ਮੇਰੇ ਖਿਲਾਫ ਈਡੀ ਦੇ ਛਾਪੇ ਦੀ ਤਿਆਰੀ, ਖੁੱਲ੍ਹੀਆਂ ਬਾਹਾਂ ਨਾਲ ਇੰਤਜ਼ਾਰ ਹੈ: ਰਾਹੁਲ
ਨਵੀਂ ਦਿੱਲੀ, 2 ਅਗਸਤ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਸਦਨ ਵਿੱਚ ਚਕਰਵਿਊ ਵਾਲੇ ਭਾਸ਼ਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਈਡੀ ਅਧਿਕਾਰੀਆਂ ਦਾ ਬਾਹਾਂ ਖੋਲ੍ਹ ਕੇ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਹ ਚਾਹ ਤੇ ਬਿਸਕੁਟ ਦੀ ਪੇਸ਼ਕਸ਼ ਕਰਨਗੇ।
ਕਾਂਗਰਸੀ ਆਗੂ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਜ਼ਾਹਿਰ ਹੈ ਕਿ ‘2 ਇਨ 1’ ਨੂੰ ਮੇਰਾ ਚਕਰਵਿਊ ਵਾਲਾ ਭਾਸ਼ਣ ਵਧੀਆ ਨਹੀਂ ਲੱਗਿਆ। ਈਡੀ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਹੈ ਕਿ ਛਾਪੇ ਦੀ ਤਿਆਰੀ ਹੋ ਰਹੀ ਹੈ। ਮੈਂ ਈਡੀ ਦਾ ਖੱਲ੍ਹੀਆਂ ਬਾਹਾਂ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਵੱਲੋਂ ਚਾਹ ਤੇ ਬਿਸਕੁਟ।’’ ਇਸੇ ਨਾਲ ਜੁੜੇ ਇਕ ਹੋਰ ਘਟਨਾਕ੍ਰਮ ਵਿੱਚ, ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ‘ਭਾਜਪਾ ਸਰਕਾਰ ਵੱਲੋਂ ਸਿਆਸੀ ਪ੍ਰੇਸ਼ਾਨੀ ਲਈ ਈਡੀ, ਸੀਬੀਆਈ ਤੇ ਆਮਦਨ ਕਰ ਵਿਭਾਗ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ’ ਬਾਰੇ ਚਰਚਾ ਦੀ ਮੰਗ ਕਰਦੇ ਹੋਏ ਲੋਕ ਸਭਾ ਵਿੱਚ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ। ਨੋਟਿਸ ਵਿੱਚ ਕਿਹਾ ਗਿਆ ਹੈ, ‘‘ਭਾਜਪਾ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਲਈ ਈਡੀ, ਸੀਬੀਆਈ ਤੇ ਆਮਦਨ ਕਰ ਵਿਭਾਗ ਵਰਗੀਆਂ ਏਜੰਸੀਆਂ ਦੀ ਕੀਤੀ ਜਾਂਦੀ ਦੁਰਵਰਤੋਂ ਦੀ ਵਿਰੋਧੀ ਧਿਰ ਆਲੋਚਨਾ ਕਰਦੀ ਹੈ। ਲੋਕ ਸਭਾ ਚੋਣਾਂ ਵਿੱਚ ਸੀਟਾਂ 303 ਤੋਂ ਘੱਟ ਕੇ 240 ’ਤੇ ਪਹੁੰਚਣ ਅਤੇ ਟੀਡੀਪੀ ਤੇ ਜੇਡੀ (ਯੂ) ’ਤੇ ਨਿਰਭਰਤਾ ਹੋਣ ਦੇ ਬਾਵਜੂਦ, ਸਰਕਾਰ ਨੇ ਇਨ੍ਹਾਂ ਏਜੰਸੀਆਂ ਨੂੰ ਸਿਆਸੀ ਆਗੂਆਂ ਨੂੰ ਡਰਾਉਣ ’ਤੇ ਲਾਇਆ ਹੋਇਆ ਹੈ, ਜਿਸ ਰਾਹੀਂ ਲੋਕਤੰਤਰੀ ਸਿਧਾਂਤਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸੱਤਾ ਦੀ ਤਾਕਤ ਦੀ ਦੁਰਵਰਤੋਂ ਨਾਬਰਦਾਸ਼ਤਯੋਗ ਹੈ ਅਤੇ ਇਸ ਨਾਲ ਸਾਡੀਆਂ ਸੰਸਥਾਵਾਂ ਦੀ ਅਖੰਡਤਾ ਨੂੰ ਖਤਰਾ ਹੈ।’’ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਬਜਟ ’ਤੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਕੇਂਦਰ ਸਰਕਾਰ ’ਤੇ ਹਿੰਦੁਸਤਾਨ ਨੂੰ ਅਭਿਮੰਨਿਊ ਵਾਂਗ ਚਕਰਵਿਊ ਵਿੱਚ ਫਸਾਉਣ ਦਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਵਿਰੋਧੀ ਗੱਠਜੋੜ ‘ਇੰਡੀਆ’ ਇਸ ਚਕਰਵਿਊ ਨੂੰ ਤੋੜੇਗਾ। ਇਸ ਦੌਰਾਨ ਵੱਖ-ਵੱਖ ਕਾਂਗਰਸੀ ਆਗੂਆਂ ਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਸਰਕਾਰ ’ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ। ਰਾਸ਼ਟਰੀ ਲੋਕਤੰਤਰੀ ਪਾਰਟੀ ਦੇ ਆਗੂ ਅਤੇ ਨਾਗੌਰ ਤੋਂ ਸੰਸਦ ਮੈਂਬਰ ਹਨੂੰਮਾਨ ਰਾਮਦੇਵ ਬੈਨੀਵਾਲ ਨੇ ਕਿਹਾ ਕਿ ਗਾਂਧੀ ਸਹੀ ਕਹਿ ਰਹੇ ਸਨ। ਕੇਂਦਰ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਕਿਹਾ ਕਿ ਸਰਕਾਰ ਤੇ ਈਡੀ ਦੀ ਮਨਸ਼ਾ ਲੋਕਾਂ ਨੂੰ ਡਰਾਉਣ ਦੀ ਹੈ ਪਰ ਗਾਂਧੀ ਡਰਨ ਵਾਲੇ ਨਹੀਂ ਹਨ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਸੰਸਦ ਵਿੱਚ ਸਰਕਾਰ ਨੂੰ ਬੇਨਕਾਬ ਕਰਦੇ ਹਨ, ਇਸ ਵਾਸਤੇ ਸਰਕਾਰ ਉਨ੍ਹਾਂ ਪਿੱਛੇ ਈਡੀ ਤੇ ਸੀਬੀਆਈ ਲਾਉਣਾ ਚਾਹੁੰਦੀ ਹੈ। -ਪੀਟੀਆਈ
ਰਾਹੁਲ ਗਾਂਧੀ ਨੇ ਵਾਇਨਾਡ ਨਾਲ ਜੁੜੇ ਸਵਾਲਾਂ ਤੋਂ ਬਚਣ ਲਈ ਕਾਲਪਨਿਕ ਮੁੱਦਾ ਉਠਾਇਆ: ਰਾਜੀਵ ਚੰਦਰਸ਼ੇਖਰ
ਰਾਹੁਲ ਗਾਂਧੀ ਦੇ ਦਾਅਵੇ ’ਤੇ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਪਾਰਟੀ ਹੈੱਡਕੁਆਰਟਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੋ ਸਕਦਾ ਹੈ ਕਿ ਕਾਂਗਰਸੀ ਆਗੂ ਨੂੰ ਕਿਹਾ ਗਿਆ ਹੋਵੇ ਕਿ ਲੋਕ ਉਨ੍ਹਾਂ ਦੀ ਜਵਾਬਦੇਹੀ ਬਾਰੇ ਸਵਾਲ ਪੁੱਛ ਰਹੇ ਹਨ, ਇਸ ਵਾਸਤੇ ਉਨ੍ਹਾਂ ਨੇ ਇਕ ਨਵਾਂ ਬਹਾਨਾ ਘੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਗਾਂਧੀ ਨੇ ਵਾਇਨਾਡ ਨਾਲ ਜੁੜੇ ਸਵਾਲਾਂ ਤੋਂ ਬਚਣ ਲਈ ਇਕ ਕਾਲਪਨਿਕ ਮੁੱਦਾ ਉਠਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਉਨ੍ਹਾਂ ਦੀ ਜਵਾਬਦੇਹੀ ਬਾਰੇ ਪੁੱਛ ਰਹੇ ਹਨ। ਵਿਰੋਧੀ ਧਿਰ ਦੇ ਆਗੂ ਦੇ ਦਾਅਵੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਤੇ ਭਾਜਪਾ ਦੀ ਸਹਿਯੋਗੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਆਗੂ ਲਲਨ ਸਿੰਘ ਨੇ ਕਿਹਾ ਕਿ ਗਾਂਧੀ ਨੇ ਕੁਝ ਅਜਿਹਾ ਕੀਤਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਜੇ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਸ ਨੂੰ ਕੁਝ ਕਿਉਂ ਹੋਵੇਗਾ?’’
ਰਾਹੁਲ ਗਾਂਧੀ ’ਤੇ ਹਮਲਾ ਕੀਤਾ ਜਾ ਸਕਦੈ: ਸੰਜੈ ਰਾਊਤ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਆਗੂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ ਤੇ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਇੱਕ ਮਹੀਨੇ ਤੋਂ ਭਾਜਪਾ ਆਗੂਆਂ ਦੀ ਨੀਂਦ ਉਡਾ ਰੱਖੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਰਾਹੁਲ ਗਾਂਧੀ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ ਤੇ ਉਨ੍ਹਾਂ ’ਤੇ ਹਮਲਾ ਵੀ ਕੀਤਾ ਜਾ ਸਕਦਾ ਹੈ। ਰਾਊਤ ਨੇ ਕਿਹਾ, ‘ਕੁਝ ਵੀ ਹੋ ਸਕਦਾ ਹੈ। ਉਹ ਸਾਡੇ ਖ਼ਿਲਾਫ਼ ਵਿਦੇਸ਼ੀ ਧਰਤੀ ਤੋਂ ਸਾਜ਼ਿਸ਼ ਰਚ ਰਹੇ ਹਨ। ਉਹ ਸਾਡੇ ਤੇ ਰਾਹੁਲ ਗਾਂਧੀ ’ਤੇ ਹਮਲਾ ਕਰ ਸਕਦੇ ਹਨ ਕਿਉਂਕਿ ਵਿਰੋਧੀ ਧਿਰ ਦੇ ਹਮਲਿਆਂ ਤੋਂ ਸਰਕਾਰ ਪ੍ਰੇਸ਼ਾਨ ਹੈ।’ -ਏਐੱਨਆਈ