ਸੇਮ ਮਾਰੇ ਖੇਤਰ ਲਈ ਵਰਦਾਨ ਬਣੀ ਝੀਂਗਾ ਮੱਛੀ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 20 ਦਸੰਬਰ
ਮੁਕਤਸਰ ਜ਼ਿਲ੍ਹੇ ਦੇ ਸੇਮ ਨਾਲ ਪ੍ਰਭਾਵਿਤ ਬੰਜਰ ਹੋ ਚੁੱਕੀਆਂ ਜ਼ਮੀਨਾਂ ਵਿੱਚ ਹੁਣ ਝੀਂਗਾ ਮੱਛੀ ਪਾਲੀ ਜਾ ਰਹੀ ਹੈ ਜਿਸ ਤੋਂ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਕਰੀਬ 40 ਕਰੋੜ ਰੁਪਏ ਦੀ ਆਮਦਨ ਹੋਈ ਹੈ। ਝੀਂਗਾ ਮੱਛੀ ਦੀ ਵੱਡੇ ਹੋਟਲਾਂ ’ਚ ਬਹੁਤ ਮੰਗ ਹੈ| ਖਾਸ ਤੌਰ ’ਤੇ ਦੱਖਣੀ ਭਾਰਤ ਵਿੱਚ। ਉਥੋਂ ਦੇ ਵਪਾਰੀ ਹੁਣ ਮੁਕਤਸਰ ਜ਼ਿਲ੍ਹੇ ’ਚ ਆਉਂਦੇ ਹਨ ਅਤੇ 3 ਸੌ ਰੁਪਏ ਪ੍ਰਤੀ ਕਿਲੋ ਤੋਂ ਵੱਧ ਦੇ ਭਾਅ ’ਤੇ ਨਕਦ ਪੈਸੇ ਦੇ ਕੇ ਮੱਛੀ ਪਾਲਕਾਂ ਤੋਂ ਮੱਛੀ ਖਰੀਦ ਕੇ ਲੈ ਜਾਂਦੇ ਹਨ| ਇਸ ਲਈ ਸੇਮ ਦਾ ਖਾਰਾ ਪਾਣੀ ਜਿਥੇ ਫ਼ਸਲਾਂ ਲਈ ਮਾਰੂ ਹੈ ਉਥੇ ਝੀਂਗਾ ਮੱਛੀ ਲਈ ਵਰਦਾਨ ਹੈ| ਪ੍ਰਸ਼ਾਸਨ ਵੱਲੋਂ ਪੰਜ ਸਾਲਾ ਪ੍ਰਧਾਨ ਮੰਤਰੀ ਮਤਸਾਂ ਸੰਪਦਾ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਝੀਂਗਾ ਮੱਛੀ ਪਾਲਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ| ਇਸ ਵਾਸਤੇ ਮੱਛੀ ਪਾਲਣ ਵਿਭਾਗ ਵੱਲੋਂ ਪ੍ਰਤੀ ਹੈਕਟਰ 14 ਲੱਖ ਰੁਪਏ ਦੀ ਰਕਮ ਧੰਦਾ ਸ਼ੁਰੂ ਕਰਨ ਵਾਸਤੇ ਦਿੱਤੀ ਜਾਂਦੀ ਹੈ| ਇਸ ਦੇ ਨਾਲ ਹੀ ਜਨਰਲ ਵਰਗ ਨੂੰ 40 ਪ੍ਰਤੀਸ਼ਤ ਅਤੇ ਐਸਸੀ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ| ਸਹਾਇਕ ਡਾਇਰੈਕਟਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਵਰ੍ਹੇ ਕੁੱਲ 570 ਏਕੜ ਜ਼ਮੀਨ ਵਿੱਚ ਝੀਂਗਾ ਪਾਲਣ ਦਾ ਕੰਮ ਕੀਤਾ ਗਿਆ ਜਿਸਤੋਂ ਕਿਸਾਨਾਂ ਨੂੰ 1310 ਟਨ ਝੀਂਗਾ ਦਾ ਉਤਪਾਦਨ ਹੋਇਆ| ਝੀਂਗਾ ਐਕਸਪੋਰਟ ਕੁਆਲਿਟੀ ਦਾ ਹੋਣ ਕਰਕੇ ਸਮੁੰਦਰੀ ਰਾਜਾਂ ਤੋਂ ਵਪਾਰੀ ਸਿੱਧੇ ਤੌਰ ’ਤੇ ਕਾਸ਼ਤਕਾਰਾਂ ਦੇ ਤਲਾਬਾਂ ਤੋਂ ਝੀਂਗੇ ਦੀ ਖਰੀਦ ਕਰਦੇ ਹਨ ਅਤੇ ਮੌਕੇ ‘ਤੇ ਹੀ ਅਦਾਇਗੀ ਹੋ ਜਾਂਦੀ ਹੈ| ਇਸ ਤਰ੍ਹਾਂ ਇਸ ਧੰਦੇ ਨੂੰ ‘ਕੈਸ਼ ਕਰਾਪ’ ਵਜੋਂ ਵੀ ਜਾਣਿਆ ਜਾਂਦਾ ਹੈ| ਇਸ ਵਰ੍ਹੇ 40 ਕਰੋੜ ਰੁਪਏ ਦਾ ਝੀਂਗਾ ਉਤਪਾਦਨ ਹੋਣ ਕਰਕੇ ਮੁਕਤਸਰ ਜ਼ਿਲ੍ਹਾ ਪੰਜਾਬ ਵਿੱਚੋਂ ਪਹਿਲੇ ਥਾਂ ’ਤੇ ਆਇਆ ਹੈ|