ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਪੋਸਟ-ਟਰੁੱਥ’ ਬਿਰਤਾਂਤ ਅਤੇ ਸੱਚ ਦੁਆਲੇ ਬੁਣੇ ਮਸਨੂਈ ਸਿਆਸੀ ਘੇਰੇ

06:14 AM Jan 24, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਡਾ. ਕੁਲਦੀਪ ਕੌਰ
Advertisement

ਸੱਚ ਸੱਭਿਅਤਾ ਦਾ ਰਿਸਦਾ ਜ਼ਖਮ ਹੈ। ਸੱਚ ਲਈ ਸ਼ਹੀਦ ਹੋਣ ਸਮੇਂ ਜਦੋਂ ਸੁਕਰਾਤ ਨੂੰ ਮੁਆਫੀ ਮੰਗ ਕੇ ਜਾਨ ਬਚਾਉਣ ਦਾ ਬਦਲ ਦਿੱਤਾ ਗਿਆ ਤਾਂ ਉਸ ਨੇ ਇਸ ਨੂੰ ਠੋਕਰ ਮਾਰਦਿਆਂ ਕਿਹਾ- ਜੇ ਅੱਜ ਮੈਂ ਸੱਚ ਲਈ ਮਰ ਗਿਆ ਤਾਂ ਕਦੇ ਨਹੀਂ ਮਰਨਾ। ਉਸ ਦਾ ਸੱਚ ਲਈ ਦਿੱਤਾ ਬਲਿਦਾਨ ਸੱਚ ਦਾ ਬਿਰਤਾਂਤ ਸਿਰਜਣ ਵਾਲਿਆਂ ਅਤੇ ਉਸ ਨੂੰ ਜਿਊਣ ਵਾਲਿਆਂ ਲਈ ਸਦੀਆਂ ਤੋਂ ਰਾਹ-ਦਸੇਰਾ ਬਣਿਆ ਹੋਇਆ ਹੈ। ਮਨੁੱਖੀ ਸੱਭਿਅਤਾ ਦਾ ਮੌਜੂਦਾ ਦੌਰ ‘ਪੋਸਟ-ਟਰੁੱਥ’ ਸਿਆਸਤ ਅਤੇ ‘ਪੋਸਟ-ਆਈਡਿਉਲੌਜੀ’ ਸਮਾਜਾਂ ਦਾ ਦੌਰ ਮੰਨਿਆ ਜਾ ਰਿਹਾ ਹੈ ਜਿਸ ਵਿਚ ਬਿਰਤਾਂਤਕ ਅਤੇ ਹਕੀਕੀ ਤੌਰ ’ਤੇ ਤੱਥਾਂ, ਸਬੂਤਾਂ ਅਤੇ ਘਟਨਾ ਦੀ ਅਸਲ ਬੁਣਤੀ ਨੂੰ ਸਮਝਣ ਤੇ ਮੰਨਣ ਦੀ ਥਾਂ ਇਸ ਦੇ ਇਰਦ-ਗਿਰਦ ਬੁਣੀਆਂ ਭਾਵਨਾਵਾਂ, ਕਹਾਣੀਆਂ, ਮਿੱਥਾਂ, ਭਰਮਾਂ, ਅਫਵਾਹਾਂ, ਫੇਕ ਨਿਊਜ਼, ਸਾਜਿ਼ਸ਼ੀ ਘੁਣਤਰਾਂ ਅਤੇ ‘ਅਲਟਰਨੇਟਿਵ ਫੈਕਟਸ’ (ਤੱਥਾਂ ਦੇ ਬਰਾਬਰ ਤੱਥਾਂ ਦਾ ਦਾਅਵਾ ਜੋ ਝੂਠ ’ਤੇ ਖੜ੍ਹੇ ਹੁੰਦੇ) ’ਤੇ ਭਰੋਸਾ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਦੀਆਂ ਬਹੁਤ ਸਾਰੀਆਂ ਪਰਤਾਂ ਹਨ; ਅਤਿ-ਆਧੁਨਿਕ ਕੰਪਿਊਟਰ ਆਧਾਰਿਤ ਤਕਨੀਕਾਂ ਅਤੇ ਸੋਸ਼ਲ ਮੀਡੀਆ ਦੀ ਆਮਦ ਨੇ ਇਸ ਨੂੰ ਕਈ ਗੁਣਾ ਜ਼ਰਬ ਦਿੱਤੀ ਹੈ।
ਪੋਸਟ-ਟਰੁੱਥ ਸਿਆਸਤ ਦੇ ਹੱਕ ਵਿਚ ਬਹੁਤ ਸਾਰੀਆਂ ਦਲੀਲਾਂ ਅਤੇ ਤਰਕ ਹਨ। ਜਿਉਂ ਜਿਉਂ ਇਸ ਸਿਆਸਤ ਦਾ ਚਿਹਰਾ-ਮੋਹਰਾ ਉਘੜ ਰਿਹਾ ਹੈ, ਤਿਉਂ ਤਿਉਂ ਇਸ ਦਾ ਸਿੱਧਾ ਟਕਰਾਉ ਸਮਾਜਿਕ ਜਮਹੂਰੀਅਤ (ਸੋਚਅਿਲ ਦੲਮੋਚਰਅਚੇ), ਧਰਮ ਨਿਰਪੱਖਤਾ, ਆਰਥਿਕ ਖੁਦਮੁਖ਼ਤਾਰੀ ਅਤੇ ਇਲਾਕਾਈ ਤੇ ਵੱਖਰੀਆਂ ਪਛਾਣਾਂ ਵਾਲੇ ਸਮੂਹਾਂ ਨਾਲ ਤਿਖੇਰਾ ਹੋ ਰਿਹਾ ਹੈ। ਨਿੱਜੀਕਰਨ, ਉਦਾਰੀਕਰਨ ਅਤੇ ਖੁੱਲ੍ਹੀ ਮੰਡੀ ਬਾਰੇ ਸਰਕਾਰ ਪੱਖੀ ਮੀਡੀਆ ਦੁਆਰਾ ਸਿਰਜੇ ਖਿੱਚ ਭਰਪੂਰ ਪਰ ਤੱਥ ਜਾਂ ਸਚਾਈ ਤੋਂ ਵਿਰਵੇਂ ਬਿਰਤਾਤਾਂ ਰਾਹੀਂ ਜਿਵੇਂ ਭਾਰਤੀ ਨਾਗਰਿਕਾਂ ਨੂੰ ਖਪਤਕਾਰਾਂ ਵਿਚ ਤਬਦੀਲ ਕੀਤਾ ਗਿਆ ਹੈ, ਉਸ ਨੇ ਭਾਰਤ ਦੀ ਸਰਕਾਰੀ ਜਾਇਦਾਦ, ਕੁਦਰਤੀ ਸਾਧਨਾਂ ਅਤੇ ਨਾਗਰਿਕ ਅਧਿਕਾਰਾਂ ਦੀ ਸਿਆਸਤ ਨੂੰ ਉਲਟੇ ਰੁਖ਼ ਵਗਣ ਲਈ ਮਜਬੂਰ ਕਰ ਦਿੱਤਾ ਹੈ। ਇਸ ਨਾਲ ਪਹਿਲਾਂ ਹੀ ਹਾਸ਼ੀਏ ’ਤੇ ਪੁੱਜੇ ਗਰੀਬਾਂ, ਕਿਸਾਨਾਂ-ਮਜ਼ਦੂਰਾਂ, ਘੱਟ-ਗਿਣਤੀਆਂ ਅਤੇ ਵੱਖਰੀਆਂ ਪਛਾਣਾਂ ਵਾਲੇ ਸਮੂਹਾਂ ਖਿਲਾਫ ਮੋਰਚਾਬੰਦੀ ਹੋ ਚੁੱਕੀ ਹੈ; ਖਾਸ ਤੌਰ ’ਤੇ ਜੇ ਉਹ ਰਿਆਸਤ/ਸਟੇਟ ਦੁਆਰਾ ਜ਼ੋਰ-ਸ਼ੋਰ ਨਾਲ ਪ੍ਰਸਾਰਿਤ ਕੀਤੇ ਜਾ ਰਹੇ ਕਾਰਪੋਰੇਟੀ ਸੱਭਿਆਚਾਰ ਜਾਂ ਬਾਜ਼ਾਰੀ ਵਣਜ ਦਾ ਹਿੱਸਾ ਬਣਨ ਤੋਂ ਇਨਕਾਰੀ ਹਨ।
