For the best experience, open
https://m.punjabitribuneonline.com
on your mobile browser.
Advertisement

ਭਵਿੱਖਬਾਣੀ

05:30 AM Dec 07, 2024 IST
ਭਵਿੱਖਬਾਣੀ
Advertisement

ਰਾਵਿੰਦਰ ਫਫੜੇ

Advertisement

ਲੰਮਾ ਕੱਦ, ਦਰਮਿਆਨੀ ਸਿਹਤ। ਭਰਵੀਂ ਖੁੱਲ੍ਹੀ ਛੱਡੀ ਦਾੜ੍ਹੀ, ਤਕਰੀਬਨ 65-70 ਸਾਲ ਦਾ ਹੈ ਭੂਰਾ ਸਿੰਘ ਹੈ। ਰਿਸ਼ਤੇ ਪੱਖੋਂ ਭਰਾਵਾਂ ਦੀ ਥਾਂ ਲੱਗਦਾ ਪਰ ਉਮਰ ਵਿੱਚ ਮੈਥੋਂ ਜਿ਼ਆਦਾ ਵੱਡਾ ਹੋਣ ਕਾਰਨ ਮੈਂ ਉਹਨੂੰ ‘ਭਾਈ ਜੀ’ ਕਹਿ ਕੇ ਬੁਲਾਉਂਦਾ।
ਕੁਝ ਦਿਨ ਪਹਿਲਾਂ ਭਾਣਜੇ ਦਾ ਵਿਆਹ ਸੀ; ਉਥੋਂ ਵਾਪਸੀ ਵੇਲੇ ਭੈਣ ਨੇ ਪਿੰਡ ਵਿੱਚ ਵੰਡਣ ਲਈ ਬਹੁਤ ਸਾਰੀ ਮਠਿਆਈ ਮੱਲੋ-ਮੱਲੀ ਗੱਡੀ ਵਿਚ ਰੱਖ ਦਿੱਤੀ। ਪਿੰਡਾਂ ਦੇ ਰਿਵਾਜ਼ ਅਨੁਸਾਰ, ਪਤਨੀ ਨੇ ਲਾਗਣ ਅਤੇ ਸ਼ਰੀਕੇ ਦੀਆਂ ਔਰਤਾਂ ਦੀ ਸਹਾਇਤਾ ਨਾਲ ਉਹ ਮਠਿਆਈ ਮਿਲਵਰਤਣ ਵਾਲੇ ਘਰਾਂ ਵਿੱਚ ਵੰਡ ਦਿਤੀ। ਭੂਰਾ ਸਿੰਘ ਅਤੇ ਉਸ ਦਾ ਭਰਾ ਪਿੰਡ ਦੇ ਬਾਹਰਵਾਰ ਖੇਤ ਵਿਚਲੇ ਘਰਾਂ ਵਿੱਚ ਰਹਿੰਦੇ ਹਨ, ਸਾਡੇ ਘਰ ਤੋਂ ਕਾਫੀ ਦੂਰ ਹੋਣ ਕਾਰਨ ਉਸ ਦਿਨ ਮਠਿਆਈ ਵੰਡਣ ਬਾਝੋਂ ਰਹਿ ਗਏ। ਰਾਤ ਨੂੰ ਰੋਟੀ ਖਾਂਦਿਆਂ ਪਤਨੀ ਨੇ ਇਹ ਗੱਲ ਦੱਸੀ ਤੇ ਕਿਹਾ, “ਕੱਲ੍ਹ ਆਪਾਂ ਮੋਟਰਸਾਈਕਲ ’ਤੇ ਉਹਨਾਂ ਦੇ ਮਠਿਆਈ ਦੇ ਆਵਾਂਗੇ।” ਮੈਂ ਵੀ ਸਿਰ ਹਿਲਾ ਕੇ ਹਾਮੀ ਭਰ ਦਿਤੀ।
ਦੂਜੇ ਦਿਨ ਮੈਂ ਸਵੇਰੇ ਤਿਆਰ ਹੋ ਕੇ ਪਤਨੀ ਨੂੰ ਕਿਹਾ, “ਚੱਲ ਭੂਰੇ ਕੇ ਮਠਿਆਈ ਦੇ ਆਉਨੇ ਆਂ, ਫਿਰ ਮੈਂ ਸ਼ਹਿਰ ਜਾਣੈ।” ਖ਼ੈਰ! ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਭੂਰਾ ਸਿੰਘ ਘਰ ਦੇ ਬਾਹਰ ਲੱਗੀ ਮੋਟਰ ਵਾਲੇ ਕੋਠੇ ਅੱਗੇ ਖੜ੍ਹਾ ਸੀ।
