For the best experience, open
https://m.punjabitribuneonline.com
on your mobile browser.
Advertisement

ਪਾਵਰਫੁੱਲ: ਜ਼ੀਰੋ ਬਿੱਲਾਂ ਨੇ ਪੁਆਈਆਂ ਘਰਾਂ ’ਚ ‘ਵੰਡੀਆਂ’

06:28 AM Sep 24, 2024 IST
ਪਾਵਰਫੁੱਲ  ਜ਼ੀਰੋ ਬਿੱਲਾਂ ਨੇ ਪੁਆਈਆਂ ਘਰਾਂ ’ਚ ‘ਵੰਡੀਆਂ’
Advertisement

* ਜੁਲਾਈ 2024 ਤੱਕ ਪੰਜਾਬ ’ਚ 7.29 ਲੱਖ ਨਵੇਂ ਬਿਜਲੀ ਕੁਨੈਕਸ਼ਨ ਲੱਗੇ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 23 ਸਤੰਬਰ
ਪਾਵਰਕੌਮ ਦੇ ਫ਼ੀਲਡ ਦਫ਼ਤਰਾਂ ’ਚ ਹਰ ਦਿਨ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਹਜ਼ਾਰਾਂ ਦਰਖਾਸਤਾਂ ਪੁੱਜ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ’ਚ ਹੀ ਘਰਾਂ ਦੀ ਵੰਡ ਹੋ ਗਈ ਹੋਵੇ। ਹਾਲਾਂਕਿ ਹਕੀਕਤ ’ਚ ਅਜਿਹਾ ਕੁਝ ਨਹੀਂ ਪਰ ‘ਜ਼ੀਰੋ ਬਿੱਲਾਂ’ ਖ਼ਾਤਰ ਖਪਤਕਾਰ ਇੱਕੋ ਘਰ ’ਚ ਦੋ-ਦੋ ਬਿਜਲੀ ਦੇ ਮੀਟਰ ਲਗਵਾ ਰਹੇ ਹਨ।
‘ਆਪ’ ਸਰਕਾਰ ਨੇ ਪਹਿਲੀ ਜੁਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਫ਼ੈਸਲਾ ਲਾਗੂ ਕੀਤਾ, ਜਿਨ੍ਹਾਂ ਘਰਾਂ ਦੀ ਬਿਜਲੀ ਦੀ ਖਪਤ ਤਿੰਨ ਸੌ ਯੂਨਿਟ ਤੋਂ ਜ਼ਿਆਦਾ ਸੀ, ਉਨ੍ਹਾਂ ਮੁਫ਼ਤ ਦੀ ਬਿਜਲੀ ਲਈ ਇੱਕੋ ਘਰ ਦੀ ਚਾਰਦੀਵਾਰੀ ਅੰਦਰ ਇੱਕ-ਇੱਕ ਹੋਰ ਬਿਜਲੀ ਕੁਨੈਕਸ਼ਨ ਚਾਲੂ ਕਰਾ ਲਿਆ ਹੈ। ਅਜਿਹਾ ਕਰਕੇ ਬਹੁਤੇ ਪਰਿਵਾਰਾਂ ਨੇ ਇੱਕੋ ਘਰ ’ਚ 600 ਯੂਨਿਟ ਪ੍ਰਤੀ ਮਹੀਨਾ ਦਾ ਲਾਭ ਲੈਣਾ ਸ਼ੁਰੂ ਕੀਤਾ ਹੈ।
ਪੰਜਾਬ ਵਿੱਚ ਘਰੇਲੂ ਬਿਜਲੀ ਦੇ ਕੁਨੈਕਸ਼ਨ ਜੁਲਾਈ 2024 ਤੱਕ 80.14 ਲੱਖ ਹਨ, ਜਦਕਿ 2014-15 ਵਿਚ ਇਹ ਕੁਨੈਕਸ਼ਨ 60.06 ਲੱਖ ਸਨ। ‘ਆਪ’ ਸਰਕਾਰ ਦੇ ਕਾਰਜਕਾਲ ਵਾਲੇ ਵਰ੍ਹੇ 2022-23 ਤੋਂ ਜੁਲਾਈ 2024 ਤੱਕ ਪੰਜਾਬ ਵਿੱਚ 7.29 ਲੱਖ ਘਰੇਲੂ ਬਿਜਲੀ ਦੇ ਨਵੇਂ ਕੁਨੈਕਸ਼ਨ ਲੱਗੇ ਹਨ, ਜਦੋਂ ਜੁਲਾਈ 2022 ’ਚ ਮੁਫ਼ਤ ਯੂਨਿਟ ਦਾ ਫ਼ੈਸਲਾ ਲਾਗੂ ਹੋਇਆ ਤਾਂ ਉਸ ਵਿੱਤੀ ਵਰ੍ਹੇ ਦੌਰਾਨ ਸੂਬੇ ਵਿਚ 3.65 ਲੱਖ ਕੁਨੈਕਸ਼ਨ ਨਵੇਂ ਜਾਰੀ ਹੋਏ ਸਨ, ਜਿਸ ਨੇ ਪੁਰਾਣੇ ਵਰ੍ਹਿਆਂ ਦਾ ਰਿਕਾਰਡ ਤੋੜ ਦਿੱਤਾ ਸੀ। ਸਾਲ 2023-24 ਦੌਰਾਨ ਸੂਬੇ ਵਿਚ 2.62 ਲੱਖ ਨਵੇਂ ਕੁਨੈਕਸ਼ਨ ਜਾਰੀ ਹੋਏ, ਜਦਕਿ ਚਾਲੂ ਵਿੱਤੀ ਵਰ੍ਹੇ ਦੇ ਜੁਲਾਈ ਮਹੀਨੇ ਤੱਕ 1.01 ਲੱਖ ਨਵੇਂ ਕੁਨੈਕਸ਼ਨ ਜਾਰੀ ਹੋ ਚੁੱਕੇ ਹਨ। ਹੁਣ ਜ਼ਿਮਨੀ ਚੋਣਾਂ ਵੀ ਸਿਰ ’ਤੇ ਹਨ ਅਤੇ ਪੰਚਾਇਤ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਨਵੇਂ ਕੁਨੈਕਸ਼ਨਾਂ ਲੈਣ ਲਈ ਦਰਖਾਸਤਾਂ ਦੇ ਢੇਰ ਵਧਣ ਲੱਗੇ ਹਨ। ਮਾਲਵਾ ਖ਼ਿੱਤੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇੱਥੋਂ ਤੱਕ ਦੱਸਿਆ ਕਿ ਇੱਕੋ ਘਰ ’ਚ ਹੁਣ ਦੋ-ਦੋ ਨਹੀਂ, ਬਲਕਿ ਤਿੰਨ ਜਾਂ ਚਾਰ ਕੁਨੈਕਸ਼ਨ ਵੀ ਨਵੇਂ ਲੱਗ ਰਹੇ ਹਨ।
ਪਾਵਰਕੌਮ ਨੂੰ ਘਰੇਲੂ ਬਿਜਲੀ ਤੋਂ ਸਾਲ 2024-25 ਦੌਰਾਨ 13,570.66 ਕਰੋੜ ਦੀ ਆਮਦਨ ਦਾ ਅਨੁਮਾਨ ਹੈ। ‘ਜ਼ੀਰੋ ਬਿੱਲਾਂ’ ਦੇ ਲਾਭ ਲਈ ਖਪਤਕਾਰਾਂ ਵੱਲੋਂ ਕੱਢਿਆ ਗਿਆ ਨਵਾਂ ਫ਼ਾਰਮੂਲਾ ਸਰਕਾਰੀ ਖ਼ਜ਼ਾਨੇ ’ਤੇ ਬੋਝ ਵਧਾ ਰਿਹਾ ਹੈ। ਸਾਲ 2023-24 ਦੌਰਾਨ ਜ਼ੀਰੋ ਬਿੱਲਾਂ ਕਰਕੇ ਬਿਜਲੀ ਸਬਸਿਡੀ ਦਾ ਬਿੱਲ 7324 ਕਰੋੜ ਦਾ ਬਣਿਆ ਸੀ, ਜਦਕਿ ਚਾਲੂ ਵਿੱਤੀ ਸਾਲ ਦੌਰਾਨ ਇਹ ਬਿੱਲ 8800 ਕਰੋੜ ਰੁਪਏ ਨੂੰ ਛੂਹ ਸਕਦਾ ਹੈ। ਸਰਦੇ ਪੁੱਜਦੇ ਘਰਾਂ ਨੇ ਵੀ ਯੂਨਿਟ ਮੁਆਫ਼ੀ ਦਾ ਫ਼ਾਇਦਾ ਲੈਣ ਲਈ ਨਵੇਂ ਕੁਨੈਕਸ਼ਨ ਲੈ ਲਏ ਹਨ, ਜਦਕਿ ਗ਼ਰੀਬ ਲੋਕਾਂ ਦੇ ਘਰਾਂ ਵਿੱਚ ਤਾਂ ਮਸਾਂ ਹੀ ਪ੍ਰਤੀ ਮਹੀਨਾ 300 ਯੂਨਿਟ ਦੀ ਖਪਤ ਹੁੰਦੀ ਹੈ। ਜਿਸ ਘਰ ਵਿੱਚ ਇੱਕ ਤੋਂ ਵੱਧ ਹੋਰ ਰਸੋਈ ਹੈ ਤਾਂ ਉਹ ਵੱਖਰਾ ਘਰ ਮੰਨ ਕੇ ਕੁਨੈਕਸ਼ਨ ਜਾਰੀ ਕਰ ਦਿੰਦੇ ਹਨ।
ਸੰਗਰੂਰ ਸਰਕਲ ਵਿੱਚ ਮਾਰਚ 2024 ਵਿੱਚ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦਾ ਅੰਕੜਾ 3.64 ਲੱਖ ਸੀ, ਜਦਕਿ ਮਾਰਚ 2023 ਵਿੱਚ ਇਹ ਅੰਕੜਾ 2.89 ਲੱਖ ਸੀ। ਮਤਲਬ ਕਿ ਇੱਕੋ ਵਰ੍ਹੇ ਵਿੱਚ ਇਸ ਸਰਕਲ ਵਿਚ 75 ਹਜ਼ਾਰ ਨਵੇਂ ਕੁਨੈਕਸ਼ਨ ਲੱਗ ਗਏ ਜਦਕਿ ਪਿਛਲੇ ਵਰ੍ਹਿਆਂ ਵਿੱਚ ਨਵੇਂ ਕੁਨੈਕਸ਼ਨਾਂ ਦਾ ਅੰਕੜਾ 10 ਹਜ਼ਾਰ ਤੋਂ ਕਦੇ ਨਹੀਂ ਵਧਿਆ ਸੀ।

