ਬਲਕਾਰ ਸਿੰਘ ਡਕੌਂਦਾ ਦੀ ਬਰਸੀ ਦੀਆਂ ਤਿਆਰੀਆਂ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਹੇਠ ਹੋਈ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ ਜ਼ਿਲ੍ਹਾ ਪੱਧਰ ’ਤੇ 13 ਜੁਲਾਈ ਨੂੰ ਪਿੰਡ ਅਖਾੜਾ ਦੇ ਸੰਘਰਸ਼ ਮੋਰਚੇ ’ਚ ਮਨਾਈ ਜਾਵੇਗੀ। ਇਸ ਸਮਾਗਮ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸੰਬੋਧਨ ਕਰਨਗੇ। ਮੀਟਿੰਗ ਵਿੱਚ 21 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਤਿੰਨ ਨਵੇਂ ਫ਼ੌਜਦਾਰੀ ਕਾਨੂੰਨਾਂ ਖ਼ਿਲਾਫ਼ ਸੂਬਾਈ ਕਨਵੈਨਸ਼ਨ ’ਚ ਜਥੇਬੰਦੀ ਦੇ ਵਰਕਰ ਭਾਗ ਲੈਣਗੇ। ਮੀਟਿੰਗ ਵਿੱਚ ਲੁਧਿਆਣਾ ਜ਼ਿਲ੍ਹੇ ’ਚ ਉਸਾਰੀ ਅਧੀਨ ਬਾਇਓ ਗੈਸ ਫ਼ੈਕਟਰੀਆਂ ਵਿਰੋਧੀ ਸੰਘਰਸ਼ ਦੀ ਹਮਾਇਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਤਰਸੇਮ ਸਿੰਘ ਬੱਸੂਵਾਲ, ਜਗਜੀਤ ਸਿੰਘ ਕਲੇਰ, ਬੇਅੰਤ ਸਿੰਘ ਬਾਣੀਏਵਾਲ, ਹਾਕਮ ਸਿੰਘ ਭੱਟੀਆਂ, ਹਰਬੰਸ ਸਿੰਘ ਬੀਰਮੀ, ਹਾਕਮ ਸਿੰਘ ਤੁੰਗਾਹੇੜੀ, ਚਮਕੌਰ ਸਿੰਘ ਚਚਰਾੜੀ, ਕੁਲਵੰਤ ਸਿੰਘ ਗਾਲਿਬ, ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਚਰਨਜੀਤ ਸਿੰਘ ਸ਼ੇਖਦੌਲਤ ਆਦਿ ਆਗੂ ਹਾਜ਼ਰ ਸਨ।