ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

06:26 AM Dec 08, 2024 IST

ਕਮਾਲ ਦੀ ਲੇਖਣੀ

ਸਵਰਨ ਸਿੰਘ ਟਹਿਣਾ ਦੇ ਲੇਖ ‘ਆਰ ਮੁਹੱਬਤ ਪਾਰ ਮੁਹੱਬਤ’ ਨਾਲ ‘ਦਸਤਕ’ (1 ਦਸੰਬਰ) ਦਾ ਪਹਿਲਾ ਪੰਨਾ ਖ਼ੂਬਸੂਰਤ ਬਣ ਗਿਆ ਹੈ। ਲਾਹੌਰ ਵਿਖੇ ਮਾਂ-ਬੋਲੀ ਪੰਜਾਬੀ ਦੇ ਆਸ਼ਕਾਂ ਦੀ ਸੰਗਤ ਵਿੱਚ ਬਿਤਾਏ ਛੇ ਦਿਨਾਂ ਦੀਆਂ ਬਾਤਾਂ ਨੇ ਭਾਵੁਕ ਕਰ ਦਿੱਤਾ। ਪੂਰਾ ਬਿਰਤਾਂਤ ‘ਸੱਚੀਂ ਮਾਂ ਤਾਂ ਮਾਂ ਹੁੰਦੀ ਹੈ’ ਅਹਿਸਾਸ ਦੁਆਲੇ ਰਚਿਆ ਗਿਆ ਹੈ। ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਦੋਵੇਂ ਪਾਸੇ ਵੱਸਦੇ ਲੋਕਾਂ ਦੀ ਸਾਂਝ ਅਤੇ ਇੱਕ-ਦੂਜੇ ਪ੍ਰਤੀ ਖਿੱਚ ਨੂੰ ਲੇਖਕ ਨੇ ਜਿਸ ਤਰ੍ਹਾਂ ਸਮੇਟਿਆ ਹੈ, ਇੰਝ ਲੱਗਦਾ ਹੈ ਕਿ ਉਸ ਨੂੰ ਆਪਣੇ ਅਹਿਸਾਸਾਂ ਨੂੰ ਬਿਆਨਣ ਲਈ ਅਜੇ ਹੋਰ ਸਪੇਸ ਦੀ ਲੋੜ ਸੀ। ਖਾਸੀਅਤ ਇਹ ਕਿ ਲਿਖਣ ਵੇਲੇ ਵੀ ਟਹਿਣਾ ਦਾ ਲਹਿਜਾ ਉਹੋ ਹੈ ‘ਖਬਰ ਦੀ ਖ਼ਬਰ’ ਵਾਲਾ, ਬੜਾ ਦਿਲਚਸਪ। ਬੋਲੀ ਦੇ ਨਾਲ ਨਾਲ ਉਨ੍ਹਾਂ ਦੀ ਲੇਖਣੀ ਨੂੰ ਵੀ ਸਲਾਮ ਹੈ।
ਸ਼ੋਭਨਾ ਵਿਜ, ਪਟਿਆਲਾ