ਗਲੋਬਲ ਪੱਧਰ ’ਤੇ ਸੱਜੀ ਵਿਚਾਰਧਾਰਕ ਇਜਾਰੇਦਾਰੀ ਅਤੇ ਮੀਡੀਆ/ਪ੍ਰਚਾਰ ਸਾਧਨਾਂ ’ਤੇ ਕੰਟਰੋਲ ਕਾਰਨ ਜਿੱਥੇ ਸੋਚਣ, ਬੋਲਣ, ਲਿਖਣ ਅਤੇ ਵਿਰੋਧ ਕਰਨ ਦੀਆਂ ਜਮਹੂਰੀ ਰਵਾਇਤਾਂ ਨੂੰ ਵੱਡਾ ਖੋਰਾ ਲੱਗਿਆ ਹੈ, ਉੱਥੇ ਫਿਲਮ, ਸਾਹਿਤ, ਕਲਾ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਕਾਬਜ਼ ਧਿਰਾਂ ਵੱਲੋਂ ਇਸ ਇਜਾਰੇਦਾਰੀ ਨਾਲ ਨਜਿੱਠਣ ਜਾਂ ਇਸ ਵਿਰੋਧ ਕਰਨ ਦੀ ਥਾਂ ਇਹ ਵੀ ਇਸ ਦੀ ਪੈੜ ਵਿਚ ਪੈੜ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਯੂਕਰੇਨ ਤੇ ਰੂਸ ਦੇ ਟਕਰਾਉ ਤੋਂ ਲੈ ਕੇ ਇਜ਼ਰਾਈਲ ਦੁਆਰਾ ਫ਼ਲਸਤੀਨੀਆਂ ਦੇ ਘਾਣ ਤੱਕ, ਗੋਧਰਾ ਕਾਂਡ ਤੋਂ ਲੈ ਕੇ ‘ਲਵ ਜਹਾਦ’ ਦੀਆਂ ਫਰਜ਼ੀ ਕਹਾਣੀਆਂ ਤੱਕ, ਇਕ ਖਾਸ ਫਿ਼ਰਕੇ ਦੇ ਵੱਡੇ ਹਿੱਸੇ ਬਾਰੇ ‘ਅਤਿਵਾਦੀ’ ਹੋਣ ਦਾ ਅਕਸ ਸਿਰਜਣ ਤੋਂ ਲੈ ਕੇ ਮਨੁੱਖੀ ਅਧਿਕਾਰ ਕਾਰਕੁਨਾਂ/ਬੁੱਧੀਜੀਵੀਆਂ ਨੂੰ ‘ਮੁਲਕ ਦੇ ਦੁਸ਼ਮਣ’ ਕਰਾਰ ਦੇਣ ਤੱਕ ‘ਸੱਚ ਤੇ ਹਕੀਕਤ’ ਦੁਆਲੇ ਬੁਣੇ ਮਾਰੂ ਬਿਰਤਾਤਾਂ ਦੀ ਲੜੀ ਇੰਨੀ ਲੰਮੀ ਹੈ ਕਿ ਇਸ ਨੇ ਸਾਡੀਆਂ ਸਿਆਸੀ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਇਤਿਹਾਸਕ ਯਾਦਾਂ, ਸੁਫ਼ਨਿਆਂ ਅਤੇ ਹੋਂਦ ਵਾਲੀਆਂ ਥਾਵਾਂ ਨੂੰ ਵਿਚਾਰਧਾਰਕ ਖੁੰਢੇਪਣ ਅਤੇ ਡਿਸਟੋਪੀਆ ਵਿਚ ਧੱਕ ਦਿੱਤਾ ਹੈ।
