਤ ਪਤੀ ਨੂੰ ਛੱਡ ਕੇ ਭੈਣ ਦੇ ਦਿਓਰ ਨਾਲ ਫ਼ਰਜ਼ੀ ਵਿਆਹ ਕਰਵਾ ਕੇ ਕੈਨੇਡਾ ਪੁੱਜ ਜਾਂਦੀ ਹੈ। ਦੂਸਰੇ ਪਾਸੇ ਲੇਖਕ ਥਾਈਲੈਂਡ ਦੀ ਵੇਸਵਾ ਦਾ ਜੀਵਨ ਪੇਸ਼ ਕਰਦਾ ਹੈ ਜੋ ਵੇਸਵਾਗਿਰੀ ਕਰਕੇ ਪਹਿਲਾਂ ਆਪਣੇ ਪੇਕੇ ਟੱਬਰ ਨੂੰ ਆਰਥਿਕ ਤੌਰ ’ਤੇ ਪੱਕੇ ਪੈਰੀਂ ਕਰਦੀ ਹੈ ਤੇ ਮੁੜ ਆਪਣੇ ਪ੍ਰੇਮੀ ਵੌਂਗ ਨਾਲ ਚੰਗਾ ਜੀਵਨ ਤੇ ਸੁਖੀ ਗ੍ਰਹਿਸਥੀ ਜੀਵਨ ਗੁਜ਼ਾਰਨ ਲਈ ਵੇਸਵਾਗਿਰੀ ਕਰਦੀ ਹੈ। ਦੋਵਾਂ ਦਾ ਜੀਵਨ ਪੇਸ਼ ਕਰਕੇ ਲੇਖਕ ਸਥਿਤੀ ਦਾ ਲੁਕਵਾਂ ਵਿਅੰਗ ਪੈਦਾ ਕਰਨ ਦਾ ਯਤਨ ਕਰਦਾ ਹੈ। ‘ਚੱਲ ਟਿੱਮ ਹੌਰਟਨ ਚੱਲੀਏ’ ਦੇ ਮਾਪੇ ਕੈਨੇਡਾ ਆਪਣੇ ਪੁੱਤ ਨੂੰਹ ਕੋਲ ਆ ਜਾਂਦੇ ਹਨ। ਨੂੰਹ ਕੈਨੇਡਾ ਦੇ ਵਰਕ ਕਲਚਰ ਅਨੁਸਾਰ ਉਨ੍ਹਾਂ ਨੂੰ ਕੋਈ ਕੰਮ ਧੰਦਾ ਕਰਕੇ ਡਾਲਰ ਕਮਾਉਣ ਲਈ ਆਖਦੀ ਹੈ ਤਾਂ ਉਹ ਔਖ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦੀ ਤ੍ਰਾਸਦੀ ਸ਼ੁਰੂ ਹੋ ਜਾਂਦੀ ਹੈ। ‘ਅਲੇਹਾ’ ਦੀ ਮਨਦੀਪ ਕੌਰ ਆਪਣਾ ਪਿਆਰ ਸਿਰੇ ਨਾ ਚੜ੍ਹਨ ਦੀ ਮਜਬੂਰੀਵੱਸ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰ ਕੇ ਕੈਨੇਡਾ ਆ ਪਹੁੰਚਦੀ ਹੈ, ਪਰ ਉੱਥੇ ਸਰੀਰਕ ਸੁੱਖ ਤਾਂ ਕੀ ਮਿਲਣਾ ਸੀ, ਮਨ ਦਾ ਚੈਨ ਵੀ ਨਹੀਂ ਮਿਲਦਾ। ਆਖ਼ਰ ਉਹ ਆਪਣਾ ਯੂਨੀਵਰਸ ਲੱਭਣ ਦੇ ਬਹਾਨੇ ਕੋਈ ਕੁੜੀ ਗੋਦ ਲੈ ਕੇ ਜੀਵਨ ਗੁਜ਼ਾਰਨਾ ਚਾਹੁੰਦੀ ਹੈ, ਪਰ ਉਹ ਕੁੜੀ ਨੂੰ ਇਸ ਲਈ ਰੱਦ ਕਰ ਦਿੰਦੀ ਹੈ ਕਿ ਉਹ ਥੋੜ੍ਹੇ ਪੱਕੇ ਰੰਗ ਦੀ ਹੈ। ਇੱਥੇ ਉਸ ਦੀ ਭਾਰਤੀ ਜ਼ਹਿਨੀਅਤ ਜ਼ਾਹਰ ਹੁੰਦੀ ਹੈ।
