ਖੇਤੀਬਾੜੀ ਵਿਭਾਗ ਵੱਲੋਂ ਜ਼ਬਤ ਡੀਏਪੀ ਖਾਦ ਦਾ ਨਮੂਨਾ ਫੇਲ੍ਹ
ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਸਤੰਬਰ
ਇਥੇ ਖੇਤੀਬਾੜੀ ਵਿਭਾਗ ਵੱਲੋਂ ਜ਼ਬਤ ਕੀਤੀ ਨਕਲੀ ਡੀਏਪੀ ਖਾਦ ਦਾ ਨਮੂਨਾ ਫੇਲ੍ਹ ਹੋ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੁਰੂਗ੍ਰਾਮ (ਹਰਿਆਣਾ) ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ’ਚ ਜ਼ਬਤ ਕੀਤੀ ਨਕਲੀ ਡੀਏਪੀ ਖਾਦ ਦੇ ਨਮੂਨਾ ਦਾ ਨਤੀਜਾ ‘ਜ਼ੀਰੋ’ ਫ਼ੀਸਦ ਆਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡੀਏਪੀ ਖਾਦ ’ਚ ਨਾਈਟਰੋਜਨ ਤੱਤ 18 ਫ਼ੀਸਦੀ ਤੇ ਫਾਸਫੋਰਸ ਤੱਤ 46 ਫ਼ੀਸਦੀ ਹੁੰਦਾ ਹੈ, ਜਦੋਂ ਕਿ ਜ਼ਬਤ ਕੀਤੀ ਖਾਦ ਦੇ ਨਮੂਨਿਆਂ ਵਿੱਚ ਦੋਵੇਂ ਤੱਕ ਨਹੀਂ ਮਿਲੇ।
ਬੱਧਨੀ ਕਲਾਂ ਪੁਲੀਸ ਵੱਲੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਮੁਲਜ਼ਮ ਵਿਕਾਸ ਨੇ ਮੰਨਿਆ ਕਿ ਸੰਗਰੂਰ ਦੀ ਫੈਕਟਰੀ ਵੱਲੋਂ ਇਹ ਖਾਦ ਕਥਿਤ ਤੌਰ ’ਤੇ 400 ਰੁਪਏ ਪ੍ਰਤੀ ਗੱਟਾ ਵੇਚੀ ਜਾਂਦੀ ਹੈ। ਇਸ ਮਗਰੋਂ ਖਾਦ ਨੂੰ ਗੁਰੂਗ੍ਰਾਮ (ਹਰਿਆਣਾ) ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ’ਚ ਤਬਦੀਲ ਕਰ ਕੇ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਇਹ ਨਕਲੀ ਡੀਏਪੀ ਖਾਦ ਅੱਗੇ ਮੁਲਜ਼ਮ ਜਸਵਿੰਦਰ ਸਿੰਘ ਅਤੇ ਹੋਰਾਂ ਨੂੰ 900 ਰੁਪਏ ਪ੍ਰਤੀ ਥੈਲਾ ਵੇਚ ਦਿੰਦਾ ਹੈ। ਇਸ ਤੋਂ ਬਾਅਦ ਕਿਸਾਨਾਂ ਨੂੰ 1350 ਰੁਪਏ ਪ੍ਰਤੀ ਗੱਟਾ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਮੁਲਜ਼ਮਾਂ ਵੱਲੋਂ ਪੁੱਛ-ਪੜਤਾਲ ਵਿੱਚ ਕੀਤੇ ਗਏ ਖੁਲਾਸੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਸੂਬੇ ਵਿਚ ਡੀਏਪੀ ਖਾਦ ਦੀ ਆੜ ’ਚ ਵੇਚੀ ਜਾ ਰਹੀ ਗੋਹੇ ਦੀ ਖਾਦ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਗਈ। ਕਿਸਾਨ ਆਗੂ ਮਾਣੂੰਕੇ ਨੇ ਸੂਬਾ ਸਰਕਾਰ ਤੋਂ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ।
ਕਿਸਾਨਾਂ ਨਾਲ ਖਿਲਵਾੜ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਖੁੱਡੀਆਂ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਸਤੇ ਭਾਅ ’ਤੇ ਵੇਚਣ ਲਈ ਲਿਆਂਦੀ ਜਾ ਰਹੀ ਨਕਲੀ ਡੀਏਪੀ ਖਾਦ ਸਬੰਧੀ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਮੁੱਖ ਖੇਤੀਬਾਡੀ ਅਫ਼ਸਰ ਮੋਗਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਨੇ ਖਾਦ ਦੇ ਨਮੂਨੇ ਹਾਸਲ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਐਫ਼ਆਈਆਰ ਵੀ ਦਰਜ ਕਰਵਾ ਦਿੱਤੀ ਹੈ।