ਇਸ ਵਰਤਾਰੇ ਦੀਆਂ ਜੜ੍ਹਾਂ ਡੂੰਘੀਆਂ ਅਤੇ ਜ਼ਹਿਰੀਲੀਆਂ ਹਨ। ਇਸ ਬਾਬਤ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਰਾਹੀਂ ‘ਪੋਸਟ-ਟਰੁੱਥ’ ਦੀ ਚਾਸ਼ਣੀ ਵਿਚ ਲਪੇਟੇ ਬਿਰਤਾਂਤ ਭਾਵੇਂ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਰਡ ਟਰੰਪ ਦੁਆਰਾ ਸੋਸ਼ਲ ਡੈਮੋਕਰੇਸੀ ਦੀਆਂ ਜੜ੍ਹਾਂ ਕੁਤਰਨਾ ਹੋਵੇ, ਭਾਵੇਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਇਹ ਬਿਆਨ ਹੋਵੇ ਕਿ ‘ਗਾਜ਼ਾ ਉੱਤੇ ਹਮਲੇ ਤੋਂ ਕੋਈ ਸਾਨੂੰ ਰੋਕ ਨਹੀਂ ਸਕਦਾ’, ਭਾਵੇਂ ਫਿਲਮਾਂ ਬਣਾਉਣ ਦੇ ਨਾਮ ’ਤੇ ਵਿਵੇਕ ਅਗਨੀਹੋਤਰੀ ਦੁਆਰਾ ਕਸ਼ਮੀਰ ਤੇ ਕੇਰਲ ਵਿਰੁੱਧ ਨਫਰਤ ਦਾ ਪ੍ਰਚਾਰ ਕਰਨਾ ਹੋਵੇ ਜਾਂ ਕੇਂਦਰ ਵਿਚ ਸੱਤਾਧਾਰੀ ਧਿਰ ਦੁਆਰਾ ‘ਭਗਵਾਨ ਰਾਮ’ ਦੇ ਨਾਮ ਉੱਪਰ ਮੁਲਕ ਦੇ ਧਾਰਮਿਕ ਧਰੁਵੀਕਰਨ ਦੀ ਸਿਆਸਤ ਹੋਵੇ; ਉਨ੍ਹਾਂ ਨੇ ਕਮਜ਼ੋਰ, ਪੀੜਤ ਤੇ ਸ਼ੋਸ਼ਿਤ ਧਿਰਾਂ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੇ ਜੀਣ-ਥੀਣ ’ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਉਨ੍ਹਾਂ ਦੀ ਵਿਰੋਧ ਕਰਨ ਦੀ ਸਮਰੱਥਾ ਨੂੰ ਹੀ ਖ਼ਤਮ ਕਰ ਦਿੱਤਾ। ਇਸ ਨਾਲ ਨਾ ਸਿਰਫ ਮੀਡੀਆ, ਸਰਕਾਰ ਦੇ ਪ੍ਰਚਾਰ-ਤੰਤਰ ਦਾ ਸੰਦ ਬਣ ਚੁੱਕਿਆ ਹੈ ਸਗੋਂ ਇਸ ਨੇ ਆਪਣੀ ਭਰੋਸੇਯੋਗਤਾ ਅਤੇ ਆਮ ਜਨਤਾ ਦੀ ਆਵਾਜ਼ ਬਣਨ ਦੇ ਮੂਲ ਸਿਧਾਂਤ ਵੱਲ ਵੀ ਪਿੱਠ ਕਰ ਲਈ ਹੈ। ਇਸ ਸਬੰਧ ਵਿਚ ਲੋਕ ਸਰੋਕਾਰਾਂ ਨੂੰ ਪ੍ਰਨਾਏ ਅਦਾਰੇ ਐੱਨਡੀਟੀਵੀ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜੋ ਕੁਝ ਹੀ ਮਹੀਨਿਆਂ ਵਿਚ ਕਾਰਪੋਰੇਟੀ ਦਾਬੇ ਹੇਠ ਆ ਗਿਆ ਹੈ।
2016 ’ਚ ਔਕਸਫੋਰਡ ਡਿਕਸ਼ਨਰੀ ’ਚ ਸ਼ਾਮਿਲ ਕੀਤਾ ਸ਼ਬਦ ‘ਪੋਸਟ-ਟਰੁੱਥ’ ਸਿਧਾਂਤਕ ਤੌਰ ’ਤੇ ਅਜਿਹੀ ਹਾਲਤ ਦਾ ਸੂਚਕ ਹੈ ਜਿਸ ਵਿਚ ਵਿਗਿਆਨਕ ਸੋਚ-ਪੱਧਤੀਆਂ ਅਤੇ ਤੱਥਾਂ/ਤਰਕਾਂ/ਖੋਜਾਂ ਦੀ ਥਾਂ ਭਾਵਨਾਵਾਂ ਤੇ ਬਿਰਤਾਤਾਂ ਦੇ ਦੁਹਰਾਉ, ਹੋਈਆਂ ਘਟਨਾਵਾਂ ਨੂੰ ਰੱਦ ਕਰਨ ਅਤੇ ‘ਅਲਟਰਨੇਟਿਵ ਫੈਕਟਸ’ ਰਾਹੀਂ ਵਿਚਾਰ ਘੜੇ ਜਾਂਦੇ ਹਨ। ਦਿਲਚਸਪ ਤੱਥ ਇਹ ਹੈ ਕਿ ਸਮੁੱਚੀ ਪ੍ਰਕਿਰਿਆ ‘ਅਸੀਂ’ ਤੇ ‘ਉਹ’ ਵਿਚ ਨਿਖੇੜਾ ਕਰਨ ਦੀ ਵਿਧੀਵਤ ਅਤੇ ਪੂਰਵ-ਨਿਰਧਾਰਤ ਸਿਆਸਤ ਦਾ ਹਿੱਸਾ ਹੁੰਦੀ ਹੈ। ਇਸ ਦਾ ਅੰਤਿਮ ਸਿਰਾ ਪਹਿਲਾਂ ਹੀ ਕੁਦਰਤੀ ਸਾਧਨਾਂ, ਸਿਆਸੀ ਦਾਇਰਿਆਂ, ਗਿਆਨ ਦੇ ਸੋਮਿਆਂ ਅਤੇ ਪੂੰਜੀ ਦੇ ਬਾਜ਼ਾਰਾਂ ਤੋਂ ਬਾਹਰ ਧੱਕੇ ਸਮੂਹਾਂ, ਧਰਮਾਂ, ਜਾਤਾਂ, ਲਿੰਗ ਅਤੇ ਸੱਭਿਆਚਾਰਾਂ ਨੂੰ ਖਾਰਜ ਕਰਨ ਅਤੇ ਵਿਕਾਸ ਦੀ ਮੁੱਖ ਧਾਰਾ ’ਚੋਂ ਕੱਢਣ ਨਾਲ ਜੁੜਿਆ ਹੁੰਦਾ।