Advertisement

ਦਸ ਸਾਲ ’ਚ ਵਧੇ 24 ਲੱਖ ਕੁਨੈਕਸ਼ਨ

ਪੰਜਾਬ ਵਿੱਚ ਇਸ ਵੇਲੇ ਹਰ ਸ਼੍ਰੇਣੀ ਦੇ ਕੁੱਲ 1.07 ਕਰੋੜ ਕੁਨੈਕਸ਼ਨ ਹਨ ਜੋ ਸਾਲ 2014-15 ਵਿਚ 83.29 ਲੱਖ ਸਨ। ਕਰੀਬ ਦਸ ਵਰ੍ਹਿਆਂ ਵਿਚ 24.11 ਲੱਖ ਕੁਨੈਕਸ਼ਨ ਨਵੇਂ ਲੱਗੇ ਹਨ। ਖੇਤੀ ਕੁਨੈਕਸ਼ਨਾਂ ਦੀ ਗਿਣਤੀ ਦਸ ਸਾਲ ਪਹਿਲਾਂ 12.25 ਲੱਖ ਸੀ, ਜੋ ਹੁਣ ਵਧ ਕੇ 13.91 ਲੱਖ ਹੋ ਗਈ ਹੈ। ਸਨਅਤੀ ਕੁਨੈਕਸ਼ਨ ਦਸ ਸਾਲ ਪਹਿਲਾਂ 1.25 ਲੱਖ ਸਨ ਜੋ ਹੁਣ 1.57 ਲੱਖ ਹੋ ਗਏ ਹਨ। ਵਪਾਰਕ ਕੁਨੈਕਸ਼ਨ ਹੁਣ 12.57 ਲੱਖ ਹਨ ਜੋ ਦਸ ਸਾਲ ਪਹਿਲਾਂ 9.67 ਲੱਖ ਸਨ।

ਵੱਡੇ ਘਰਾਂ ਦੇ ਵੱਡੇ ਬਿੱਲ

ਵਪਾਰਕ ਕੁਨੈਕਸ਼ਨਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ’ਚੋਂ ਸਭ ਤੋਂ ਵੱਡਾ ਬਿਜਲੀ ਬਿੱਲ ‘ਹਮੀਰ ਰੀਅਲ ਅਸਟੇਟ ਪ੍ਰਾਈਵੇਟ ਲਿਮ. ਮੁਹਾਲੀ’ ਦਾ ਆਇਆ ਹੈ, ਜੋ 2023-24 ਦੌਰਾਨ ਸਾਲਾਨਾ 12.62 ਕਰੋੜ ਸੀ। ਇਥੋਰੀਆ ਡਿਵੈਲਪਰ ਅੰਮ੍ਰਿਤਸਰ ਦਾ ਸਾਲਾਨਾ ਬਿੱਲ 11.08 ਕਰੋੜ ਅਤੇ ਅੰਮ੍ਰਿਤਸਰ ਦੇ ਹਵਾਈ ਅੱਡੇ ਦਾ ਬਿਜਲੀ ਬਿੱਲ 9.55 ਕਰੋੜ ਆਇਆ ਹੈ। ਚੌਥਾ ਨੰਬਰ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਦਾ 9.25 ਕਰੋੜ ਅਤੇ ਚਿਤਕਾਰਾ ਐਜੂਕੇਸ਼ਨਲ ਟਰੱਸਟ ਬਨੂੜ ਦਾ ਸਾਲਾਨਾ ਬਿਜਲੀ ਬਿੱਲ 8.90 ਕਰੋੜ ਆਇਆ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ਦਾ ਬਿਜਲੀ ਬਿੱਲ 5.39 ਕਰੋੜ ਆਇਆ।

Advertisement
Author Image

joginder kumar

View all posts

Advertisement