For the best experience, open
https://m.punjabitribuneonline.com
on your mobile browser.
Advertisement

ਸਰਪੰਚ ਦੀ ਤਾਕਤ

07:52 AM Jul 02, 2024 IST
ਸਰਪੰਚ ਦੀ ਤਾਕਤ
Advertisement

ਰਣਜੀਤ ਲਹਿਰਾ

ਗੱਲ 1986-87 ਦੀ ਹੈ ਜਦੋਂ ਪੰਜਾਬ ਦਹਿਸ਼ਤ ਦੇ ਸਾਏ ਹੇਠ ਸੀ। ਇੱਕ ਪਾਸੇ ਹਕੂਮਤੀ ਦਹਿਸ਼ਤ ਜ਼ੋਰਾਂ ’ਤੇ ਸੀ, ਦੂਜੇ ਪਾਸੇ ਖ਼ਾਲਿਸਤਾਨੀ ਦਹਿਸ਼ਤ ਦਾ ਬੋਲਬਾਲਾ ਸੀ। ਲੋਕ ਦੋਹਾਂ ਪੁੜਾਂ ਵਿਚਕਾਰ ਦਰੜੇ ਜਾ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਬਠਿੰਡਾ ਜਿ਼ਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿੱਚ ਇੱਕ ਬੰਦੇ ਨੇ ਕਿਸੇ ਘਰੇਲੂ ਕਾਰਨ ਕਰ ਕੇ ਖੁਦਕੁਸ਼ੀ ਕਰ ਲਈ। ਪਿੰਡ ਦੇ ਸਰਪੰਚ ਦਲਬਾਰਾ ਸਿੰਘ ਨੇ ਇਹ ਸੋਚ ਕੇ ਮ੍ਰਿਤਕ ਦਾ ਦਾਹ-ਸੰਸਕਾਰ ਕਰਵਾ ਦਿੱਤਾ ਕਿ ਜੇ ਪੁਲੀਸ ਨੂੂੰ ਇਤਲਾਹ ਦਿੱਤੀ ਜਾਂ ਸੂਚਨਾ ਮਿਲ ਗਈ ਤਾਂ ਉਹ ਪਰਿਵਾਰ ਦੀ ਵਾਧੂ ਦੀ ਖਿੱਚ-ਧੂਹ ਕਰੇਗੀ ਤੇ ਮਰੇ ਦਾ ਮਾਸ ਖਾਣ ਵਾਲੀ ਗੱਲ ਕਰਨੋਂ ਵੀ ਨਹੀਂ ਟਲੇਗੀ। ਦਾਹ-ਸੰਸਕਾਰ ਭਾਵੇਂ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ ਪਰ ਬਰੇਟਾ ਮੰਡੀ ਦੇ ਥਾਣੇਦਾਰ ਨੂੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ। ਇੱਕ ਤਾਂ ਸਰਪੰਚ ਦੇ ਅਜਿਹਾ ਕਰਨ ਨਾਲ ਥਾਣੇਦਾਰ ਦੇ ਠੂਠੇ ਨੂੰ ਲੱਤ ਵੱਜ ਗਈ ਸੀ; ਦੂਜਾ, ਸਰਪੰਚ ਥਾਣੇਦਾਰ ਨੂੂੰ ਠਾਹ ਸਲਾਮ ਕਰਨ ਵਾਲਾ ਨਹੀਂ ਸੀ। ਕਾਮਰੇਡ ਕਹਾਉਂਦਾ ਸਰਪੰਚ ਕਹਿੰਦਾ-ਕਹਾਉਂਦਾ ਖੱਬੀਖਾਨ ਸੀ। ਥਾਣੇਦਾਰ ਨੂੂੰ ਲੱਗਿਆ, ਹੁਣ ਮੌਕਾ ਹੈ ਸਰਪੰਚ ਨੂੂੰ ਆਪਣੀ ਲੱਤ ਹੇਠੋਂ ਲੰਘਾਉਣ ਦਾ।