“ਹੋਰ ਜੀ ਭਾਈ ਜੀ ਕੀ ਹਾਲ ਐ?” ਕਹਿੰਦਿਆਂ ਮੈਂ ਉਸ ਕੋਲ ਮੋਟਰਸਾਈਕਲ ਰੋਕ ਲਿਆ; ਪਤਨੀ ਉਹਨਾਂ ਦੇ ਘਰ ਅੰਦਰ ਚਲੀ ਗਈ।
“ਚੱਲ ਅੰਦਰ ਚੱਲਦੇ ਆਂ, ਚਾਹ-ਪਾਣੀ ਪੀਂਦੇ ਆਂ।” ਇਹ ਕਹਿੰਦਿਆਂ ਉਹ ਘਰ ਵੱਲ ਤੁਰਨ ਲੱਗਾ।
“ਬੱਸ ਜੀ, ਚਾਹ ਪੀ ਕੇ ਈ ਚੱਲੇ ਸੀ... ਮੈਂ ਸ਼ਹਿਰ ਜਾਣਾ ਸੀ, ਸੋਚਿਆ ਜਾ ਕੇ ਮਠਿਆਈ ਦੇ ਆਉਨੇ ਆਂ; ਪਿੰਡ ’ਚ ਤਾਂ ਕੱਲ੍ਹ ਵੰਡ ਦਿਤੀ ਸੀ, ਆਪਣੇ ਦੋਵੇਂ ਘਰ ਰਹਿ ਗਏ ਸੀ।... ਇਹ ਦੂਰ ਕਰ ਕੇ ਕੱਲ੍ਹ ਘੌਲ਼ ਕਰ ਗਈਆਂ।” ਮੈਂ ਮੋਟਰਸਾਈਕਲ ’ਤੇ ਬੈਠਿਆਂ ਹੀ ਕੱਲ੍ਹ ਨਾ ਆ ਸਕਣ ਅਤੇ ਜਲਦੀ ਮੁੜਨ ਦੀ ਗੱਲ ਕਹੀ। ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਉਹਨੇ ਆਪਣੀ ਗੱਲ ਸ਼ੁਰੂ ਕਰ ਲਈ, ਗੱਲਾਂ ਦਾ ਉਹ ਬੜਾ ਧਨੀ ਹੈ। ਅਨਪੜ੍ਹ ਹੋਣ ਦੇ ਬਾਵਜੂਦ ਗੱਲਾਂ ਉਹ ਬੜੀਆਂ ਸਿਆਣੀਆਂ ਅਤੇ ਪਤੇ ਦੀਆਂ ਕਰਦਾ। “ਛੋਟੇ ਭਾਈ, ਹੁਣ ਤਾਂ ਕੋਈ ਦੋ ਪੈਰ ਤੁਰ ਕੇ ਰਾਜ਼ੀ ਨੀ, ਪਹਿਲਾਂ ਜਨਾਨੀਆਂ ਭੱਤਾ-ਚਾਹ ਆਦਿ ਲੈ ਕੇ ਦੋ-ਦੋ ਗੇੜੇ ਤਾਂ ਖੇਤ ਦੇ ਈ ਲਾ ਆਉਂਦੀਆਂ ਸਨ ਤੁਰ ਕੇ... ਬੰਦੇ ਤਾਂ ਸਾਰਾ ਦਿਨ ਤੋਰਾ-ਫੇਰਾ ਕਰਦੇ ਨੀ ਸੀ ਥੱਕਦੇ... ਹਲ ਮਗਰ ਦਸ-ਦਸ ਮੀਲ ਪੈਂਡਾ ਸਰ ਕਰ ਲੈਂਦੇ ਸੀ ਆਥਣ ਤੱਕ... ਸਾਈਕਲ-ਸਕੂਟਰ ਤਾਂ ਦੂਰ ਦੀ ਗੱਲ, ਗੱਡੇ ’ਤੇ ਵੀ ਨੀ ਸੀ ਚੜ੍ਹਦੇ... ਨਾਲ-ਨਾਲ ਤੁਰੇ ਜਾਂਦੇ। ਹੁਣ ਤਾਂ ਕਿਸੇ ਨੇ ਮੂਤਣ ਵੀ ਜਾਣੈ ਤਾਂ ਵੀ ਆਹ ਘਰਕੀਣਾਂ ਜੀਆਂ ਚੱਕ ਲੈਂਦੇ ਆ...।” ਉਹਨੇ ਸਾਹਮਣੇ ਖੜ੍ਹੀ ਇਲੈਕਟ੍ਰੌਨਿਕ ਸਕੂਟਰੀ ਵੱਲ ਇਸ਼ਾਰਾ ਕੀਤਾ। ਉਸ ਦੀ ਗੱਲ ਸੁਣ ਕੇ ਮੈਨੂੰ ਹਾਸਾ ਆ ਗਿਆ। ਫਿਰ ਉਹਨੇ ਥੋੜ੍ਹਾ ਸਿਰ ਝਟਕਾਉਂਦਿਆਂ ਆਪਣੀ ਹੀ ਗੱਲ ਨੂੰ ਮੋੜਾ ਦਿੰਦਿਆਂ ਕਿਹਾ, “ਬਾਈ...