‘ਬਸੰਤ’ ਅਤੇ ‘ਮੋਰ ਪੈਲ ਕਿਉਂ ਨਹੀਂ ਪਾਉਂਦੇ’ ਕਹਾਣੀਆਂ ਜਾਤ ਬਿਰਾਦਰੀ ਦੇ ਕੋਹੜ ਦਾ ਸ਼ਿਕਾਰ ਹੋਏ ਬੰਦਿਆਂ ਦੀਆਂ ਕਹਾਣੀਆਂ ਹਨ। ਬਸੰਤ ਦੀ ਸਵੀਟੀ ਨੂੰ ਵੀ ਆਪਣਾ ਮਨਪਸੰਦ ਸਾਥੀ ਨਹੀਂ ਮਿਲਦਾ ਤੇ ਉਸ ਦੀ ਮਾਂ ਨੂੰ ਵੀ ਨਹੀਂ। ‘ਮੋਰ ਪੈਲ ਕਿਉਂ ਨਹੀਂ ਪਾਉਂਦੇ’ ਦੇ ਦੇਵ ਅਤੇ ਪਾਰੋ ਦਾ ਵੀ ਮੇਲ ਇਸੇ ਲਈ ਨਹੀਂ ਹੁੰਦਾ ਕਿ ਉਨ੍ਹਾਂ ਦੀਆਂ ਜਾਤਾਂ ਵਿਚ ਫ਼ਰਕ ਹੈ। ‘ਉੱਚੀ ਤੇ ਨੀਵੀਂ ਜਾਤ’, ਪਰ ਦਿਲਾਂ ਨੂੰ ਕੋਈ ਨਹੀਂ ਪੁੱਛਦਾ।
‘ਜਿਉਂਦਾ ਰਹਿ ਵੇ ਬੱਚੜਿਆ’ ਤੇ ‘ਪਿੰਡ ਆਏਂ ਨੀ ਮਰਦਾ’ ਕਹਾਣੀਆਂ ਪਿੰਡ ਦੇ ਲਤਾੜੇ ਤੇ ਆਰਥਿਕ ਤੌਰ ’ਤੇ ਹੀਣੇ ਪੇਂਡੂਆਂ ਦੀਆਂ ਕਹਾਣੀਆਂ ਹਨ ਜਿੱਥੇ ਪੇਂਡੂ ਲੋਕ ਗ਼ਰੀਬੀ, ਭੁੱਖਮਰੀ, ਬਿਮਾਰੀ ਖੁਣੋਂ ਦੁੱਖ ਭੋਗਦੇ ਹਨ ਤੇ ਕਿਸੇ ਪਾਸਿਉਂ ਵੀ ਠੰਢੀ ਵਾਅ ਦਾ ਬੁੱਲ੍ਹਾ ਨਹੀਂ ਆਉਂਦਾ।
‘ਧੂੰਆਂ’ ਪਿੰਡੋਂ ਸ਼ਹਿਰ ਆ ਕੇ ਵਸੇ ਬੰਦੇ ਪ੍ਰਦੀਪ ਦੀ ਕਹਾਣੀ ਹੈ ਜੋ ਸ਼ਹਿਰੀ ਚਾਲਬਾਜ਼ੀਆਂ ਤੇ ਰਾਜਨੀਤੀ ਸਿੱਖ ਕੇ ਦਿਨ ਰਾਤ ਪੈਸਾ ਬਣਾਉਣ ਦੀ ਧੁਨ ਵਿਚ ਰਹਿੰਦਾ ਹੈ। ਮਨੁੱਖੀ ਕਦਰਾਂ ਕੀਮਤਾਂ ਦਾ ਤਿਆਗ ਕਰਦਾ ਹੈ।
‘ਓਅਨਾ ਓਡਵਾਇਰ’ ਵੱਖਰੇ ਕਲੇਵਰ ਅਤੇ ਵੱਖਰੇ ਰੰਗ ਦੀ ਇਤਿਹਾਸਕ ਕਹਾਣੀ ਹੈ। ਓਡਵਾਇਰ ਹਿੰਦੋਸਤਾਨ ਦਾ ਦੁਸ਼ਮਣ ਤੇ ਜਾਬਰ ਅੰਗਰੇਜ਼ ਅਫ਼ਸਰ ਹੈ। ਜਲ੍ਹਿਆਂਵਾਲਾ ਬਾਗ਼ ਵਾਲਾ ਸਾਕਾ ਵਰਤਾਉਂਦਾ ਹੈ। ਪਰ ਓਅਨਾ ਬਹੁਤ ਸੰਵੇਦਨਸ਼ੀਲ ਤੇ ਮਨੁੱਖਵਾਦੀ ਔਰਤ ਹੈ ਜੋ ਦੇਸ਼ਭਗਤਾਂ ਦਾ ਬਹੁਤ ਸਤਿਕਾਰ ਕਰਦੀ ਹੈ। ਉਹ ਭਾਵੇਂ ਆਇਰਲੈਂਡ ਦੇ ਹੋਣ ਜਾਂ ਸੁਨਾਮ ਦਾ ਰਾਮ ਮੁਹੰਮਦ ਸਿੰਘ।