ਅਗਲੇ ਦਿਨ ਜਦੋਂ ਸਰਪੰਚ ਕਿਸੇ ਕੰਮ ਥਾਣੇ ਗਿਆ ਤਾਂ ਕੁਰਸੀ ’ਚ ਝੂਲਦਾ ਥਾਣੇਦਾਰ ਬੋਲਿਆ, “ਆਹ ਚੰਗਾ ਕੰਮ ਫੜਿਆ ਸਰਪੰਚਾ, ਪਿੰਡ ਵਿੱਚ ਬੰਦੇ ਮਾਰ-ਮਾਰ ਕੇ ਖੁਰਦ-ਬੁਰਦ ਕਰਨ ਦਾ।” ਇਸ ਤੋਂ ਪਹਿਲਾਂ ਕਿ ਸਰਪੰਚ ਕੋਈ ਗੱਲ ਕਰਦਾ, ਥਾਣੇਦਾਰ ਨੇ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ। ਸਰਪੰਚ ਹਵਾਲਾਤ ’ਚ ਆਰਾਮ ਨਾਲ ਹੀ ਬਹਿ ਗਿਆ, ਕਿਹੜਾ ਪਹਿਲੀ ਵਾਰ ਬੈਠਾ ਸੀ! ਉਹਨੂੰ ਵੀ ਪਤਾ ਸੀ ਕਿ ਥਾਣੇਦਾਰ ਚਾਹੁੰਦਾ ਹੈ ਕਿ ਉਹ ਉਹਦੀਆਂ ਮਿੰਨਤਾਂ ਤਰਲੇ ਕਰੇ ਪਰ ਇਸ ਰਾਹ ਪੈਣ ਵਾਲਾ ਉਹ ਹੈ ਨਹੀਂ ਸੀ। ਉਹ ਜਾਣਦਾ ਸੀ, ਪਿੰਡ ਵਾਲਿਆਂ ਨੂੂੰ ਜਦੋਂ ਪਤਾ ਲੱਗ ਗਿਆ, ਫਿਰ ਥਾਣੇਦਾਰ ਕਹੂ, ਸਰਪੰਚ ਸਾਹਿਬ ਹਵਾਲਾਤ ’ਚੋਂ ਛੇਤੀ ਬਾਹਰ ਆਓ, ਸਾਥੋਂ ਭੁੱਲ ਹੋ ਗਈ।... ਜਦੋਂ ਸਰਪੰਚ ਕੁਝ ਨਾ ਬੋਲਿਆ, ਨਾ ਡੋਲਿਆ ਤਾਂ ਘੰਟੇ ਦੋ ਘੰਟੇ ਬਾਅਦ ਉਸ ਨੂੂੰ ਆਪ ਹੀ ‘ਰਿਹਾਅ’ ਕਰ ਦਿੱਤਾ।
ਹੁਣ ਰੋਹ ਨਾਲ ਭਖਿਆ ਸਰਪੰਚ ਪਿੰਡ ਆਇਆ ਅਤੇ ਪੰਚਾਇਤ ਤੇ ਪਿੰਡ ਦੀ ਸ਼ਹੀਦੀ ਯਾਦਗਾਰ ਕਮੇਟੀ ਦੇ ਸਾਥੀਆਂ ਨੂੂੰ ਆਪਣੇ ਨਾਲ ਹੋਈ ਬੀਤੀ ਦੱਸੀ। ਪੰਚਾਇਤ ਅਤੇ ਕਮੇਟੀ ਨੇ ਸਾਰੇ ਪਿੰਡ ਦਾ ਇਕੱਠ ਕਰ ਲਿਆ ਅਤੇ ਲੋਕਾਂ ਨੂੂੰ ਕਿਹਾ ਕਿ ਥਾਣੇਦਾਰ ਨੇ ਪਿੰਡ ਦੀ ਪੱਗ ਨੂੂੰ ਹੱਥ ਪਾਇਐ, ਹੁਣ ਸਾਰੇ ਪਿੰਡ ਦਾ ਫਰਜ਼ ਹੈ ਕਿ ਉਹ ਭੂਤਰੇ ਹੋਏ ਥਾਣੇਦਾਰ ਦਾ ਫਤੂਰ ਲਾਹ ਕੇ ਸਾਹ ਲੈਣ। ਅਗਲੇ ਦਿਨ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਪਿੰਡ ਦਾ ਬੱਚਾ-ਬੱਚਾ ਬਰੇਟਾ ਥਾਣੇ ਨੂੂੰ ਘੇਰਾ ਘੱਤਣ ਲਈ ਤਿਆਰ ਹੋਣ ਲੱਗਿਆ; ਤੇ ਫਿਰ ਕਿਸ਼ਨਗੜ੍ਹੀਆਂ ਨੇ ਥਾਣੇ ਨੂੂੰ ਐਸਾ ਘੇਰਾ ਪਾਇਆ ਕਿ ਬਠਿੰਡਾ ਜਿ਼ਲ੍ਹੇ ਦੇ ਸ਼ਾਸਨ-ਪ੍ਰਸ਼ਾਸਨ ਨੂੂੰ ਭਾਜੜਾਂ ਪੈ ਗਈਆਂ ਤੇ ਥਾਣੇਦਾਰ ਨੂੂੰ ਸੁੱਕੀਆਂ ਤਰੇਲੀਆਂ ਆਉਣ ਲੱਗ ਪਈਆਂ। ਆਖਿ਼ਰਕਾਰ ਘਿਰਾਓ ਇਸ ਸ਼ਰਤ ’ਤੇ ਟੁੱਟਿਆ ਕਿ ਪਿੰਡ ਦੀ ਪੱਗ ਨੂੂੰ ਹੱਥ ਪਾਉਣ ਵਾਲਾ ਥਾਣੇਦਾਰ ਕਿਸ਼ਨਗੜ੍ਹ ਦੀ ਸੱਥ ਵਿੱਚ ਖੜ੍ਹ ਕੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗੇਗਾ। ਥਾਣੇਦਾਰ ਦਾ ਫਤੂਰ ਉਡੰਤਰ ਹੋ ਚੁੱਕਿਆ ਸੀ। ਉਹ ਭਿੱਜੀ ਬਿੱਲੀ ਬਣ ਕੇ ਪੁਲੀਸ ਦੇ ਪਹਿਰੇ ਹੇਠ ਕਿਸ਼ਨਗੜ੍ਹ ਦੀ ਸੱਥ ’ਚ ਆਇਆ ਤੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗਿਆ।
