ਪਾਵਰਕੌਮ ਨੇ ਵਿਖਾਈ ਪੁਲੀਸੀਆਂ ਨੂੰ ‘ਪਾਵਰ’
ਰਵਿੰਦਰ ਰਵੀ
ਬਰਨਾਲਾ, 22 ਅਗਸਤ
ਥਾਣਾ ਸਿਟੀ- 1 ਦੀ ਪੁਲੀਸ ਨੇ ਬਿਜਲੀ ਵਿਭਾਗ ਦੇ ਜੇਈ ਨੂੰ ਜਦੋਂ ਪੁਲੀਸ ਦਾ ਅਸਲੀ ਰੂਪ ਦਿਖਾਇਆ ਤਾਂ ਬਿਜਲੀ ਵਿਭਾਗ ਨੇ ਵੀ ਤੁਰੰਤ ਥਾਣੇ ’ਚ ਲੱਗੇ ਕੁੰਡੀ ਕੁਨੈਕਸ਼ਨ ਨੂੰ ਕੱਟਦਿਆਂ 2 ਲੱਖ 40 ਹਜ਼ਾਰ ਰੁਪਏ ਜੁਰਮਾਨੇ ਦਾ ਨੋਟਿਸ ਦੇਣ ਦੀ ਤਿਆਰੀ ਵਿੱਢ ਦਿੱਤੀ ਹੈ। ਬੀਤੇ ਦਿਨੀਂ ਸਦਰ ਬਾਜ਼ਾਰ ‘ਚ ਵਾਪਰੇ ਸੜਕ ਹਾਦਸੇ ਤੋਂ ਬਾਅਦ ਪਾਵਰਕੌਮ ਤੇ ਪੁਲੀਸ ਵਿਚਕਾਰ ਹੋਏ ਝਗੜੇ ਤੋਂ ਬਾਅਦ ਪਾਵਰਕੌਮ ਦੇ ਮੁਲਾਜ਼ਮ ਦੀ ਕੁੱਟਮਾਰ ਤੋਂ ਪਾਵਰਕੌਮ ਅਧਿਕਾਰੀਆਂ ਨੇ ਕਈ ਸਾਲਾਂ ਤੋਂ ਚੱਲ ਰਹੀਆਂ ਸਿੱਧੀਆਂ ਕੁੰਡੀਆਂ ਨੂੰ ਉਤਾਰ ਕੇ 2 ਲੱਖ 40 ਹਜ਼ਾਰ ਰੁਪਏ ਜੁਰਮਾਨੇ ਦਾ ਨੋਟਿਸ ਅਤੇ ਪਾਵਰਕੌਮ ਦੇ ਆਪਣੇ ਚੋਰੀ ਰੋਕੂ ਥਾਣੇ ‘ਚ ਕੇਸ ਦਰਜ ਕਰਵਾਉਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ।
ਕੁੱਟਮਾਰ ਦਾ ਸ਼ਿਕਾਰ ਹੋਏ ਸਬ ਡਿਵੀਜ਼ਨ ਮਹਿਲ ਕਲਾਂ ਦੇ ਜੇਈ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਪੂਰੀ ਕਰ ਕੇ ਆਪਣੀ ਕਾਰ ‘ਚ ਬਰਨਾਲਾ ਦੇ ਸਦਰ ਬਾਜ਼ਾਰ ਜਾ ਰਿਹਾ ਸੀ ਕਿ ਅਚਾਨਕ ਅੱਗੇ ਕੋਈ ਵਾਹਨ ਆ ਜਾਣ ਕਾਰਨ ਕਾਰ ਦੇ ਬਰੇਕ ਲੱਗਣ ਕਾਰਨ ਪਿੱਛੇ ਆ ਰਹੇ ਪੁਲੀਸ ਮੁਲਾਜ਼ਮ ਦਾ ਮੋਟਰਸਾਈਕਲ ਟਕਰਾ ਗਿਆ ਤੇ ਉਹ ਡਿੱਗ ਪਿਆ। ਉਸ ਨੇ ਦੋਸ਼ ਲਾਇਆ ਕਿ ਇਸ ਦੌਰਾਨ ਇੱਕ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਆਇਆ ਤੇ ਉਹ ਉਸ ਨੂੰ ਥਾਣੇ ਲੈ ਗਏ ਤੇ ਉਸ ਦੀ ਕੁੱਟਮਾਰ ਤੋਂ ਇਲਾਵਾ ਉਸ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਜੇਬ ’ਚ ਪਏ ਰੁਪਏ ਵੀ ਲੈ ਲਏ ਗਏ। ਪੀੜਤ ਜੇਈ ਨੇ ਦੱਸਿਆ ਕਿ ਚਾਰ ਘੰਟੇ ਤੱਕ ਉਸ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਅਤੇ ਜ਼ਲੀਲ ਕੀਤਾ ਗਿਆ। ਕੋਈ ਸੁਣਵਾਈ ਨਾ ਹੋਣ ’ਤੇ ਪਾਵਰਕੌਮ ਦੇ ਅਧਿਕਾਰੀਆਂ ਨੇ ਵਿਭਾਗੀ ਪਾਵਰ ਦਿਖਾਉਂਦਿਆਂ ਥਾਣਾ ਸਿਟੀ-1 ਦੇ ਲਾਗੇ ਲੱਗੇ ਟਰਾਂਸਫਾਰਮਰ ਤੋਂ ਲੱਗੀਆਂ ਸਿੱਧੀਆਂ ਬਿਜਲੀ ਦੀਆਂ ਕੁੰਡੀਆਂ ਫੜਕੇ ਵਿਭਾਗ ਵੱਲੋਂ ਬਣਾਏ ਐਸਟੀਮੈਟ ‘ਚ 2 ਲੱਖ 40 ਹਜ਼ਾਰ ਰੁਪਏ ਜੁਰਮਾਨੇ ਦੀ ਰਕਮ ‘ਤੇ ਬਿਜਲੀ ਚੋਰੀ ਸਬੰਧੀ ਕੇਸ ਦਰਜ ਕਰਵਾਉਣ ਲਈ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਹੈ। ਪਾਵਰਕੌਮ ਸ਼ਹਿਰੀ ਦੇ ਐੱਸਡੀਓ ਵਿਕਾਸ ਸਿੰਗਲਾ ਨੇ ਕਿਹਾ ਕਿ ਥਾਣਾ ਸਿਟੀ ‘ਚ ਬਿਜਲੀ ਚੋਰੀ ਫੜੀ ਗਈ ਹੈ ਅਤੇ ਜੁਰਮਾਨੇ ਦੀ ਰਕਮ 2 ਲੱਖ 40 ਹਜ਼ਾਰ ਰੁਪਏ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜੁਰਮਾਨੇ ਦੀ ਬਣਾਈ ਰਕਮ ਸਬੰਧੀ ਨੋਟਿਸ ਅਤੇ ਵਿਭਾਗ ਦੇ ਆਪਣੇ ਚੋਰੀ ਰੋਕੂ ਥਾਣੇ ‘ਚ ਬਿਜਲੀ ਚੋਰੀ ਸਬੰਧੀ ਕੇਸ ਦਰਜ ਕਰਵਾਇਆ ਜਾਵੇਗਾ।
ਮਸਲਾ ਜਲਦੀ ਸੁਲਝਾ ਲਿਆ ਜਾਵੇਗਾ: ਥਾਣਾ ਇੰਚਾਰਜ
ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਪਾਵਰਕੌਮ ਦੇ ਜੇਈ ਅਤੇ ਪੁਲੀਸ ਮੁਲਾਜ਼ਮ ਦਾ ਆਪਸੀ ਝਗੜਾ ਹੋਇਆ ਹੈ। ਇਸ ਨੂੰ ਮਿਲ ਬੈਠਕੇ ਜਲਦੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਪੁਲੀਸ ਵੱਲੋਂ ਜੇਈ ਦੀ ਕੁੱਟਮਾਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ।