For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਵੱਲੋਂ ਸ਼ਕਤੀ ਪ੍ਰਦਰਸ਼ਨ

06:55 AM Jun 25, 2024 IST
ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਵੱਲੋਂ ਸ਼ਕਤੀ ਪ੍ਰਦਰਸ਼ਨ
ਸੰਸਦ ਦੇ ਬਾਹਰ ਰੋਸ ਜ਼ਾਹਰ ਕਰਦੇ ਹੋਏ ਰਾਹੁਲ ਗਾਂਧੀ ਤੇ ਹੋਰ ਆਗੂ। -ਫੋਟੋ: ਪੀਟੀਆਈ
Advertisement

* ਮਹਿਤਾਬ ਨੂੰ ਪ੍ਰੋ-ਟੈੱਮ ਸਪੀਕਰ ਨਿਯੁਕਤ ਕਰਨ ’ਤੇ ਜਤਾਇਆ ਰੋਸ

Advertisement

ਨਵੀਂ ਦਿੱਲੀ, 24 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੌਰਾਨ ਅੱਜ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਬਲਾਕ ਦੇ ਮੈਂਬਰਾਂ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਸਦ ’ਚ ਸੰਵਿਧਾਨ ਦੀਆਂ ਕਾਪੀਆਂ ਲਹਿਰਾਈਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨੀਟ-ਨੈੱਟ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ ਵਿਚਾਲੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਜਦਕਿ ਦੂਜੇ ਪਾਸੇ ਦਾਖਲਾ ਪ੍ਰੀਖਿਆਵਾਂ ’ਤੇ ਵਿਵਾਦ ਵਧ ਰਿਹਾ ਹੈ ਜਿਸ ਨੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਰਾਹੁਲ ਗਾਂਧੀ, ਟੀਐੱਮਸ ਆਗੂ ਕਲਿਆਣ ਬੈਨਰਜੀ ਤੇ ਸਪਾ ਆਗੂ ਅਖਿਲੇਸ਼ ਯਾਦਵ ਤੇ ਅਵਧੇਸ਼ ਪ੍ਰਸਾਦ ਵਿਰੋਧੀ ਧਿਰ ਦੇ ਬੈਂਚਾਂ ’ਚ ਮੂਹਰਲੀ ਕਤਾਰ ’ਚ ਬੈਠੇ ਹੋਏ ਸਨ। ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤੇ ਜਾਣ ’ਤੇ ਰੋਸ ਜ਼ਾਹਿਰ ਕਰਦਿਆਂ ਕਾਂਗਰਸ ਮੈਂਬਰ ਕੋਡੀਕੁੰਨੀਲ ਸੁਰੇਸ਼, ਡੀਐੱਮਕੇ ਦੇ ਟੀਆਰ ਬਾਲੂ ਤੇ ਟੀਐੱਮਸੀ ਦੇ ਸੁਦੀਪ ਬੰਦਯੋਪਾਧਿਆਏ ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ’ਤੇ ਸੰਸਦ ਤੋਂ ਬਾਹਰ ਚਲੇ ਗਏ। ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਤਿੰਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਪ੍ਰਧਾਨਾਂ ਦੇ ਪੈਨਲ ’ਚ ਨਾਮਜ਼ਦ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਤੋਂ ਤੁਰੰਤ ਬਾਅਦ ਪ੍ਰਧਾਨਾਂ ਦੇ ਪੈਨਲ ਨੂੰ ਸਹੁੰ ਚੁਕਵਾਈ ਗਈ। ਸੁਰੇਸ਼, ਬਾਲੂ ਤੇ ਬੰਦਯੋਪਾਧਿਆਏ ਦੀ ਗ਼ੈਰਹਾਜ਼ਰੀ ਕਾਰਨ ਪੈਨਲ ’ਚ ਨਾਮਜ਼ਦ ਦੋ ਹੋਰ ਮੈਂਬਰਾਂ ਭਾਜਪਾ ਦੇ ਰਾਧਾ ਮੋਹਨ ਸਿੰਘ ਤੇ ਫੱਗਨ ਸਿੰਘ ਕੁਲਸਤੇ ਨੂੰ ਪ੍ਰਧਾਨ ਮੰਤਰੀ ਮਗਰੋਂ ਸਹੁੰ ਚੁਕਵਾਈ ਗਈ। ਪੈਨਲ ਨੂੰ ਸਹੁੰ ਚੁਕਵਾਏ ਜਾਣ ਸਮੇਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। 18ਵੀਂ ਲੋਕ ਸਭਾ ਦੇ ਮੈਂਬਰ ਜਦੋਂ ਹੇਠਲੇ ਸਦਨ ਅੰਦਰ ਦਾਖਲ ਹੋ ਰਹੇ ਸਨ ਤਾਂ ਕੁਝ ਨੇ ਗਲੇ ਮਿਲ ਕੇ ਇੱਕ-ਦੂਜੇ ਨੂੰ ਮੁਬਾਰਕ ਦਿੱਤੀ ਜਦਕਿ ਕੁਝ ਨੇ ਲੋਕ ਨੁਮਾਇੰਦੇ ਵਜੋਂ ਸਫਰ ਦੀ ਸ਼ੁਰੂਆਤ ਕਰਦਿਆਂ ਸੰਸਦ ਦੀ ਦਹਿਲੀਜ਼ ਨੂੰ ਮੱਥਾ ਟੇਕਿਆ। ਮਰਹੂਮ ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਧੀ ਅਤੇ ਪਹਿਲੀ ਵਾਰ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਲੋਕ ਸਭਾ ਦੇ ਹਾਲ ’ਚ ਪੁੱਜਣ ਵਾਲੇ ਸ਼ੁਰੂਆਤੀ ਮੈਂਬਰਾਂ ’ਚੋਂ ਇੱਕ ਸੀ। ਉਨ੍ਹਾਂ ਇੱਥੇ ਸਾਥੀ ਸੰਸਦ ਮੈਂਬਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਵਜ਼ਾਰਤ ਦੇ ਸਭ ਤੋਂ ਨੌਜਵਾਨ ਮੈਂਬਰ ਤੇ ਟੀਡੀਪੀ ਆਗੂ ਕੇ ਰਾਮ ਮੋਹਨ ਨਾਇਡੂ, ਐੱਲਜੇਪੀ (ਆਰਵੀ) ਦੇ ਚਿਰਾਗ ਪਾਸਵਾਨ ਤੇ ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਗਰਮਜੋਸ਼ੀ ਨਾਲ ਮਿਲੇ। ਪਹਿਲੀ ਵਾਰ ਸੰਸਦ ਮੈਂਬਰ ਬਣੇ ਅਰੁਣ ਗੋਵਿਲ ਤੇ ਕੰਗਨਾ ਰਣੌਤ ਵੀ ਮੌਜੂਦ ਸਨ। -ਪੀਟੀਆਈ

