ਪਾਠਕਾਂ ਦੇ ਖ਼ਤ
ਗ੍ਰਹਿ ਮੰਤਰੀ ਦੀ ਟਿੱਪਣੀ ਨਿੰਦਣਯੋਗ
19 ਦਸੰਬਰ ਦੀ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਭਾਰਤ ਦੇਸ਼ ਅੰਦਰ ਹਾਸ਼ੀਏ ’ਤੇ ਧੱਕੇ ਸਮਾਜ ਜਾਂ ਦਲਿਤ ਸਮਾਜ ਦਾ ਅਪਮਾਨ ਹੈ ਕਿਉਂਕਿ ਭਾਰਤ ਵਰਗੇ ਦੇਸ਼ ਅੰਦਰ ਜਦੋਂ ਬਾਬਾ ਸਾਹਿਬ ਦਾ ਜਨਮ ਹੋਇਆ ਤਾਂ ਸਮਾਜ ਜਾਤ-ਪਾਤ ਛੂਤਛਾਤ ਦੇ ਕੋਹੜ ਵਿੱਚ ਗ੍ਰਸਤ ਸੀ। ਬਾਬਾ ਸਾਹਿਬ ਨੇ ਉਸ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਪਰ ਲੱਖ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੇ ਉੱਚ ਪੱਧਰੀ ਸਿੱਖਿਆ ਹਾਸਿਲ ਕੀਤੀ ਤੇ ਸਿੱਧ ਕਰ ਦਿੱਤਾ ਕਿ ਜਾਤ ਦੇ ਆਧਾਰ ’ਤੇ ਕਿਸੇ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ। ਜਿਸ ਮਨੁੱਖ ਨੇ ਆਪਣਾ ਪੂਰਾ ਜੀਵਨ ਦੱਬੇ-ਕੁਚਲੇ, ਜਾਤ-ਪਾਤ ਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਜੀਵਨ ਨੂੰ ਸਨਮਾਨਯੋਗ ਬਣਾਉਣ ਲਈ ਸਮਰਪਿਤ ਕਰ ਦਿੱਤਾ ਹੋਵੇ, ਉਨ੍ਹਾਂ ਪ੍ਰਤੀ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਨਿੰਦਣਯੋਗ ਤੇ ਸੰਘਰਸ਼ਮਈ ਜੀਵਨ ਜਿਊਣ ਵਾਲੇ ਸਮਾਜ ਦੇ ਰਹਿਬਰਾਂ ਦਾ ਅਪਮਾਨ ਹੈ। ਇਸ ਤੋਂ ਤਾਂ ਲੱਗਦਾ ਹੈ ਕਿ ਅੱਜ 21ਵੀਂ ਸਦੀ ਵਿੱਚ ਵੀ ਸਾਡੇ ਦਿਮਾਗ਼ ਅੰਦਰ ਜਾਤੀ ਨੂੰ ਲੈ ਕੇ ਨਫ਼ਰਤ ਹੈ ਕਿਉਂਕਿ ਅਸੀਂ ਦੇਸ਼ ਦੇ ਸਰਵੋਤਮ ਸਦਨ ਵਿੱਚ ਕਿਸੇ ਮਹਾਨ ਮਨੁੱਖ ਬਾਰੇ ਬਹੁਤ ਹਲਕੀ ਟਿੱਪਣੀ ਕਰ ਰਹੇ ਹਾਂ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ
(2)
19 ਦਸੰਬਰ ਦੀ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਪੜ੍ਹਿਆ। ਡਾਕਟਰ ਬਾਬਾ ਸਾਹਿਬ ਅੰਬੇਡਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਰਾਜ ਸਭਾ ਵਿੱਚ ਬੋਲਣ ਦਾ ਲਹਿਜਾ ਕਿਸੇ ਵੀ ਲਿਹਾਜ਼ ਨਾਲ ਉਨ੍ਹਾਂ ਪ੍ਰਤੀ ਸਤਿਕਾਰ ਨਹੀਂ ਦਿਖਾਉਂਦਾ ਬਲਕਿ ਉਨ੍ਹਾਂ ਪ੍ਰਤੀ ਨਫ਼ਰਤ ਦਾ ਝਾਉਲਾ ਪਾਉਂਦਾ ਹੈ। ਸਹੀ ਲਿਖਿਆ ਹੈ ਕਿ ਅਮਿਤ ਸ਼ਾਹ ਦੇ ਸ਼ਬਦ ਅੰਬੇਡਕਰ ਸਾਹਿਬ ਦਾ ਅਕਸ ਪੇਤਲਾ ਕਰਦੇ ਹਨ। ਦਰਅਸਲ ਸੱਤਾਧਾਰੀ ਸਿਆਸੀ ਪਾਰਟੀ ਦੇ ਸਿਆਸਤਦਾਨ ਉਸ ਵਿਚਾਰਧਾਰਾ ਦੇ ਹਨ ਜਿਸ ਦੇ ਵਿਰੁੱਧ ਬਾਬਾ ਸਾਹਿਬ ਨੇ ਲੜਾਈ ਲੜ ਕੇ ਦੇਸ਼ ਦੇ ਸਦੀਆਂ ਤੋਂ ਨਰਕ ਭੋਗਦੇ ਦਲਿਤਾਂ ਨੂੰ ਧਰਤੀ ’ਤੇ ਸਵਰਗ ਦਾ ਰਾਹ ਖੁੱਲ੍ਹਵਾਇਆ। ਸਮਾਜ ਦੀਆਂ ਦੱਬੀਆਂ-ਕੁਚਲੀਆਂ ਸ਼੍ਰੇਣੀਆਂ ਦੇ ਮਸੀਹਾ ਹੀ ਨਹੀਂ ਬਲਕਿ ਸੰਵਿਧਾਨ ਰਚੇਤਾ ਬਾਰੇ ਕਿਸੇ ਦਾ ਵੀ ਮਖੌਲੀਆ ਸੰਬੋਧਨ ਨਿੰਦਣਯੋਗ ਹੈ। ਅਜਿਹੀ ਭਾਸ਼ਾ ਸਦਨ ਦੇ ਅਕਸ ਨੂੰ ਵੀ ਢਾਹ ਲਾਉਂਦੀ ਹੈ ਅਤੇ ਦੁਨੀਆ ਸਾਹਮਣੇ ਸਾਡੇ ‘ਮਾਨਵੀ ਚਿਹਰੇ’ ਨੂੰ ਵੀ ਖਿੱਲੀ ਦਾ ਪਾਤਰ ਬਣਾਉਂਦੀ ਹੈ।
ਜਗਰੂਪ ਸਿੰਘ, ਉੱਭਾਵਾਲ
ਇਨਸਾਫ਼ ਦੀ ਲੋੜ
ਅਸੀਂ ਅਤੁਲ ਸੁਭਾਸ਼ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਡੀ ਕੇਂਦਰ ਸਰਕਾਰ ਉਸ ਨੂੰ ਨਿਆਂ ਜ਼ਰੂਰ ਦੇਵੇਗੀ। ਇੱਕ ਵੱਡੀ ਨਮੋਸ਼ੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਸਿਆਸਤ ਵਿੱਚ ਮਰਦ ਆਗੂਆਂ ਦੀ ਗਿਣਤੀ ਸਭ ਤੋਂ ਵੱਧ ਹੋਣ ਦੇ ਬਾਵਜੂਦ ਅੱਜ ਤਕ ਮਰਦਾਂ ਨੂੰ ਇਨਸਾਫ਼ ਦੇਣ ਲਈ ਕੋਈ ਕਾਨੂੰਨ ਨਹੀਂ ਬਣਾਇਆ ਗਿਆ। ਭਾਵੇਂ ਦੇਰ ਹੋ ਜਾਵੇ, ਅਸੀਂ ਸਰਕਾਰ ਅਤੇ ਨਿਆਂਪਾਲਿਕਾ ਤੋਂ ਉਮੀਦ ਕਰਦੇ ਹਾਂ ਕਿ ਦੇਸ਼ ਦੇ ਸਾਰੇ ਮਰਦਾਂ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਪੀੜਤ ਮਰਦਾਂ ਨੂੰ ਇਨਸਾਫ਼ ਮਿਲ ਸਕੇ।
ਦੀਪਕ ਸ਼ਰਮਾ, ਚੰਡੀਗੜ੍ਹ
ਲਾਰੈਂਸ ਦਾ ਇੰਟਰਵਿਊ