Advertisement

ਬਹਿਸ ਨਹੀਂ, ਰੌਲਾ-ਰੱਪਾ

ਐਤਵਾਰ, ਪਹਿਲੀ ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਕਿੱਥੋਂ ਲੱਭੇ ਜਾਣ ਸਵਾਲਾਂ ਦੇ ਜਵਾਬ...’ ਪੜ੍ਹਿਆ। ਇਸ ਵਿੱਚ ਦੱਸਿਆ ਹੈ ਕਿ ਸਿਆਸਤ ਨੂੰ ਦਿਸ਼ਾ ਦੇਣ ਵਾਲੀ ਪਾਰਲੀਮੈਂਟ ਕਿਸ ਤਰ੍ਹਾਂ ਸੌੜੀ ਸਿਆਸਤ ਦਾ ਅਖਾੜਾ ਬਣ ਗਈ ਹੈ, ਇਸ ਅੰਦਰ ਬਹਿਸਾਂ ਉਸਾਰੂ ਹੋਣ ਦੀ ਥਾਂ ਮਹਿਜ਼ ਰੌਲਾ ਰੱਪਾ ਹੋ ਨਿਬੜਦੀਆਂ ਹਨ। ਸੰਵੇਦਨਸ਼ੀਲ ਮੁੱਦੇ ਮਨੀਪੁਰ, ਸੰਭਲ, ਅਡਾਨੀ ’ਤੇ ਵਿਰੋਧੀ ਧਿਰ ਚਰਚਾ ਕਰਵਾਉਣ ਲਈ ਜ਼ੋਰ ਪਾਉਂਦੀ ਹੈ, ਪਰ ਕਿਸ ਉਦੇਸ਼ ਨਾਲ ਚੇਅਰਮੈਨ ਤੇ ਸਪੀਕਰ, ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੰਦੇ ਹਨ? ਸੰਵੇਦਨਸ਼ੀਲ ਮੁੱਦਿਆਂ ਦਾ ਜਵਾਬ ਸਰਕਾਰ ਨੂੰ ਵਿਰੋਧੀ ਧਿਰ ਕਾਰਨ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਦੇਣਾ ਚਾਹੀਦਾ ਹੈ। ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਜਾਣਨ ਅਤੇ ਸਰਕਾਰ ਵੱਲੋਂ ਕੀਤੇ ਗਏ ਹੱਲ ਦੀ ਜਾਣਕਾਰੀ ਹਾਸਲ ਕਰਨ ਦਾ ਪੂਰਾ ਅਧਿਕਾਰ ਹੈ। ਸਰਕਾਰ ਘੇਸਲ ਵੱਟੇਗੀ ਤਾਂ ਲੋਕਾਂ ਦੇ ਵਿਸ਼ਵਾਸ ਵਿੱਚ ਕਮੀ ਆਵੇਗੀ।
ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ

ਸਰਦਲ ’ਤੇ ਰੁਕੀ ਸੋਚ

ਐਤਵਾਰ, 10 ਨਵੰਬਰ ਦੇ ਅੰਕ ਵਿੱਚ ਅਰਵਿੰਦਰ ਜੌਹਲ ਨੇ ਸਿਆਸੀ ਸ਼ਗੂਫਿਆਂ ਵਿੱਚ ਔਰਤ ਪ੍ਰਤੀ ਸੋਚ ਨੂੰ ਪੇਸ਼ ਕਰਕੇ ਦੱਸਿਆ ਕਿ ਔਰਤ ਘਰ ਦੀ ਡਿਊਢੀ ਅੰਦਰ ਅੱਜ ਵੀ ਘਰੇਲੂ ਔਰਤ ਹੈ ਤੇ ਪਹਿਲਾਂ ਵੀ ਸੀ। ਇਸ ਸੋਚ ਬਾਰੇ ਬਹੁਤ ਕੁਝ ਲਿਖਿਆ ਵਿਚਾਰਿਆ ਜਾ ਚੁੱਕਾ ਹੈ, ਪਰ ਸੋਚ ਸਰਦਲ ਤੋਂ ਅੱਗੇ ਨਹੀਂ ਜਾਂਦੀ। ਔਰਤ ਪ੍ਰਤੀ ਸੋਚ ਵਿੱਚ ਸੁਧਾਰ ਤਾਂ ਕਾਫ਼ੀ ਹੈ, ਪਰ ਜੀਵ ਵਿਗਿਆਨਕ ਤੌਰ ’ਤੇ ਦੇਖੀਏ ਤਾਂ ਔਰਤ ਮਾਂ, ਪਤਨੀ ਅਤੇ ਸੱਸ ਵਗੈਰਾ ਦਾ ਰੁਤਬਾ ਸਾਂਭਦੀ ਹੈ। ਇਹ ਰੁਤਬਾ ਜ਼ਿੰਮੇਵਾਰੀ ਦਾ ਅਹਿਸਾਸ ਦਿੰਦਾ ਹੋਇਆ ਸਰਦਲ ਦੇ ਅੰਦਰ ਅਤੇ ਬਾਹਰ ਆਪਣੀ ਖ਼ੂਬਸੂਰਤੀ ਪੇਸ਼ ਕਰਦਾ ਹੀ ਰਹੇਗਾ। ਇੱਕ ਗੱਲ ਉਮਦਾ ਲਿਖੀ ਹੈ ਕਿ ਜੋ ਗੱਲ ਜਨਤਕ ਹੋ ਜਾਂਦੀ ਹੈ ਉਹ ਬਿਲਕੁਲ ਨਿੱਜੀ ਨਹੀਂ ਰਹਿੰਦੀ। ਇੰਦਰਾ ਨੂਈ ਦਾ ਵਾਰਤਾਲਾਪ ਭਵਿੱਖ ਬਾਰੇ ਬਹੁਤ ਕੁਝ ਕਹਿੰਦਾ ਹੈ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

Advertisement

ਸਿਰਮੌਰ ਲੇਖਕ ਖੁਸ਼ਵੰਤ ਸਿੰਘ

ਐਤਵਾਰ, 20 ਅਕਤੂਬਰ ਦਾ ‘ਦਸਤਕ’ ਅੰਕ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੀ ਲੇਖਣੀ ਅਤੇ ਜ਼ਿੰਦਗੀ ਨੂੰ ਸਮਰਪਿਤ ਰਿਹਾ। ਲੇਖ ‘ਦੋਸਤੀ ਦੀਆਂ ਦੋ ਸਲਾਈਆਂ’ ਅਤੇ ਸੁਰਜੀਤ ਕੌਰ ਸੰਧੂ ਦਾ ਲਿਖਿਆ ਲੇਖ ‘ਇੱਕ ਸ਼ਾਮ ਕਵਲ ਦੇ ਨਾਮ’ ਖੁਸ਼ਵੰਤ ਸਿੰਘ ਅਤੇ ਉਸ ਦੀ ਪਤਨੀ ਦੀ ਜ਼ਿੰਦਗੀ ’ਤੇ ਸੰਖੇਪ ਝਾਤ ਪਾਉਂਦਾ ਹੈ। ਦੋਵੇਂ ਰਚਨਾਵਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਖੁਸ਼ਵੰਤ ਸਿੰਘ ਹਮੇਸ਼ਾ ਸਕਾਰਾਤਮਕ ਸੋਚ ਦਾ ਧਾਰਨੀ ਰਿਹਾ। ਉਸ ਦੀ ਪਤਨੀ ਕਵਲ ਨੇ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਨਿਭਾਇਆ। ਦੋਵੇਂ ਸਿੱਖੀ ਸਰੂਪ ਨੂੰ ਪਸੰਦ ਕਰਦੇ, ਪਰ ਆਪਣੀਆਂ ਰਚਨਾਵਾਂ ਵਿੱਚ ਖੁਸ਼ਵੰਤ ਸਿੰਘ ਨੇ ਬਾਕੀ ਧਰਮਾਂ ਨੂੰ ਵੀ ਸਤਿਕਾਰ ਦਿੱਤਾ। ਉਹ ਹਰੇਕ ਧਰਮ, ਕੌਮ ਅਤੇ ਭਾਈਚਾਰੇ ਦਾ ਸਾਂਝਾ ਲੇਖਕ ਬਣਿਆ। ਉਹ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪੜ੍ਹੇ ਜਾਣ ਵਾਲੇ ਸਰਬੋਤਮ ਲੇਖਕਾਂ ਵਿੱਚ ਸ਼ੁਮਾਰ ਸੀ। ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਦਾ ਤਰਜਮਾ ਕਰਨ ਵਿੱਚ ਖੁਸ਼ਵੰਤ ਸਿੰਘ ਦਾ ਬਹੁਤ ਵੱਡਾ ਰੋਲ ਸੀ। ਅੰਮ੍ਰਿਤਾ ਪ੍ਰੀਤਮ ਦਾ ਨਾਵਲ ‘ਪਿੰਜਰ’ ਜੇਕਰ ਅੱਜ ਅੰਗਰੇਜ਼ੀ ਭਾਸ਼ਾ ਵਿੱਚ ਵੀ ਪੜ੍ਹਨ ਲਈ ਮਿਲਦਾ ਹੈ ਤਾਂ ਉਸ ਦਾ ਸਿਹਰਾ ਖੁਸ਼ਵੰਤ ਸਿੰਘ ਦੀ ਮਿਹਨਤ ਨੂੰ ਹੀ ਜਾਂਦਾ ਹੈ। ਖੁਸ਼ਵੰਤ ਸਿੰਘ ਵਰਗੇ ਸਿਰਮੌਰ ਲੇਖਕ ਅਤੇ ਦਰਿਆਦਿਲ ਇਨਸਾਨ ਕਦੇ ਹੀ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਪੂਰੀ ਦੁਨੀਆ ’ਚ ਮਨਵਾਇਆ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਦੁਨੀਆ ਵੱਲ ਖੁੱਲ੍ਹਦੀ ਤਾਕੀ

