ਪਾਵਰਕੌਮ ਵੱਲੋਂ ਪੁਲੀਸ ਦੀ ਮੌਜੂਦਗੀ ’ਚ ਟਾਵਰ ਲਾਉਣ ਦਾ ਕੰਮ ਸ਼ੁਰੂ
ਬੀਰਬਲ ਰਿਸ਼ੀ
ਧੂਰੀ, 28 ਨਵੰਬਰ
ਇੱਥੇ ਪਿੰਡ ਭੁੱਲਰਹੇੜੀ ਵਿੱਚ 66 ਕੇਵੀ ਗਰਿੱਡ ਮਾਮਲੇ ’ਚ ਲੱਗੀ ਸਟੇਅ ਅਦਾਲਤ ਵੱਲੋਂ ਰੱਦ ਕਰਨ ਮਗਰੋਂ ਪਾਵਰਕੌਮ ਲਾਈਨ ਟਰਾਂਸਮਿਸ਼ਨ ਨੇ ਇੱਕ ਟਰਾਂਸਮਿਸ਼ਨ ਟਾਵਰ ਦੇ ਰੁਕੇ ਕੰਮ ਨੂੰ ਭਾਰੀ ਪੁਲੀਸ ਫੋਰਸ ਤੇ ਸਿਵਲ ਪ੍ਰਸ਼ਾਸਨ ਦੀ ਮੌਜੂਦਗੀ ’ਚ ਆਖਰ ਅੱਜ ਸ਼ੁਰੂ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਇੱਕ ਟਰਾਂਸਮਿਸ਼ਨ ਟਾਵਰ ਲਗਾਏ ਜਾਣ ’ਤੇ ਹੋਈ ਅਦਾਲਤੀ ਸਟੇਟਸ-ਕੋ ਕਾਰਨ ਕਈ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਣਾਏ ਜਾ ਰਹੇ 66 ਕੇਵੀ ਗਰਿੱਡ ਦਾ ਕੰਮ ਨਿਰਧਾਰਤ ਸਮੇਂ ਤੋਂ ਤਕਰੀਬਨ ਪੰਜ ਮਹੀਨੇ ਪੱਛੜ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਪਾਵਰਕੌਮ ਟੀਐੱਲ ਦੇ ਅਧਿਕਾਰੀ ਜੇਸੀਬੀ ਮਸ਼ੀਨਾਂ ਲੈ ਕੇ ਟਰਾਂਸਮਿਸ਼ਨ ਟਾਵਰ ਲਗਾਉਣ ਵਾਲੀ ਥਾਂ ’ਤੇ ਪੁੱਜੇ ਪਰ ਦੋ ਵਾਰ ਕੰਮ ਨੂੰ ਰੋਕਣ ਦੇ ਬਾਵਜੂਦ ਫਿਰ ਅਧਿਕਾਰੀਆਂ ਦੀ ਸਖ਼ਤੀ ਮਗਰੋਂ ਆਖਿਰ ਬਾਅਦ ਦੁਪਹਿਰ ਦੋ ਵਜੇ ਜੇਸੀਬੀ ਨੇ ਟਰਾਂਸਮਿਸ਼ਨ ਟਾਵਰ ਲਗਾਏ ਜਾਣ ਲਈ ਟੋਏ ਪੁੱਟਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਪਾਵਰਕੌਮ ਟਰਾਂਸਮਿਸ਼ਨ ਲਾਈਨ ਐਕਸੀਅਨ ਜਸਵੀਰ ਸਿੰਘ ਨੇ ਉਕਤ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਗਰਿੱਡ ਬਣਾਇਆ ਜਾ ਰਿਹਾ ਹੈ ਜਿਸ ਦਾ ਕੰਮ ਵਿਭਾਗ ਵੱਲੋਂ ਨਿਯਮਾਂ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਕੰਮ ਸ਼ੁਰੂ ਹੋਇਆ ਅਤੇ ਤਕਰੀਬਨ ਸਾਰਾ ਕੰਮ ਸਮਾਪਤ ਹੋਣ ਲਈ ਚਾਰ ਦਿਨ ਹੋਰ ਚਾਹੀਦੇ ਹਨ। ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਦੱਸਿਆ ਕਿ ਅਦਾਲਤੀ ਸਟੇਅ ਖਾਰਜ ਹੋਣ ’ਤੇ ਪੁਲੀਸ ਇਮਦਾਦ ਨਾਲ ਕੰਮ ਸ਼ੁਰੂ ਕੀਤਾ ਗਿਆ ਹੈ।
ਦੂਜੇ ਪਾਸੇ ਸ਼ੂਗਰਕੇਨ ਸੁਸਾਇਟੀ ਧੂਰੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਜਸਦੇਵ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਪਵਿੱਤਰ ਸਿੰਘ ਨੇ ਗਰਿੱਡ ਦਾ ਕੰਮ ਸ਼ੁਰੂ ਹੋਣ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਸਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਇਸ ਕਾਰਵਾਈ ਨੂੰ ਕਿਸਾਨ ਏਕੇ ਦੀ ਜਿੱਤ ਦੱਸਿਆ।