ਜੇਲ੍ਹ ਅੰਦਰ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਲਾਈਵ ਇੰਟਰਵਿਊ ਨੇ ਗੈਂਗਸਟਰ ਗਰੁੱਪ ਦੇ ਸੂਬੇ ’ਚ ਹੌਸਲੇ ਐਨੇ ਵਧਾਏ ਕਿ ਸ਼ਾਂਤੀ ਲਈ ਅੱਜ ਤੱਕ ਪੁਲੀਸ ਤੰਤਰ ਪੱਬਾਂ ਭਾਰ ਹੈ। ਹਕੀਕਤ ’ਚ ਪੰਜਾਬ ਪੁਲੀਸ ਸਮੁੱਚੀ ਇਨਸਾਫ਼ ਪ੍ਰਕਿਰਿਆ ਦੀ ਪਹਿਲੀ ਪੌੜੀ ਹੈ, ਜਿਸ ਦੀ ਰਿਪੋਰਟ ’ਤੇ ਹੀ ਅਦਾਲਤ ’ਚ ਜਿਰ੍ਹਾ ਕਰ ਕੇ ਅਜੋਕੇ ਫ਼ੈਸਲੇ ਹੁੰਦੇ ਹਨ। ਮੁੱਢਲੇ ਪੁਲੀਸ ਤਫ਼ਤੀਸ਼ ਅਫਸਰ ਨੂੰ ਪੱਕਾ ਪਤਾ ਹੁੰਦਾ ਹੈ ਕਿ ਵਾਰਦਾਤ ਦੀ ਹਕੀਕਤ ਕੀ ਹੈ; ਪ੍ਰੰਤੂ ਵੱਡਿਆਂ ਵੱਲੋਂ ਅਕਸਰ ਦਰਜ਼ੀ ਵਾਂਗ ਕੈਂਚੀ ਵਰਤੀ ਜਾਂਦੀ ਹੈ। ਬਰਖ਼ਾਸਤ ਡੀਐੱਸਪੀ ਤਾਂ ਸਿਰਫ਼ ਬਲੀ ਦਾ ਬੱਕਰਾ ਹੈ, ਭਾਈਵਾਲ ਤਾਂ ਪ੍ਰਾਈਵੇਟ ਟੀਵੀ ਚੈਨਲ ਅਤੇ ਜੇਲ੍ਹ ਅਮਲਾ ਵੀ ਹੈ।
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਪੰਜਾਬ ਵਰਸਿਜ਼ ਪੰਜਾਬ
ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਸੋਸ਼ਲ ਮੀਡੀਆ ’ਤੇ ਪੰਜਾਬੀ ਦੇ ਸਪੈਲਿੰਗ Punjab ਦੀ ਬਜਾਇ Panjab ਲਿਖੇ ਜਾਣ ਦੀ ਨਿੰਦਾ ਕਰਨਾ ਜਾਇਜ਼ ਨਹੀਂ, ਸਗੋਂ ਦੋਸਾਂਝ ਸਹੀ ਹੈ ਕਿਉਂਕਿ Punjab ਨੂੰ ਤਾਂ ਬਿਗਾਨੇ ਸਾਰੇ ਲੋਕ ਪੁੰਜਾਬ ਪੜ੍ਹਨਗੇ, ਜਦੋਂਕਿ Panjab ਨੂੰ 100 ਫ਼ੀਸਦੀ ਲੋਕ ਪੰਜਾਬ ਹੀ ਪੜ੍ਹਨਗੇ! ਭਾਰਤ ’ਚੋਂ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਅੰਗਰੇਜ਼ੀ ਵਿੱਚ ਠੀਕ ਕਰਕੇ ਭਟਿੰਡਾ ਨੂੰ ਬਠਿੰਡਾ ਅਤੇ ਜੁਲੁੰਧਰ ਨੂੰ ਜਲੰਧਰ, ਬੰਬੇ ਨੂੰ ਮੁੰਬਈ ਲਿਖਿਆ ਗਿਆ ਹੈ ਤਾਂ ਦਿਲਜੀਤ ਦਾ ਪੁੰਜਾਬ ਨੂੰ ਪੰਜਾਬ ਲਿਖਣਾ ਕੀ ਬੁਰਾ ਹੈ? ਚੰਗਾ ਹੈ ਇਨ੍ਹਾਂ ਨਿੰਦਕਾਂ ਨੇ ਦੋਸਾਂਝ ਨੂੰ ਦਿਲਜੀਤ ਦੀ ਬਜਾਇ ਦਲਜੀਤ ਲਿਖਣ ਲਈ ਨਾ ਕਿਹਾ! ਜਦੋਂਕਿ ਦਿਲਜੀਤ ਦਾ ਮਤਲਬ ਲੋਕਾਂ ਦੇ ਦਿਲ ਜਿੱਤਣਾ ਸਹੀ ਹੈ! ਅਮਰੀਕਨ ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਦੁਆਰਾ punjab ਨੂੰ pnjab ਲਿਖਣਾ ਗ਼ਲਤ ਕਿਵੇਂ ਹੋਇਆ ਭਾਵੇਂ ਅੰਗਰੇਜਾਂ ਦੀ ਅੰਗਰੇਜ਼ੀ ਭਾਸ਼ਾ ਦੇ ਵਿਅੰਜਨ ਅੱਖਰਾਂ ਵਿਚਕਾਰ vowel ਹੋਣਾ ਲਾਜ਼ਮੀ ਤਾਂ ਹੈ ਲੇਕਿਨ ਹੈ ਮੁਸ਼ਕਿਲਾਂ ਪੈਦਾ ਕਰਨ ਵਾਲਾ!
ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਦੀਸਾਨਾਇਕੇ ਦਾ ਦੌਰਾ
18 ਦਸੰਬਰ ਨੂੰ ਨਿਰੂਪਮਾ ਸੁਬਰਾਮਣੀਅਮ ਦਾ ਲੇਖ ‘ਦੀਸਾਨਾਇਕੇ ਦਾ ਦੌਰਾ ਤੈਅ ਕਰੇਗਾ ਭਾਰਤ-ਸ੍ਰੀਲੰਕਾ ਸਬੰਧ’ ਪੜ੍ਹ ਕੇ ਇਉਂ ਮਹਿਸੂਸ ਹੋਇਆ ਜਿਵੇਂ ਭਾਰਤ ਦੇ ਧੁਰ ਦੱਖਣ ਵੱਲ ਪੈਂਦੇ ਹਿੰਦ ਮਹਾਸਾਗਰੀ ਗੁਆਂਢੀ ਸ੍ਰੀਲੰਕਾ ਵੱਲੋਂ ਹਵਾ ਦਾ ਠੰਢਾ ਬੁੱਲ੍ਹਾ ਆਇਆ ਹੋਵੇ। ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਬਿਆਨ ਕਿ ਆਪਣੀ ਸਰਜ਼ਮੀਨ ਦੀ ਅਜਿਹੀ ਵਰਤੋਂ ਨਹੀਂ ਕਰਨਾ ਚਾਹੁੰਦਾ, ਜਿਸ ਨਾਲ ਭਾਰਤ ਨੂੰ ਨੁਕਸਾਨ ਹੋਵੇ, ਬਹੁਤ ਹੀ ਅਹਿਮੀਅਤ ਰੱਖਦਾ ਹੈ। ਉਹ ਪਹਿਲਾਂ ਭਾਰਤ ਆਇਆ ਹੈ, ਹੁਣ ਚੀਨ ਜਾਵੇਗਾ ਤੇ ਉੱਥੋਂ ਦੇ ਸਾਂਝੇ ਬਿਆਨ ਨਾਲ ਇਸ ਬਿਆਨ ਦੀ ਸਚਾਈ ਸਾਹਮਣੇ ਆ ਜਾਵੇਗੀ। ਚੀਨ, ਪਾਕਿਸਤਾਨ ਅਤੇ ਸ੍ਰੀਲੰਕਾ ਸਾਡੇ ਅਹਿਮ ਗੁਆਂਢੀ ਹਨ। ਦੁੱਖ ਤਾਂ ਇਹ ਹੈ ਕਿ ਇੱਕ ਹੀ ਦੇਸ਼ ਦੇ ਦੋ ਟੋਟੇ ਅੱਜ ਇੱਕ ਦੂਜੇ ਪ੍ਰਤੀ ਸੁਖਾਵੇਂ ਸਬੰਧਾਂ ਵਿੱਚ ਨਹੀਂ ਵਿਚਰ ਰਹੇ। ਜਦੋਂ ਗੁਆਂਢੀ ਨਹੀਂ ਬਦਲ ਸਕਦੇ ਤਾਂ ਲੋਕਾਂ ਦੀ ਭਲਾਈ ਲਈ ਗੁਆਂਢੀਆਂ ਨੂੰ ਚੰਗੇ ਰਿਸ਼ਤੇ ਬਣਾਉਣ ਵੱਲ ਹੀ ਆਪਣੀ ਰਾਜਨੀਤੀ ਦੇ ਸਟੀਅਰਿੰਗ ਨੂੰ ਘੁਮਾਉਣਾ ਚਾਹੀਦਾ ਹੈ। ਯੂਕਰੇਨ ਨੇ ਨਾਟੋ ਦੇ ਧੱਕੇ ਚੜ੍ਹ ਕੇ ਆਪਣੇ ਦੇਸ਼ ਦਾ ਕਿੰਨਾ ਘਾਣ ਕਰਾਇਆ ਹੈ, ਅਜੇ ਵੀ ਇਸ ਦਾ ਅੰਤ ਨਹੀਂ ਹੋਇਆ। ਸੋਵੀਅਤ ਸੰਘ ਸਮੇਂ ਦੋਵੇਂ ਇੱਕ ਹੀ ਦੇਸ਼ ਦੇ ਹਿੱਸੇ ਸਨ।
ਯਸ਼ਪਾਲ ਮਾਨਵੀ, ਰਾਜਪੁਰਾ
ਲੇਖ ਵਧੀਆ ਲੱਗਾ
