For the best experience, open
https://m.punjabitribuneonline.com
on your mobile browser.
Advertisement

ਮਨਮੋਹਨ ਸਿੰਘ ਤੇ ਯਾਸੀਨ ਮਲਿਕ ਦਾ ਪੋਸਟਰ ਲਾਹਿਆ

09:03 AM May 01, 2024 IST
ਮਨਮੋਹਨ ਸਿੰਘ ਤੇ ਯਾਸੀਨ ਮਲਿਕ ਦਾ ਪੋਸਟਰ ਲਾਹਿਆ
ਮੰਡੀ ਹਾਊਸ ਦੇ ਸਰਕਲ ਵਿੱਚ ਲੱਗਿਆ ਪੋਸਟਰ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਅਪਰੈਲ
ਦਿੱਲੀ ਪੁਲੀਸ ਨੇ ਅੱਜ ਮੰਡੀ ਹਾਊਸ ਸਰਕਲ ਇਲਾਕੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨਾਲ ਲੱਗੀ ਪੁਰਾਣੀ ਤਸਵੀਰ ਉਤਾਰ ਦਿੱਤੀ ਹੈ। ਗੁਲਾਬੀ ਰੰਗ ਦੇ ਇਸ ਪੋਸਟਰ ਵਿੱਚ ਡਾ. ਮਨਮੋਹਨ ਸਿੰਘ ਦੀ ਯਾਸੀਨ ਮਲਿਕ ਨਾਲ ਪੁਰਾਣੀ ਫੋਟੋ ਛਾਪੀ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੋਸਟਰ ਅਣਪਛਾਤੇ ਵਿਅਕਤੀਆਂ ਵੱਲੋਂ ਲਾਇਆ ਗਿਆ ਸੀ। ਇਸ ਪੋਸਟਰ ਵਿੱਚ ਲਿਖਿਆ ਗਿਆ ਸੀ ਕਿ ਬੋਲਣ ਦੀ ਆਜ਼ਾਦੀ ਦਾ ਸਮਰਥਨ ਕਰਨ ਅਤੇ ਯਾਸੀਨ ਮਲਿਕ ਨੂੰ ਰਿਹਾਅ ਕਰਨ ਲਈ ਹਮਾਇਤ ਕੀਤੀ ਜਾਵੇ। ਪੋਸਟਰ ਲਾਉਣ ਬਾਰੇ ਕਿਸੇ ਵੀ ਵਿਅਕਤੀ ਦਾ ਜਾਂ ਕਿਸੇ ਸਿਆਸੀ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਪੋਸਟਰ ਨੂੰ ਛਾਪਣ ਵਾਲੀ ਪ੍ਰਿੰਟਿੰਗ ਪ੍ਰੈਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ। ਇਸ ਪੋਸਟਰ ਨੂੰ ਲੈ ਕੇ ਲੋਕਾਂ ਦਾ ਧਿਆਨ ਗਿਆ ਤੇ ਇੰਟਰਨੈੱਟ ਉਪਰ ਇਹ ਵੱਡੇ ਪੱਧਰ ’ਤੇ ਸਾਂਝਾ ਵੀ ਕੀਤਾ ਗਿਆ ਸੀ। ਇਹ ਪੋਸਟਰ ਮੰਡੀ ਹਾਊਸ ਦੇ ਸਫਦਰ ਹਾਜ਼ਮੀ ਮਾਰਗ ਵਾਲੇ ਪਾਸੇ ਲਾਇਆ ਗਿਆ ਸੀ। ਪੋਸਟਰ ਉੱਪਰ ਲਿਖਿਆ ਸੀ,‘‘ ਬੋਲਣ ਦੀ ਆਜ਼ਾਦੀ ਦਾ ਸਮਰਥਨ ਕਰਨ ਅਤੇ ਯਾਸੀਨ ਮਲਿਕ ਨੂੰ ਰਿਹਾਅ ਕਰਨ ਲਈ’’ ਪੋਸਟਰ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ। ਇਸ ਵਿੱਚ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਤੇ ਲੋਕਤੰਤਰ ਲਈ ਆਵਾਜ਼ ਦਾ ਹਵਾਲਾ ਦਿੰਦੇ ਹੋਏ ਯਾਸੀਨ ਮਲਿਕ ਦੀ ਰਿਹਾਈ ਦੀ ਵਕਾਲਤ ਕੀਤੀ ਗਈ ਸੀ। ਦਿੱਲੀ ਪੁਲੀਸ ਵੱਲੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੋਸਟਰ ਨੂੰ ਲਾਉਣ ਵਾਲਾ ਕਿਹੜਾ ਵਿਅਕਤੀ ਹੈ ਜਾਂ ਕੋਈ ਸੰਸਥਾ ਹੈ। ਆਸ-ਪਾਸ ਇਸ ਇਲਾਕੇ ਵਿੱਚ ਥਾਂ-ਥਾਂ ’ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਰਾਹੀਂ ਪੋਸਟਰ ਲਾਉਣ ਵਾਲੇ ਤੱਕ ਪਹੁੰਚਿਆ ਜਾ ਸਕੇ। ਇੱਕ ਵੀਡੀਓ ਕਲਿੱਪ ਵਿੱਚ ਦਿੱਲੀ ਪੁਲੀਸ ਦੇ ਮੁਲਾਜ਼ਮ ਪੋਸਟਰ ਨੂੰ ਖਿੱਚ ਕੇ ਲਾਹੁੰਦੇ ਹੋਏ ਦਿਖਾਈ ਦਿੰਦੇ ਹਨ।
ਦਿੱਲੀ ਵਿੱਚ 25 ਮਈ ਨੂੰ ਵੋਟਾਂ ਪੈਣੀਆਂ ਹਨ। ਲੋਕ ਸਭਾ ਚੋਣਾਂ 2024 ਚੱਲ ਰਹੀਆਂ ਹਨ, ਜਿਸ ਵਿੱਚ ਵੋਟਾਂ ਦੇ ਸ਼ੁਰੂਆਤੀ ਦੋ ਪੜਾਅ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। 19 ਅਪਰੈਲ ਨੂੰ ਹੋਏ ਪਹਿਲੇ ਪੜਾਅ ’ਚ 102 ਸੀਟਾਂ ਜਦਕਿ 26 ਅਪਰੈਲ ਨੂੰ ਹੋਏ ਦੂਜੇ ਪੜਾਅ ’ਚ 88 ਸੀਟਾਂ ਸ਼ਾਮਲ ਸਨ। ਆਗਾਮੀ ਤੀਜਾ ਪੜਾਅ 7 ਮਈ ਨੂੰ ਹੋਣ ਜਾ ਰਿਹਾ ਹੈ, ਜਿਸ ਵਿੱਚ 94 ਸੀਟਾਂ ਸ਼ਾਮਲ ਹਨ।

Advertisement

Advertisement
Author Image

Advertisement
Advertisement
×