ਪ੍ਰਸਿੱਧ ਵਿਗਿਆਨ ਮੈਗਜ਼ੀਨ ‘ਸਾਇੰਸ ਡਾਇਜੈਸਟ’ ਪੋਸਟ-ਟਰੁੱਥ ਦੀ ਅਜਿਹੀ ਸਿਆਸਤ ’ਤੇ ਟਿੱਪਣੀ ਕਰਦਿਆਂ ਲਿਖਦਾ ਹੈ- ‘ਪੋਸਟ-ਟਰੁੱਥ’ ਵਿਚ ਤੱਥ ਪ੍ਰਚਲਨ ਵਜੋਂ ਸਿਆਸਤ ਅਤੇ ਪਬਲਿਕ ਬਹਿਸ ਵਿਚੋਂ ਆਪਣੀ ਅਹਿਮੀਅਤ ਗੁਆ ਬੈਠਦੇ ਹਨ।’ ਸਾਡੇ ਸਮਿਆਂ ਨੇ ਇਸ ਦੀ ਪਹਿਲੀ ਉਘੜਵੀਂ ਮਿਸਾਲ ਯੂਰੋਪੀਅਨ ਯੂਨੀਅਨ ਤੋਂ ਬਾਹਰ ਆਏ ਇੰਗਲੈਂਡ (ਬ੍ਰੀਐਗਜਿ਼ਟ ਸਮੇਂ) ਅਤੇ ਦੂਜੀ ਡੋਨਲਡ ਟਰੰਪ ਦੁਆਰਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਰੂਪ ਵਿਚ ਦੇਖੀ ਹੈ। ਇਨ੍ਹਾਂ ਦੋਵਾਂ ਸਿਆਸੀ ਘਟਨਾਵਾਂ ਦੌਰਾਨ ਚੋਣ ਪ੍ਰਚਾਰ ਨੂੰ ਇਸ ਤਰ੍ਹਾਂ ‘ਭਾਵਨਾਵਾਂ’ ਅਤੇ ‘ਨਿੱਜੀ ਸੋਚ’ ਉੱਤੇ ਕੇਂਦਰਿਤ ਕੀਤਾ ਗਿਆ ਕਿ ਇਸ ਨੇ ਪੂਰੀ ਦੁਨੀਆ ਵਿਚ ‘ਵੋਟਾਂ ਪਾਉਣ’ ਅਤੇ ‘ਚੋਣਾਂ ਲਈ ਪ੍ਰਚਾਰ’ ਦੇ ਢੰਗ-ਤਰੀਕਿਆਂ ਨੂੰ ਲੀਹੋਂ ਲਾਹ ਦਿੱਤਾ। ਇਸ ਦਾ ਸਿੱਧਾ ਪ੍ਰਭਾਵ ਵੱਖ ਵੱਖ ਮੁਲਕਾਂ ਦੀ ਸਿਆਸਤ ’ਤੇ ਇੰਨਾ ਡੂੰਘਾ ਅਤੇ ਗੰਭੀਰ ਪਿਆ ਹੈ ਕਿ ਇਸ ਨੇ ਸੋਸ਼ਲ ਮੀਡੀਆ ਦੇ ਪਲੈਟਫਾਰਮਾਂ ਅਤੇ ਚੈਨਲਾਂ ਉੱਪਰ ਸਿਆਸੀ-ਸਮਾਜਿਕ ਅਫਵਾਹਾਂ, ਝੂਠਾਂ, ਸਾਜ਼ਿਸ਼ ਥਿਊਰੀਆਂ, ਫੇਕ ਨਿਊਜ਼ ਅਤੇ ਪ੍ਰਚਾਰ ਸੂਚਨਾਵਾਂ ਦਾ ਹੜ੍ਹ ਲਿਆ ਦਿੱਤਾ। ਇਹ ਹੁਣ ਸਿਆਸੀ-ਸੱਭਿਆਚਾਰਕ ਜੰਗ ਦਾ ਰੂਪ ਲੈ ਚੁੱਕਾ ਹੈ ਜਿਸ ਵਿਚ ਖ਼ੁਦ ਤੋਂ ਵਖਰੇਵੇਂ ਵਾਲਿਆਂ ਲਈ ਦੁਜੈਲਾਪਣ, ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ, ਉਨ੍ਹਾਂ ਨੂੰ ਸੱਭਿਆਚਾਰਕ ਤੌਰ ’ਤੇ ਹੀਣਾ ਮਹਿਸੂਸ ਕਰਵਾਉਣ ਅਤੇ ਉਨ੍ਹਾਂ ਨੂੰ ਸਾਂਝੇ ਸਾਧਨਾਂ ਤੇ ਸਾਂਝੀ ਚੇਤਨਾ ਦੇ ਘੇਰਿਆਂ ਵਿਚੋਂ ਬਾਹਰ ਧੱਕਣ ਦਾ ਕਾਰਜ ਲਗਾਤਾਰ ਜਾਰੀ ਹੈ।
ਮਨੁੱਖੀ ਦਿਮਾਗ ਅਤੇ ਮੀਡੀਆ ਉੱਪਰ ‘ਪੋਸਟ-ਟਰੁੱਥ’ ਦੇ ਪ੍ਰਭਾਵਾਂ ਬਾਰੇ ਲਗਾਤਾਰ ਖੋਜ ਕਰ ਰਹੇ ਚਿੰਤਕ ਅਤਾਨੂ ਬਿਸਵਾਸ ਦਾ ਕਹਿਣਾ ਹੈ ਕਿ ‘ਪੋਸਟ-ਟਰੁੱਥ’ ਇੱਕ ਤਰਾਂ੍ਹ ਨਾਲ ਸਮੂਹਿਕ ‘ਗੈਸ-ਲਾਈਟਿੰਗ’ (ਝੂਠ ਦਾ ਬਿਰਤਾਂਤ) ਵਰਤਾਰਾ ਹੈ ਜਿਸ ਵਿਚ ਤੱਥਾਂ ਅਤੇ ਸਚਾਈ ਬਾਰੇ ਭੰਬਲਭੂਸਾ ਪਾਉਣਾ, ਧੋਖੇ ਵਿਚ ਰੱਖਣਾ, ਤੱਥ ਤੋੜ-ਮਰੋੜ ਕੇ ਪੇਸ਼ ਕਰਨੇ ਅਤੇ ਸੱਚ ਨੂੰ ਪਰਦਿਆਂ ਥੱਲੇ ਕੱਜਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਭਾਵਨਾਤਮਿਕ ਉਲਾਰ, ਭੂਤਕਾਲ ਦੀ ਜੈ-ਜੈਕਾਰ, ਇਤਿਹਾਸ ਪ੍ਰਤੀ ਹੇਰਵਾ, ਸ਼ੋਸ਼ਣ ਕਰਨ ਵਾਲੀ ਧਿਰ ਦੁਆਰਾ ਖ਼ੁਦ ਨੂੰ ਹੀ ਪੀੜਤ ਸਾਬਤ ਕਰਨ ਦੀ ਦੌੜ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਸੂਚਨਾ ਤਕਨੀਕ ਦੀ ਕ੍ਰਾਂਤੀ ਅਤੇ ਵੈਬ: 2.0 ਦੇ ਇਸ ਦੌਰ ਵਿਚ ਲੋਕਾਈ ਦੀ ਜ਼ਿੰਦਗੀ ਸੌਖੀ ਕਰਨ ਦੀ ਥਾਂ ਗੂਗਲ ਅਤੇ ਵਟਸਐਪ ਯੂਨੀਵਰਸਿਟੀਆਂ ਦੁਆਰਾ ਪਾਲੇ-ਪਲੋਸੇ ‘ਪੋਸਟ-ਟਰੁੱਥ’ ਬਿਰਤਾਂਤ ਅਜਿਹੇ ‘ਈਕੋ ਚੈਂਬਰਾਂ’ (ਇਕਹਿਰਾ ਨਜ਼ਰੀਆ) ਦਾ ਨਿਰਮਾਣ ਕਰ ਰਹੇ ਹਨ ਜਿਸ ਵਿਚ ਸੱਚ, ਸਦਾਕਤ, ਜਮਹੂਰੀਅਤ ਅਤੇ ਬੌਧਿਕਤਾ ਘੁਟ ਘੁਟ ਕੇ ਦਮ ਤੋੜ ਰਹੀ ਹੈ।
ਸੰਪਰਕ: 98554-04330

Advertisement
Advertisement