14 ਦਸੰਬਰ ‘ਸਤਰੰਗ’ ਪੰਨੇ ’ਤੇ ਅਸ਼ੋਕ ਬਾਂਸਲ ਮਾਨਸਾ ਦਾ ਲੇਖ ‘ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲ਼ਮ ਟੱਲੀਆਂ’ ਬਹੁਤ ਵਧੀਆ ਲੱਗਿਆ। ਸਚਮੁੱਚ ਹੀ ਲਾਲ ਚੰਦ ਯਮਲਾ ਦੇ ਗਾਏ ਗੀਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੁਲਾਰਾ ਦੇਣ ਵਾਲੇ ਹਨ। ਲੇਖਕ ਨੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ। ਉਨ੍ਹਾਂ ਦੇ ਗੀਤ ਉਸ ਸਮੇਂ ਦੇ ਪੇਂਡੂ ਗ਼ਰੀਬ ਕਿਸਾਨ ਅਤੇ ਮਜ਼ਦੂਰਾਂ ਦੇ ਤਰਸਯੋਗ ਹਾਲਾਤ ਦੀ ਬਾਤ ਪਾਉਂਦੇ ਹਨ। ਬਿਲਕੁਲ ਅਨਪੜ੍ਹ ਹੋਣ ਦੇ ਬਾਵਜੂਦ ਵੀ ਯਮਲੇ ਜੱਟ ਨੇ ਦਰਜਨਾਂ ਗੀਤ ਖ਼ੁਦ ਲਿਖੇ ਅਤੇ ਗਾਏ। ਤੂੰਬੀ ਦੀ ਕਾਢ ਦਾ ਸਿਹਰਾ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ। ਰਹਿੰਦੀ ਦੁਨੀਆ ਤੱਕ ਉਨ੍ਹਾਂ ਦੀ ਤੂੰਬੀ ਅਤੇ ਗੀਤ ਸਮਾਜ ਨੂੰ ਨਸੀਹਤ ਦਿੰਦੇ ਰਹਿਣਗੇ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)
ਜੱਜ ਦਾ ਆਚਰਣ
14 ਦਸੰਬਰ ਦੀ ਸੰਪਾਦਕੀ ‘ਜੱਜ ਦਾ ਆਚਰਣ’ ਬੇਬਾਕੀ ਅਤੇ ਦਲੀਲ ਨਾਲ ਲਿਖੀ ਗਈ ਹੈ। ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਗਲ ਸੈੱਲ ਵੱਲੋਂ ਲਗਾਈ ਇੱਕ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ‘ਇਹ ਹਿੰਦੁਸਤਾਨ ਹੈ ਅਤੇ ਦੇਸ਼ ਇੱਥੇ ਰਹਿਣ ਵਾਲੇ ਬਹੁਗਿਣਤੀ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਹੀ ਚਲੇਗਾ। ਇੱਥੇ ਓਹੀ ਸਵੀਕਾਰ ਹੋਵੇਗਾ ਜੋ ਬਹੁ-ਗਿਣਤੀ ਫ਼ਿਰਕੇ ਦੀ ਖੁਸ਼ੀ ਅਤੇ ਭਲਾਈ ਨੂੰ ਯਕੀਨੀ ਬਣਾਏਗਾ’। ਉਨ੍ਹਾਂ ਨੇ ਮੁਸਲਮਾਨਾਂ ਪ੍ਰਤੀ ਨਫ਼ਰਤੀ ਸ਼ਬਦ ਇਸਤੇਮਾਲ ਕਰਦਿਆਂ ਇਹ ਵੀ ਕਿਹਾ, ‘‘ਮੈਂ ਸੰਕਲਪ ਲੈਂਦਾ ਹਾਂ ਕਿ ਦੇਸ਼ ਯਕੀਨਨ ਸਾਂਝਾ ਸਿਵਲ ਕੋਡ ਜ਼ਰੂਰ ਬਣਾਏਗਾ ਅਤੇ ਇਹ ਛੇਤੀ ਲਾਗੂ ਹੋਵੇਗਾ।’’ ਚਾਹੀਦਾ ਤਾਂ ