ਪਟਵਾਰੀਆਂ ਵੱਲੋਂ ਧੂਰੀ ਰੈਲੀ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ
ਬੀਰਬਲ ਰਿਸ਼ੀ
ਧੂਰੀ, 13 ਜੂਨ
ਨਹਿਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੇ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਬਠਿੰਡਾ ਤੋਂ ਮੁਅੱਤਲ ਕਰਨ, ਸੂਬੇ ਦੇ 200 ਨਹਿਰੀ ਪਟਵਾਰੀਆਂ ਨੂੰ ਚਾਰਜਸ਼ੀਟ ਕਰਨ ਅਤੇ ਕਥਿਤ ਤੌਰ ’ਤੇ ਨਿਰਧਾਰਤ ਤੋਂ ਜ਼ਿਆਦਾ ਨਹਿਰੀ ਪਾਣੀ ਖੇਤਾਂ ਨੂੰ ਲੱਗਣ ਦੇ ਗਲਤ ਅੰਕੜੇ ਪੇਸ਼ ਕਰਨ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਅੰਦਰ 17 ਜੂਨ ਪਟਵਾਰੀ ਵੱਡਾ ਪ੍ਰਦਰਸ਼ਨ ਕਰਨਗੇ।
ਇੱਥੇ ਦਾਣਾ ਮੰਡੀ ਦੇ ਵੱਡੇ ਸ਼ੈੱਡ ’ਚ ਕੀਤੀ ਜਾ ਰਹੀ ਰੈਲੀ ਵਾਲੀ ਜਗ੍ਹਾ ਦਾ ਨਿਰੀਖਣ ਕਰਨ ਪੁੱਜੇ ਜਥੇਬੰਦੀ ਦੇ ਸੂਬਾ ਪ੍ਰਧਾਨ ਗਹਿਰੀ ਬੁੱਟਰ ਨੇ ਗੱਲਬਾਤ ਕਰਦਿਆਂ ਕਈ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਇਕੱਠ ਦਾ ਦਾਅਵਾ ਕੀਤਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਾਨਸਾ, ਸੁਖਵੀਰ ਸਿੰਘ ਮਾਨ ਪ੍ਰਧਾਨ ਅਬੋਹਰ, ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਹੋਰਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਰਨੈਲ ਸਿੰਘ ਜਹਾਂਗੀਰ ਅਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਰਮੇਲ ਸਿੰਘ ਹਥਨ ਤੇ ਹੋਰਨਾਂ ਨਾਲ ਮੀਟਿੰਗ ਕਰਕੇ ਸਰਗਰਮ ਸਹਿਯੋਗ ਦੀ ਮੰਗ ਕੀਤੀ। ਜਥੇਬੰਦੀ ਦੇ ਪ੍ਰਧਾਨ ਗਹਿਰੀ ਬੁੱਟਰ ਨੇ ਪੰਜਾਬ ਸਰਕਾਰ ਦੇ ਇੱਕ ਵੱਡੇ ਅਧਿਕਾਰੀ ’ਤੇ ਦੋਸ਼ ਲਗਾਇਆ ਕਿ ਪੰਜਾਬ ਦੇ ਖੇਤਾਂ ਨੂੰ ਮਹਿਜ਼ 21 ਫ਼ੀਸਦ ਪਾਣੀ ਲੱਗਦਾ ਹੈ ਜਦੋਂ ਕਿ ਸਬੰਧਤ ਅਧਿਕਾਰੀ 100 ਫ਼ੀਸਦ ਪਾਣੀ ਲੱਗਣ ਦੇ ਗਲਤ ਅੰਕੜੇ ਪੇਸ਼ ਕਰਨ ਲਈ ਕਥਿਤ ਦਬਾਅ ਪਾ ਰਿਹਾ ਹੈ।