ਬੰਦਿਆਂ ਦੀ ਥੋੜ ਹੋ ਗੀ... ਪਹਿਲਾਂ ਹਰ ਘਰ ’ਚ ਤਿੰਨ ਚਾਰ ਬੰਦੇ ਹੁੰਦੇ... ਇਕ-ਦੋ ਖੇਤ ਹੁੰਦੇ... ਇਕ ਘਰੇ ਪਸ਼ੂ ਸੰਭਾਲਦਾ... ਇਕ ਉੱਤਲੇ (ਕਬੀਲਦਾਰੀ) ਕੰਮਾਂ ਲਈ... ਹੁਣ ਤਾਂ ਟੈਮ ਈ ਨੀ ਕਿਸੇ ਕੋਲ... ਹਰੇਕ ਘਰ ’ਚ ’ਕੱਲਾ-’ਕੱਲਾ ਬੰਦੈ... ’ਕੱਲਾ ਬੰਦਾ ਕਿੱਧਰ-ਕਿੱਧਰ ਹੋਊ? ਉਤੋਂ ਇਕ ਤੋਂ ਵੱਧ ਜਵਾਕ ਨੀ ਕਿਸੇ ਦੇ... ਪਹਿਲੀ ਕੁੜੀ ਹੋ ਜੇ, ਫੇਰ ਤਾਂ ਅਗਲਾ ਜਵਾਕ ਜੰਮਦੇ, ਨਹੀਂ ਤਾਂ ਬੱਸ। ਜਿਹੜੇ ਹੈਗੇ, ਉਹ ਵੀ ਬਾਹਰ ਭੱਜੀ ਜਾਂਦੇ। ਆਹ ’ਕੱਲੇ-’ਕੱਲੇ ਜਵਾਕ ਵਾਲਾ ਕੰਮ ਆਪਣੇ ਤਾਂ ਪਸੰਦ ਨੀ... ਦੇਖੀਂ, ਬੱਚੇ ਚਾਚਾ ਤਾਇਆ ਮਾਸੀ ਕਹਿਣ ਨੂੰ ਤਰਸਿਆ ਕਰਨਗੇ। ਹਫ਼ਤੇ-ਬਾਰਾਂ ਦਿਨਾਂ ਦੀ ਥਾਂ ਦੋ-ਤਿੰਨ ਦਿਨਾਂ ’ਚ ਮਰਗਤ ਦੇ ਭੋਗ ਪੈਂਦੇ ਤਾਂ ਆਪਾਂ ਦੇਖ ਈ ਲਏ... ਉਹ ਦਿਨ ਦੂਰ ਨੀ ਜਦੋਂ ਉਸੇ ਦਿਨ ਭੋਗ ਪੈ ਜਿਆ ਕਰੂ... ਪਸ਼ੂਆਂ ਵਾਂਗ ਠੇਕੇ ’ਤੇ ਕੰਮ ਹੋਇਆ ਕਰੂ ਲਾਸ਼ ਚੱਕਣ ਦਾ... ਹਜ਼ਾਰ-ਪੰਜ ਸੌ ਦਿਤਾ, ‘ਅਗਲਾ’ ਮਸ਼ੀਨ ਜੀ (ਸਸਕਾਰ ਵਾਲੀ ਇਲੈਕਟ੍ਰੌਨਿਕ ਭੱਠੀ) ’ਤੇ ਧਰ ਮਿੰਟਾਂ-ਸਕਿੰਟਾਂ ’ਚ ਕੰਮ ਨਿਬੇੜ ਦਿਆ ਕਰੂ... ਤੇ ਇਧਰ ਘਰੇ ਭੋਗ ਪੈ ਜਿਆ ਕਰੂ।”
ਉਹ ਸਮਾਜ ਵਿਚਲੀਆਂ ਕਈ ਅਲਾਮਤਾਂ ਵੱਲ ਇੱਕੋ ਸਾਹ ਇਸ਼ਾਰਾ ਕਰ ਗਿਆ। ਮੈਂ ਉਸ ਦੀਆਂ ਭਵਿੱਖਬਾਣੀਆਂ ਵਿਚਲੇ ਸੱਚ ਨੂੰ ਜਾਣਦਿਆਂ ਸੋਚੀਂ ਪੈ ਗਿਆ।
ਆਪਣੀਆਂ ਗੱਲਾਂ ਤੋਂ ਮੇਰਾ ਧਿਆਨ ਹਟਿਆ ਦੇਖ ਭੂਰਾ ਸਿੰਘ ਮੋਟਰ ਬੰਦ ਕਰਨ ਲਈ ਕੋਠੇ ਅੰਦਰ ਚਲਾ ਗਿਆ। ਮੈਨੂੰ ਪਤਾ ਹੀ ਨਾ ਲੱਗਿਆ ਕਦੋਂ ਪਤਨੀ ਮੇਰੇ ਪਿੱਛੇ ਖੜ੍ਹ ਗਈ ਅਤੇ ਮੋਢੇ ਤੋਂ ਹਲੂਣਦਿਆਂ ਕਿਹਾ, “ਕੀ ਹੋਇਆ?”
“ਕੁਝ ਨੀ?” ਕਹਿੰਦਿਆਂ ਮੈਂ ਮੋਟਰਸਾਈਕਲ ਸਟਾਰਟ ਕਰ ਲਿਆ।
ਸੰਪਰਕ: 98156-80980

Advertisement

Advertisement
Author Image

joginder kumar

View all posts

Advertisement