‘ਦਰੋਣਾਚਾਰੀਆ’ ਚਲਾਕ ਮਾਸਟਰ ਹੈ ਜੋ ਗੱਲੀਂਬਾਤੀਂ ਵੜੇ ਪਕਾਉਂਦਾ ਹੈ। ਰੰਗ, ਨਸਲ, ਜ਼ਾਤ ਉਸ ਦੇ ਕੋਝੇ ਹਥਿਆਰ ਹਨ। ਦੂਸਰਿਆਂ ਦਾ ਹੱਕ ਮਾਰਨ ’ਚ ਵੀ ਉਹ ਸ਼ਾਤਰ ਹੈ।
‘ਸਿੱਧਾ ਬੰਦਾ’ ਦਾ ਹਰਜੀਤ ਭਾਵੇਂ ਆਪ ਤੀਵੀਆਂ ਦਾ ਸ਼ੌਕੀਨ ਹੈ, ਘਰਵਾਲੀ ਪ੍ਰਤੀ ਬੇਵਫ਼ਾ ਹੈ, ਪਰ ਜਦੋਂ ਪਰਮਜੀਤ ਵਰਗੀ ਤੀਵੀਂ ਆਪਣੇ ਸਿੱਧੇ ਸਾਦੇ ਪਤੀ ਨਾਲ ਚਲਿੱਤਰ ਖੇਡਣ ਲੱਗਦੀ ਹੈ ਤਾਂ ਉਹ ਤੈਸ਼ ’ਚ ਆ ਜਾਂਦਾ ਹੈ।
ਇਨ੍ਹਾਂ ਕਹਾਣੀਆਂ ਦੇ ਸੂਖ਼ਮ ਵਿਸ਼ਿਆਂ ਅਤੇ ਉਨ੍ਹਾਂ ਦੀ ਪੇਸ਼ਕਾਰੀ ਤੋਂ ਸਪਸ਼ਟ ਹੁੰਦਾ ਹੈ ਕਿ ਕੜਿਆਲਵੀ ਨੂੰ ਹਰ ਵਰਗ, ਹਰ ਜ਼ਾਤ, ਹਰ ਧੰਦੇ ਤੇ ਹਰੇਕ ਮੁਲਕ ਦੇ ਪਾਤਰਾਂ ਦਾ ਸਿੱਧਾ ਅਨੁਭਵ ਹੈ, ਸਿੱਧਾ ਅਨੁਭਵ ਨਾ ਵੀ ਹੋਵੇ, ਉਸ ਕੋਲ ਕਹਾਣੀ ਕਹਿਣ ਦੀ ਅਜਿਹੀ ਕਲਾ ਹੈ ਕਿ ਉਹ ਹਰੇਕ ਪਾਤਰ ਨਾਲ ਗਲਪੀ ਨਿਆਂ ਕਰ ਸਕਦਾ ਹੈ। ‘ਓਅਨਾ ਓਡਵਾਇਰ’ ਕਹਾਣੀ ਇਸ ਦੀ ਪ੍ਰਤੱਖ ਮਿਸਾਲ ਹੈ। ਓਅਨਾ ਦੇ ਮਨ ਦੀ ਸੰਵੇਦਨਸ਼ੀਲਤਾ ਫੜਨ ’ਚ ਉਹ ਓਨਾਂ ਦੀ ਮਾਹਰ ਹੈ ਜਿੰਨਾ ਪਾਰੋ, ਹਰਜੀਤ, ਜੈਸਿਕਾ ਜਾਂ ਰੱਬ ਜੀ ਦੇ ਮਨ ਦੀ ਥਾਹ ਲੱਭਣ ’ਚ।
ਕੜਿਆਲਵੀ ਦੀ ਹਰ ਕਹਾਣੀ ਇਕ ਦਾਰਸ਼ਨਿਕ ਆਧਾਰ ਨਾਲ ਖ਼ਤਮ ਹੁੰਦੀ ਹੈ। ਉਸ ਦੀ ਕਹਾਣੀ ਦੇ ਅੰਤ ਵਿਚ ਦਾਰਸ਼ਨਿਕ ਆਧਾਰ ਦਾ ਅਜਿਹਾ ਵਿਸਫੋਟ ਹੁੰਦਾ ਹੈ ਜੋ ਉਸ ਦੀ ਚੇਤਨਤਾ ਨੂੰ ਰੰਗ ਭਾਗ ਲਾ ਦਿੰਦਾ ਹੈ। ਉਹ ਕਹਾਣੀ ਵਿਚ ਰੋਗ ਹੀ ਨਹੀਂ ਦੱਸਦਾ ਸਗੋਂ ਉਸ ਦੀ ਤਖਸ਼ੀਸ਼ ਵੀ ਕਰਦਾ ਹੈ ਤੇ ਬਿਮਾਰੀ ਦਾ ਹੱਲ ਵੀ ਦੱਸਦਾ ਹੈ। ਹਰੇਕ ਕਹਾਣੀ ਵਿਚ ਅਜਿਹੀਆਂ ਟੂਕਾਂ ਮਿਲ ਜਾਣਗੀਆਂ ਜੋ ਉਸ ਦੇ ਪ੍ਰਸਿੱਧ ਕਹਾਣੀਕਾਰ ਹੋਣ ਵੱਲ ਇਸ਼ਾਰਾ ਕਰਦੀਆਂ ਹਨ। ਕੁਝ ਕਹਾਣੀਆਂ ਦੇ ਦਾਰਸ਼ਨਿਕ ਆਧਾਰ ਇਸ ਤਰ੍ਹਾਂ ਹਨ:
1. ‘‘ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫ਼ਰਕ ਨਹੀਂ ਪੈਂਦਾ। ਜੇ ਮਨ ’ਚ ਉੱਡਣ ਦਾ ਚਾਅ ਹੋਵੇ, ਨਿੱਕੇ ਅੰਬਰ ’ਤੇ ਵੀ ਵੱਡੀ ਉਡਾਰੀ ਮਾਰੀ ਜਾ ਸਕਦੀ ਹੈ। (ਨਿੱਕੇ ਅੰਬਰ ’ਤੇ ਵੱਡੀ ਉਡਾਰੀ)
2. ਅਸਮਾਨ ’ਚ ਇਕੱਲੀ ਪਤੰਗ ਹੀ ਨਹੀਂ ਉੱਡਦੀ, ਉਸ ਨਾਲ ਦਿਲ ’ਚ ਮਚਲਦੇ ਚਾਅ ਵੀ ਉੱਡਦੇ ਹੁੰਦੇ ਨੇ। (ਬਸੰਤ)
3. ਜਿੰਨਾ ਚਿਰ ਆਹ ਵੱਟ-ਬੰਨ੍ਹੇ ਨੀਂ ਢਹਿੰਦੇ- ਓਨਾ ਚਿਰ ਕਿਸੇ ਹਵੇਲੀ ’ਤੇ ਲੱਗੇ ਮੋਰ ਨੇ ਕਿਸੇ ਪਾਰੋ ਵਾਸਤੇ ਪੈਲ ਨੀ ਪਾਉਣੀ। (ਮੋਰ ਪੈਲ ਕਿਉਂ ਨੀ ਪਾਉਂਦੇ)
4. ਕਾਸ਼! ਹੁਕਮਰਾਨ ਅਵਾਮ ਦੀ ਆਵਾਜ਼ ਸੁਣ ਲਿਆ ਕਰਨ। (ਓਅਨਾ ਓਡਵਾਇਰ)
ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਗੁਰਮੀਤ ਕੜਿਆਲਵੀ ਪੰਜਾਬੀ ਦਾ ਅਜਿਹਾ ਸਮਰੱਥ ਕਹਾਣੀਕਾਰ ਹੈ ਜੋ ਹਰ ਵਿਸ਼ੇ, ਹਰ ਪਾਤਰ ਨੂੰ ਆਪਣੀ ਕਲਾਤਮਕ ਛੋਹ ਦੇ ਕੇ ਠੋਸ, ਪੜ੍ਹਨਯੋਗ ਤੇ ਸਾਂਭਣਯੋਗ ਕਹਾਣੀ ਬਣਾ ਸਕਦਾ ਹੈ। ਹਾਲੇ ਉਸ ਨੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਹੈ।
ਸੰਪਰਕ: 94635-37050