ਪ੍ਰਨੀਤ ਕੌਰ ਵੱਲੋਂ ਡੇਰਾਬੱਸੀ ਦੇ ਵਰਕਰਾਂ ਦਾ ਧੰਨਵਾਦ
ਹਰਜੀਤ ਸਿੰਘ
ਡੇਰਾਬੱਸੀ, 13 ਦਸੰਬਰ
ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਾਜਪਾ ਆਗੂ ਪਰਨੀਤ ਕੌਰ ਅੱਜ ਇਥੇ ਸਥਿਤ ਰਾਮ ਮੰਦਿਰ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਲੋਕ ਸਭਾ ਚੋਣਾਂ ’ਚ ਸਾਥ ਦੇਣ ਵਾਲੇ ਡੇਰਾਬੱਸੀ ਦੇ ਵਰਕਰਾਂ ਦਾ ਧੰਨਵਾਦ ਕੀਤਾ। ਭਾਜਪਾ ਆਗੂ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਬੁਲਾਈ ਗਈ ਇਸ ਮੀਟਿੰਗ ਵਿੱਚ ਭਾਜਪਾ ਦੀ ਧੜੇਬੰਦੀ ਵੀ ਖੁੱਲ੍ਹਕੇ ਸਾਹਮਣੇ ਆਈ। ਇਸ ਮੌਕੇ ਹਲਕਾ ਡੇਰਾਬੱਸੀ ਤੋਂ ਭਾਜਪਾ ਟਿਕਟ ਤੋਂ ਵਿਧਾਨਸਭਾ ਦੀ ਚੋਣ ਲੜ ਚੁੱਕੇ ਸੰਜੀਵ ਖੰਨਾ ਅਤੇ ਟਿਕਟ ਦੀ ਦੌੜ ਵਿੱਚ ਸ਼ਾਮਲ ਭਾਜਪਾ ਦੇ ਵੱਡੇ ਆਗੂ ਮੁਕੇਸ਼ ਗਾਂਧੀ ਸਣੇ ਰਵਿੰਦਰ ਵੈਸ਼ਨਵ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਇਸ ਤੋਂ ਇਲਾਵਾ ਭਾਜਪਾ ਦੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਸਣੇ ਹੋਰ ਵੀ ਅਹੁਦੇਦਾਰ ਵੀ ਗੈਰ-ਹਾਜ਼ਰ ਰਹੇ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਭਾਜਪਾ ਆਗੂ ਐੱਸਐੱਮਐੱਸ ਸੰਧੂ ਇਸ ਹਲਕੇ ਵਿੱਚ ਕੰਮਕਾਜ ਦੇਖਣਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਟਿਕਟ ਦੀ ਦੌੜ ਵਿੱਚ ਹੋਰ ਵੀ ਆਗੂ ਸ਼ਾਮਲ ਹਨ, ਜਿਸਦਾ ਫ਼ੈਸਲਾ ਪਾਰਟੀ ਹਾਈਕਮਾਨ ਵੱਲੋਂ ਕੀਤਾ ਜਾਣਾ ਹੈ। ਮੀਟਿੰਗ ਵਿੱਚ ਸ਼ਾਮਲ ਨਾ ਹੋਣ ਵਾਲੇ ਆਗੂਆਂ ਨੇ ਦੱਸਿਆ ਕਿ ਇਹ ਮੀਟਿੰਗ ਐੱਸਐੱਮਐੱਸ ਸੰਧੂ ਵੱਲੋਂ ਬੁਲਾਈ ਗਈ ਸੀ ਜਿਸ ਕਾਰਨ ਉਹ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਮੰਨਿਆ ਕਿ ਸ੍ਰੀ ਸੰਧੂ ਹਲਕੇ ਵਿੱਚ ਧੜੇਬੰਦੀ ਪੈਦਾ ਕਰ ਰਹੇ ਹਨ।