ਐਤਵਾਰ, 13 ਅਕਤੂਬਰ ਦੇ ਅੰਕ ਵਿੱਚ ਛਪੇ ਲੇਖਾਂ ਵਿੱਚੋਂ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਤੇਜ ਹੋਰਾਂ ਦੇ ਲੇਖ ‘ਪਿਰਾਮਿਡ ਤੋਂ ਪੈਗੋਡਿਆਂ ਤੱਕ...’ ਦੀ ਗੱਲ ਕਰਾਂਗਾ। ਜਦੋਂ ਵੀ ਤੇਜ ਹੋਰੀਂ ਇਸ ਅਖ਼ਬਾਰ ਵਿੱਚ ਹਾਜ਼ਰੀ ਲਗਵਾਉਂਦੇ ਹਨ ਤਾਂ ਇੱਕ ਤਾਕੀ ਖੁੱਲ੍ਹਦੀ ਹੈ ਜਿਸ ’ਚ ਪੰਜਾਬ ਤੇ ਪੂਰੀ ਦੁਨੀਆ ਨਾਲ ਜੁੜੇ ਸਾਹਿਤ ’ਤੇ ਝਾਤ ਪਵਾਈ ਜਾਂਦੀ ਹੈ। ਵਿਲੀਅਮ ਡੈਲਰਿੰਪਲ ਦੀ ਕਿਤਾਬ ‘ਦਿ ਗੋਲਡਨ ਰੋਡ’ ਬਾਰੇ ਲੇਖ ਵਿੱਚ ਇਹ ਪੜ੍ਹਦਿਆਂ ਹੈਰਾਨੀ ਹੁੰਦੀ ਹੈ ਕਿ ਭਾਰਤ ਦੀਆਂ ਉਪਜਾਂ ਤੇ ਬਣੀਆਂ ਵਸਤਾਂ ਕਿੱਥੇ ਕਿੱਥੇ ਤੱਕ ਪਹੁੰਚੀਆਂ। ਢਾਕੇ ਦੀ ਮਲਮਲ ’ਤੇ ਪਾਬੰਦੀ ਲਾਉਣ ਦਾ ਜ਼ਿਕਰ ਵੀ ਬੜਾ ਰੋਚਕ ਹੈ।
ਸਿਕੰਦਰ ਨੂੰ ਬਲੋਚਿਸਤਾਨ ਵਿੱਚ ਤੀਹ ਹਜ਼ਾਰ ਫ਼ੌਜੀਆਂ ਦਾ ਨੁਕਸਾਨ ਹੋਇਆ। ਇਹ ਗੱਲ ਜਾਣਨੀ ਇਸ ਲਈ ਅਜੀਬ ਲੱਗੀ ਕਿ ਉਸ ਵੇਲੇ ਬਲੋਚੀ ਬੁੱਧ ਮੱਤ ਦੇ ਅਨੁਯਾਈ ਸਨ।
ਸੁਰਿੰਦਰ ਸਿੰਘ ਓਬਰਾਏ, ਫ਼ਰੀਦਾਬਾਦ

ਖਿਮਾ ਦਾਨ ਤੇ ਸਿੱਖ ਨੇਤਾ

ਐਤਵਾਰ, 22 ਸਤੰਬਰ 2024 ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਸੋਚ ਸੰਗਤ’ ਪੰਨੇ ’ਤੇ ਛਪਿਆ ਗੁਰਦੇਵ ਸਿੰਘ ਸਿੱਧੂ ਦਾ ਲੇਖ ਪੜ੍ਹਿਆ। ਲੇਖਕ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਜੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਅੰਗਰੇਜ਼ੀ ਹਕੂਮਤ ਅਤੇ ਮਹੰਤਾਂ ਕੋਲੋਂ ਲੈਣ ਲਈ ਸਿੱਖ ਸੰਗਤਾਂ ਦੇ ਸੰਘਰਸ਼ ਨੂੰ ਗਾਗਰ ਵਿੱਚ ਸਾਗਰ ਭਰ ਕੇ ਪੇਸ਼ ਕੀਤਾ। ਆਪਣੇ ਛੋਟੇ ਜਿਹੇ ਲੇਖ ਵਿੱਚ ਉਨ੍ਹਾਂ ਨੇ 1920 ਤੱਕ ਮਹੰਤਾਂ ਵੱਲੋਂ ‘ਅਖੌਤੀ’ ਨੀਵੀਆਂ ਜਾਤੀਆਂ ਦੇ ਸਿੱਖਾਂ ਦੇ ਭੇਟ ਕੀਤੇ ਕੜਾਹ ਪ੍ਰਸ਼ਾਦ ਨੂੰ ਪ੍ਰਵਾਨ ਨਾ ਕਰਨ, ਮਾਸਟਰ ਤਾਰਾ ਸਿੰਘ ਅਤੇ ਪ੍ਰਿੰਸੀਪਲ ਜਥੇਦਾਰ ਤੇਜਾ ਸਿੰਘ ਦੀ ਭੂਮਿਕਾ ਦਾ ਵਰਣਨ ਕੀਤਾ। ਇਸ ਦੇ ਨਾਲ ਹੀ ਮਹਾਰਾਜਾ ਪਟਿਆਲਾ ਦੀ ਅਗਵਾਈ ਵਿੱਚ ਬਣੀ ਕਮੇਟੀ ਦਾ ਜ਼ਿਕਰ ਕਰਕੇ ਇਹ ਜ਼ਿਕਰ ਵੀ ਕੀਤਾ ਕਿ ਸਿੱਖ ਪੰਥ ਵਿੱਚ ਹਮੇਸ਼ਾ ਤੋਂ ਹੀ ਸਰਕਾਰ ਦੇ ਹਮਾਇਤੀ ਤੇ ਪੰਥ ਦੇ ਵਿਰੋਧੀ ਨੇਤਾ ਮੌਜੂਦ ਰਹੇ ਹਨ। ਅਜਿਹੇ ਮੌਕਾਪ੍ਰਸਤ ਨੇਤਾ ਮਹੱਤਵਪੂਰਨ ਅਹੁਦਿਆਂ ’ਤੇ ਪਹੁੰਚਣ ਵਿੱਚ ਵੀ ਕਾਮਯਾਬ ਹੋ ਜਾਂਦੇ ਹਨ ਤੇ ਮੌਕਾ ਆਉਣ ’ਤੇ ਆਪਣੇ ਨਿੱਜੀ ਸਵਾਰਥ ਪੰਥ ਦੇ ਹਿੱਤਾਂ ਤੋਂ ਉੱਪਰ ਰੱਖਦੇ ਹਨ। ਲੇਖਕ ਨੇ ਸਿੱਖ ਸਿਆਸਤ ਵਿੱਚ ਪੰਥਕ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਭੁੱਲਾਂ ਬਖ਼ਸ਼ਾ ਲੈਣ ਦੀ ਪਿਰਤ ਅਤੇ ਖਾਲਸੇ ਵੱਲੋਂ ਦਰਿਆਦਿਲੀ ਦਿਖਾਉਂਦਿਆਂ ਤਨਖ਼ਾਹੀਆ ਕਰਾਰ ਦੇਣ ਦੇ ਬਾਵਜੂਦ ਵੱਡੇ ਅਹੁਦੇ ਨਾਲ ਨਿਵਾਜਣ ਦਾ ਇਤਿਹਾਸਕ ਹਵਾਲਾ ਦੇ ਕੇ ਸਿੱਖ ਸੰਗਤਾਂ ਨੂੰ ਹਲੂਣਾ ਦਿੱਤਾ ਹੈ।
ਜੁਪਿੰਦਰਜੀਤ ਸਿੰਘ ਦਾ ਲੇਖ ‘ਸ਼ਹੀਦ ਭਗਤ ਸਿੰਘ ਦਾ ਪਿਸਤੌਲ’ ਵੀ ਬਹੁਤ ਵਧੀਆ ਲੱਗਾ। ਲੇਖਕ ਦੀ ਖੋਜੀ ਪੱਤਰਕਾਰੀ ਨੇ ਹੀ ਪਿਸਤੌਲ ਦਾ ਸਰਕਾਰੀ ਰਿਕਾਰਡ ਲੱਭ ਲਿਆ, ਨਹੀਂ ਤਾਂ ਇਸ ਨੇ ਅਣਗੌਲਿਆ ਹੀ ਕਿਤੇ ਸਰਕਾਰੀ ਰਿਕਾਰਡ ਵਿੱਚ ਪਿਆ ਰਹਿਣਾ ਸੀ।
ਗੁਰਦੀਪ ਸਿੰਘ ਲੈਕਚਰਾਰ, ਰਾਮਪੁਰਾ ਫੂਲ (ਬਠਿੰਡਾ)

Advertisement