ਤਾਪਮਾਨ ਵਧਣ ਕਾਰਨ ਲੀਚੀ ਸਮੇਂ ਤੋਂ ਪਹਿਲਾਂ ਪੱਕੀ
ਪੱਤਰ ਪ੍ਰੇਰਕ
ਪਠਾਨਕੋਟ, 23 ਜੂਨ
ਜ਼ਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਲੀਚੀ ਦਾ ਫਲ ਭਾਰੀ ਗਰਮੀ ਨਾਲ ਬਰਸਾਤ ਤੋਂ ਪਹਿਲਾਂ ਹੀ ਪੱਕ ਕੇ ਫਟਣ ਕਾਰਨ ਬਾਗਬਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਬਾਗਬਾਨਾਂ ਨੇ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਮੌਸਮ ’ਚ ਆ ਰਹੀ ਤਬਦੀਲੀ ਦਾ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਝੱਲਣਾ ਪਵੇ। ਇਸ ਦੌਰਾਨ ਬਾਗਬਾਨਾਂ ਨੇ ਪੰਜਾਬ ਸਰਕਾਰ ਨੂੰ ਵੀ ਬਿਹਾਰ ਵਾਲੀ ਤਕਨੀਕ ਹੀ ਪੰਜਾਬ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ।
ਕਾਰਤਿਕ ਵਡੇਰਾ, ਗੁਰਸ਼ਰਨ ਸਿੰਘ ਜਮਾਲਪੁਰ, ਜੋਤੀ ਬਾਜਵਾ, ਅਸ਼ੋਕ ਸੈਣੀ ਕੀੜੀ ਖੁਰਦ, ਸੰਬਿਆਲ ਆਦਿ ਬਾਗਬਾਨਾਂ ਨੇ ਦੱਸਿਆ ਕਿ ਅਕਸਰ ਪਠਾਨਕੋਟ ਜ਼ਿਲ੍ਹੇ ਦਾ ਤਾਪਮਾਨ 40 ਡਿਗਰੀ ਰਹਿੰਦਾ ਰਿਹਾ ਹੈ ਜੋ ਕਿ ਲੀਚੀ ਦੇ ਫਲ ਲਈ ਬਹੁਤ ਅਨੁਕੂਲ ਸੀ ਪਰ ਇਸ ਵਾਰ ਮੌਸਮ ਵਿੱਚ ਆਈ ਤਬਦੀਲੀ ਨਾਲ ਇਹ ਵਧ ਕੇ 47-48 ਡਿਗਰੀ ਤੱਕ ਪੁੱਜ ਗਿਆ।
ਤਾਪਮਾਨ ਵਧਣ ਕਾਰਨ ਲੀਚੀ ਦਾ ਫਲ ਛੇਤੀ ਪੱਕ ਕੇ ਫਟ ਗਿਆ। ਉਨ੍ਹਾਂ ਦੱਸਿਆ ਕਿ ਮੀਂਹ ਨਾ ਪੈਣ ਕਰਕੇ ਇਸ ਦਾ ਗੁੱਦਾ ਪੂਰੀ ਤਰ੍ਹਾਂ ਭਰਿਆ ਨਹੀਂ ਤੇ ਲੀਚੀ ਦਾ ਆਕਾਰ ਵੀ ਛੋਟਾ ਰਹਿ ਗਿਆ। ਇਸ ਕਾਰਨ ਉਨ੍ਹਾਂ ਨੂੰ ਲੀਚੀ ਦਾ ਫਲ ਕੌਡੀਆਂ ਦੇ ਭਾਅ ਵੇਚਣਾ ਪੈ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਭਾਰੀ ਘਾਟਾ ਪਵੇਗਾ।
ਉਨ੍ਹਾਂ ਦਾ ਕਹਿਣਾ ਸੀ ਕਿ ਬਿਹਾਰ ਵਿੱਚ ਵੀ ਲੀਚੀ ਦੇ ਬਾਗਬਾਨਾਂ ਨੂੰ ਲੀਚੀ ਫਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਨ੍ਹਾਂ ਨੇ ਇਸ ਦਾ ਹੱਲ ਕੱਢ ਰੱਖਿਆ ਹੈ। ਉਥੇ ਇਸ ਤਕਨੀਕ ਤਹਿਤ ਓਵਰਹੈੱਡ ਸਪਰਿੰਕਲਰ ਲਗਾਇਆ ਜਾਂਦਾ ਹੈ। ਇਸ ਕਰਕੇ ਬਾਗਬਾਨਾਂ ਨੇ ਪੰਜਾਬ ਸਰਕਾਰ ਨੂੰ ਵੀ ਬਿਹਾਰ ਵਾਲੀ ਤਕਨੀਕ ਹੀ ਪੰਜਾਬ ਵਿੱਚ ਲਿਆਉਣ ਦੀ ਮੰਗ ਕੀਤੀ ਹੈ।