Advertisement

ਟਰੈਕਟਰ ਰਾਹੀਂ ਸੰਸਦ ਪੁੱਜੇ ਅਮਰਾ ਰਾਮ

ਨਵੀਂ ਦਿੱਲੀ: ਕਿਸਾਨ ਆਗੂ ਤੇ ਸੀਪੀਐੱਮ ਦੇ ਸੰਸਦ ਮੈਂਬਰ ਅਮਰਾ ਰਾਮ 18ਵੀਂ ਲੋਕ ਸਭਾ ਦੇ ਪਲੇਠੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਮੈਂਬਰ ਵਜੋਂ ਹਲਫ਼ ਲੈਣ ਲਈ ਅੱਜ ਟਰੈਕਟਰ ਰਾਹੀਂ ਸੰਸਦ ਭਵਨ ਪੁੱਜੇ। ਹਾਲਾਂਕਿ, ਪੁਲੀਸ ਨੇ ਸੀਕਰ ਤੋਂ ਸੰਸਦ ਮੈਂਬਰ ਨੂੰ ਵਾਹਨ ਕੰਪਲੈਕਸ ਵਿੱਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਸੰਸਦ ਦੇ ਗੇਟ ਨੇੜੇ ਹੀ ਰੋਕ ਲਿਆ। ਫਿਰ ਸੰਸਦ ਮੈਂਬਰ ਸੰਸਦ ਭਵਨ ਤੱਕ ਪੈਦਲ ਪਹੁੰਚੇ। ਅਮਰਾ ਰਾਮ ਨੇ ਕਿਹਾ, ‘‘ਉਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਆਗਿਆ ਨਹੀਂ ਦਿੱਤੀ। ਕਿਸਾਨ 13 ਮਹੀਨੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਰਹੇ ਪਰ ਉਨ੍ਹਾਂ ਨੂੰ ਸ਼ਹਿਰ ਅੰਦਰ ਟਰੈਕਟਰ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅੱਜ ਕਿਸਾਨ ਤੇ ਉਸ ਦਾ ਟਰੈਕਟਰ ਦੋਵੇਂ ਸੰਸਦ ਪਹੁੰਚ ਗਏ ਹਨ।’’ -ਪੀਟੀਆਈ