ਥਾਣੇਦਾਰ ਨੇ ਮੁਆਫ਼ੀ ਮੰਗਣੀ ਹੀ ਸੀ; ਇੱਕ ਤਾਂ ਉਹਨੇ ਪੰਗਾ ਅਜਿਹੇ ਸਰਪੰਚ ਨਾਲ ਲਿਆ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਇਤਿਹਾਸਕ ਮੋਗਾ ਘੋਲ ਦੀ ਕੁਠਾਲੀ ਵਿੱਚੋਂ ਤਪ ਕੇ ਨਿਕਲਿਆ ਸੀ; ਜਿਹੜਾ ਨਾ ਸਿਰਫ਼ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦਾ ਪੀਐੱਸਯੂ ਦਾ ਪ੍ਰਧਾਨ ਰਿਹਾ ਸੀ ਸਗੋਂ ਛਾਜਲੀ ਕੋਠਿਆਂ ਕੋਲ ਬੱਸ ਫੂਕਣ ਦੇ ਮਾਮਲੇ ਵਿੱਚ ਜੇਲ੍ਹ ਵੀ ਰਿਹਾ ਸੀ ਤੇ ਪੁਲੀਸ ਜਬਰ ਦਾ ਸ਼ਿਕਾਰ ਵੀ ਹੋਇਆ ਸੀ। ਪਿੰਡ ਦੇ ਲੋਕਾਂ ਨੇ ਜੁਝਾਰੂ ਹੋਣ ਕਰ ਕੇ ਹੀ ਉਹਨੂੰ ਸਰਪੰਚ ਬਣਾਇਆ ਸੀ। ਦੂਜਾ, ਥਾਣੇਦਾਰ ਨੇ ਉਸ ਪਿੰਡ ਕਿਸ਼ਨਗੜ੍ਹ ਦੀ ਪੱਗ ਨੂੂੰ ਹੱਥ ਪਾਇਆ ਸੀ ਜਿਸ ਦਾ ਇਤਿਹਾਸ ਫਰੋਲ ਕੇ ਥਾਣੇਦਾਰ ਨੇ ਸ਼ਾਇਦ ਦੇਖਿਆ ਨਹੀਂ ਸੀ। ਕਿਸ਼ਨਗੜ੍ਹ ਉਹ ਪਿੰਡ ਹੈ ਜਿਸ ਉੱਤੇ 1949 ’ਚ ਮੁਜ਼ਾਰਾ ਲਹਿਰ ਦਾ ਗੜ੍ਹ ਭੰਨਣ ਲਈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫੌਜਾਂ ਚਾੜ੍ਹ ਕੇ ਤੋਪਾਂ ਦੇ ਗੋਲੇ ਸੁੱਟੇ ਗਏ ਸਨ, ਜਿਹੜਾ ਪਿੰਡ ਮੁਜ਼ਾਰਾ ਲਹਿਰ ਦੀ ਰਾਜਧਾਨੀ ਕਿਹਾ ਜਾਂਦਾ ਸੀ।
... ਤੇ ਉਸ ਪਿੰਡ ਦੀ ਲਹੂ ਰੱਤੀ ਮਿੱਟੀ ਵਿੱਚੋਂ ਜਨਮਿਆ ਸੀ ਦਲਬਾਰਾ ਸਿੰਘ ਜਿਸ ਨੇ 15 ਸਾਲ ਸਰਬਸੰਮਤੀ ਨਾਲ ਸਰਪੰਚੀ ਕੀਤੀ ਅਤੇ ਪਿੰਡ ਦੀ ਵਿਰਾਸਤ ਨੂੂੰ ਬੁਲੰਦ ਕੀਤਾ। ਕਿਸਾਨ ਜਥੇਬੰਦੀਆਂ ਦਾ ਸਿਰਕਰਦਾ ਆਗੂ ਬਣਿਆ, ਕਿਸਾਨ ਘੋਲਾਂ ਵਿੱਚ ਮੋਹਰੀ ਰਿਹਾ, ਘੋਲਾਂ ਦੌਰਾਨ ਜੇਲ੍ਹ ਨੂੂੰ ਆਪਣਾ ਘਰ ਸਮਝ ਕੇ ਬਹਿ ਜਾਂਦਾ ਰਿਹਾ। ਅੰਤਿਮ ਸਮੇਂ ਤੱਕ ਪਿੰਡ ਦੀ ਮਿੱਟੀ ਨਾਲ ਵਫ਼ਾ ਪਾਲਣ ਵਾਲਾ ਉਹ ਸਰਪੰਚ ਦਲਬਾਰਾ ਸਿੰਘ ਸੱਤਰ ਸਾਲ ਦੀ ਉਮਰ ਹੰਢਾ ਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।

Advertisement

ਸੰਪਰਕ: 94175-88616

Advertisement
Author Image

sukhwinder singh

View all posts

Advertisement
Advertisement
×