ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮੀਟਿੰਗ
ਪੱਤਰ ਪ੍ਰੇਰਕ
ਸਮਰਾਲਾ, 10 ਅਕਤੂਬਰ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਸਮਰਾਲਾ ਵਿੱਚ ਹੋਈ ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਅਤੇ ਆਉਣ ਵਾਲੇ ਸੰਘਰਸ਼ਾਂ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਇਸ ਮਗਰੋਂ ਸਿਕੰਦਰ ਸਿੰਘ ਪ੍ਰਧਾਨ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 22 ਅਕਤੂਬਰ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਦੇ ਸੱਦੇ ’ਤੇ ਮੁਹਾਲੀ ਵਿੱਚ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਵਰਕੌਮ ਸਮਰਾਲਾ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਜੋ ਵਾਰ ਵਾਰ ਪੈਨਸ਼ਨਰਾਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਮੁਕਰ ਰਹੇ ਹਨ, ਇਸ ਲਈ 22 ਅਕਤੂਬਰ ਨੂੰ ਪੈਨਸ਼ਨਰਾਂ ਦੀ ਵਿਸ਼ਾਲ ਰੈਲੀ ਮੁੱਖ ਮੰਤਰੀ ਨੂੰ 242 ਮਹੀਨੇ ਦਾ ਡੀ. ਏ. ਦਾ ਬਕਾਇਆ ਭੱਤਾ ਅਤੇ ਹੋਰ ਜਾਇਜ ਮੰਗਾਂ ਮੰਨਣ ਲਈ ਮਜਬੂਰ ਕਰ ਦੇਵੇਗੀ। ਇਸ ਮੌਕੇ ਸਰਕਲ ਪ੍ਰਧਾਨ ਭਰਪੂਰ ਸਿੰਘ ਮਾਂਗਟ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਸਾਬਕਾ ਐੱਸਡੀਓ ਪ੍ਰੇਮ ਸਿੰਘ, ਸਾਬਕਾ ਡਿਪਟੀ ਸੀਏਓ ਰਜਿੰਦਰ ਪਾਲ ਵਡੇਰਾ, ਦਰਸ਼ਨ ਸਿੰਘ ਖਜਾਨਚੀ ਨੇ ਸੰਬੋਧਨ ਕੀਤਾ। a