ਮੋਦੀ ਦੇਸ਼ ’ਚ 10 ਸਾਲ ਤੋਂ ਲੱਗੀ ਅਣਐਲਾਨੀ ਐਮਰਜੈਂਸੀ ਭੁੱਲੇ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 18ਵੀਂ ਲੋਕ ਸਭਾ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀਆਂ ਟਿੱਪਣੀਆਂ ਵਿੱਚ ਦੇਸ਼ ਲਈ ਕੁਝ ਵੀ ਨਵਾਂ ਨਹੀਂ ਸੀ ਅਤੇ ਉਨ੍ਹਾਂ ਹਮੇਸ਼ਾ ਦੀ ਤਰ੍ਹਾਂ ਧਿਆਨ ਭਟਕਾਉਣ ਦਾ ਸਹਾਰਾ ਲਿਆ ਤੇ ਉਹ ਭੁੱਲ ਗਏ ਕਿ ਲੋਕਾਂ ਨੇ ਪਿਛਲੇ 10 ਸਾਲਾਂ ਤੋਂ ਦੇਸ਼ ’ਚ ਲੱਗੀ ਅਣਐਲਾਨੀ ਐਮਰਜੈਂਸੀ ਖਤਮ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਮ ਨਾਲੋਂ ਵੱਧ ਲੰਮਾ ਰਵਾਇਤੀ ਭਾਸ਼ਣ ਦਿੱਤਾ ਪਰ ਸਪੱਸ਼ਟ ਤੌਰ ’ਤੇ ਨੈਤਿਕ ਤੇ ਸਿਆਸੀ ਹਾਰ ਦੇ ਬਾਵਜੂਦ ‘ਹੰਕਾਰ’ ਕਾਇਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਸ ਸੀ ਕਿ ਮੋਦੀ ਅਹਿਮ ਮੁੱਦਿਆਂ ’ਤੇ ਕੁਝ ਕਹਿਣਗੇ। ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਨਰਿੰਦਰ ਮੋਦੀ ਜੀ ਤੁਸੀਂ ਵਿਰੋਧੀ ਧਿਰ ਨੂੰ ਸਲਾਹ ਦੇ ਰਹੇ ਹੋ। ਤੁਸੀਂ ਸਾਨੂੰ 50 ਸਾਲ ਪੁਰਾਣੀ ਐਮਰਜੈਂਸੀ ਯਾਦ ਕਰਵਾ ਰਹੇ ਹੋ ਪਰ ਪਿਛਲੇ 10 ਸਾਲਾਂ ਤੋਂ ਲੱਗੀ ਅਣਐਲਾਨੀ ਐਮਰਜੈਂਸੀ ਨੂੰ ਭੁੱਲ ਗਏ ਜਿਸ ਨੂੰ ਲੋਕਾਂ ਨੇ ਖਤਮ ਕਰ ਦਿੱਤਾ ਹੈ।’ ਖੜਗੇ ਨੇ ਕਿਹਾ, ‘ਲੋਕਾਂ ਨੇ ਮੋਦੀ ਜੀ ਦੇ ਖ਼ਿਲਾਫ਼ ਫਤਵਾ ਦਿੱਤਾ ਸੀ। ਇਸ ਦੇ ਬਾਵਜੂਦ ਜੇ ਉਹ ਪ੍ਰਧਾਨ ਮੰਤਰੀ ਬਣ ਗਏ ਹਨ ਤਾਂ ਉਨ੍ਹਾਂ ਨੂੰ ਕੰਮ ਕਰਨਾ ਚਾਹੀਦਾ ਹੈ।’ ਪ੍ਰਧਾਨ ਮੰਤਰੀ ਦੇ ਸ਼ਬਦ ਕਿ ‘ਲੋਕ ਠੋਸ ਕੰਮ ਚਾਹੁੰਦੇ ਹਨ ਨਾ ਕਿ ਨਾਅਰੇ’ ਦੁਹਰਾਉਂਦਿਆਂ ਖੜਗੇ ਨੇ ਕਿਹਾ ਕਿ ਉਨ੍ਹਾਂ (ਪ੍ਰਧਾਨ ਮੰਤਰੀ) ਨੂੰ ਖੁਦ ਵੀ ਇਸ ’ਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਵਿਰੋਧੀ ਧਿਰ ਤੇ ਇੰਡੀਆ ਜਨਬੰਧਨ ਸੰਸਦ ’ਚ ਆਮ ਸਹਿਮਤੀ ਚਾਹੁੰਦਾ ਹੈ। ਅਸੀਂ ਲੋਕਾਂ ਦੀ ਆਵਾਜ਼ ਸੰਸਦ ਵਿੱਚ, ਸੜਕਾਂ ’ਤੇ ਅਤੇ ਹਰ ਥਾਂ ਚੁੱਕਦੇ ਰਹਾਂਗੇ। ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ।’ -ਪੀਟੀਆਈ

Advertisement
Author Image

joginder kumar

View all posts

Advertisement