ਈਡੀ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੋਂ ਵੇਰਵੇ ਮੰਗੇ
ਗਗਨਦੀਪ ਅਰੋੜਾ
ਲੁਧਿਆਣਾ, 24 ਅਕਤੂਬਰ
ਨਗਰ ਸੁਧਾਰ ਟਰੱਸਟ ਵਿੱਚ ਐੱਲਡੀਪੀ ਸਕੀਮ ਤਹਿਤ ਅਲਾਟ ਕੀਤੇ ਗਏ ਪਲਾਟਾਂ ਵਿੱਚ ਹੋਏ ਘਪਲੇ ਸਬੰਧੀ ਅੱਜ ਈਡੀ ਨੇ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ। ਇਸ ਮਗਰੋਂ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਖ਼ਾਸ ਤੌਰ ’ਤੇ ਪੰਜਾਬ ਕਾਂਗਰਸ ਦੇ ਬੁਲਾਰੇ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਸਕਦਾ ਹੈ। ਈਡੀ ਵੱਲੋਂ ਨਗਰ ਸੁਧਾਰ ਟਰੱਸਟ ਤੋਂ ਇਨ੍ਹਾਂ ਅਲਾਟਮੈਂਟਾਂ ਸਬੰਧੀ ਸਾਰਾ ਰਿਕਾਰਡ ਮੰਗਿਆ ਗਿਆ ਹੈ ਅਤੇ ਪੱਤਰ ਲਿਖ ਕੇ ਪਲਾਟ ਨੰਬਰ ਵੀ ਪੁੱਛੇ ਗਏ ਹਨ। ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਸਾਰਾ ਰਿਕਾਰਡ ਦੇਣ ਦੀ ਯੋਜਨਾ ਬਣਾਈ ਹੈ ਅਤੇ ਚੇਅਰਮੈਨ ਤਰਸੇਮ ਭਿੰਡਰ ਨੇ ਵੀ ਕਿਹਾ ਹੈ ਕਿ ਈਡੀ ਨੇ ਜੋ ਰਿਕਾਰਡ ਮੰਗਿਆ ਹੈ ਉਨ੍ਹਾਂ ਨੂੰ ਯਕੀਨੀ ਤੌਰ ’ਤੇ ਮੁਹੱਈਆ ਕਰਵਾਇਆ ਜਾਵੇਗਾ। ਨਗਰ ਸੁਧਾਰ ਟਰੱਸਟ ਲੁਧਿਆਣਾ ਨੂੰ ਈਡੀ ਵੱਲੋਂ ਦਿੱਤੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਐੱਲਡੀਪੀ ਸਕੀਮ ਤਹਿਤ ਅਲਾਟ ਕੀਤੇ ਗਏ ਪਲਾਟਾਂ ਦੀ ਅਲਾਟਮੈਂਟ ਅਤੇ ਬੀਆਰਐੱਸ ਨਗਰ ਵਿੱਚ 100 ਅਤੇ 64 ਗਜ਼ ਦੇ ਮਕਾਨਾਂ ਦੀ ਰਜਿਸਟਰੀ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਇਸ ਦਾ ਜਲੰਧਰ ਈਡੀ ਦਫ਼ਤਰ ਨੇ ਅਗਲੇ ਹਫ਼ਤੇ ਤੱਕ ਪੂਰਾ ਰਿਕਾਰਡ ਮੰਗਿਆ ਹੈ। ਹੁਣ ਤੱਕ ਲੁਧਿਆਣਾ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਰਿਕਾਰਡ ਮੰਗਦਾ ਰਿਹਾ ਹੈ, ਪਰ ਹੁਣ ਇਸ ਮਾਮਲੇ ਵਿੱਚ ਈਡੀ ਵੱਲੋਂ ਲਗਾਤਾਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਈਡੀ ਨੇ ਇਸ ਮਾਮਲੇ ਵਿੱਚ ਲੋੜੀਂਦੇ ਸਟਾਫ਼ ਦੇ ਬਿਆਨ ਵੀ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਈਡੀ ਦੇ ਨੋਟਿਸ ਵਿੱਚ ਛੇ ਪੁਆਇੰਟ ਦਿੱਤੇ ਗਏ ਹਨ। ਜਦ ਕਿ ਹਰ ਪੁਆਇੰਟ ਵਿੱਚ ਈਡੀ ਨੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਅਲਾਟ ਹੋਏ ਪਲਾਟਾਂ ਦਾ ਵੇਰਵਾ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਨਿਲਾਮੀ ਲਈ 5 ਦਸੰਬਰ 2019 ਹੋਣ ਦੇ ਬਾਵਜੂਦ ਨਿਲਾਮੀ ਨੂੰ ਇੱਕ ਦਿਨ ਵਧਾਉਣ ਦਾ ਕਾਰਨ ਵੀ ਪੁੱਛਿਆ ਗਿਆ ਹੈ। ਦੱਸ ਦੇਈਏ ਕਿ ਰਮਨ ਬਾਲਾ ਸੁਬਰਾਮਨੀਅਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਟਰੱਸਟ ਦੇ ਚੇਅਰਮੈਨ ਸਨ।
ਰਿਕਾਰਡਾਂ ਦੇ ਮੰਗੇ ਵੇਰਵੇ
ਈਡੀ ਨੇ ਪੱਤਰ ਵਿੱਚ ਰਿਸ਼ੀ ਨਗਰ ਦੇ 102-ਡੀ, 103-ਡੀ, 104-ਡੀ, 105-ਡੀ ਦੇ ਪਲਾਟਾਂ ਬਾਰੇ ਵੱਖਰੀ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਾਭਾ ਨਗਰ ਦੀ 366-ਬੀ (ਸਰਾਭਾ ਨਗਰ) ਅਤੇ 140 (ਸਰਾਭਾ ਨਗਰ) ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਇਹ ਪਲਾਟ ਨਿਲਾਮੀ ਰਾਹੀਂ ਕਿਵੇਂ ਵੇਚੇ ਗਏ ਅਤੇ ਇਨ੍ਹਾਂ ਦੇ ਖਰੀਦਦਾਰਾਂ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਦੇ ਪਲਾਟ ਨੰਬਰ 9-ਬੀ ਦੀ ਅਲਾਟਮੈਂਟ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਇਸ ਮਾਮਲੇ ਵਿੱਚ ਨਗਰ ਸੁਧਾਰ ਟਰੱਸਟ ਦੇ ਮੌਜੂਦਾ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਈ.ਡੀ. ਨੇ ਜੋ ਵੀ ਵੇਰਵੇ ਮੰਗੇ ਹਨ, ਉਹ ਉਸ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।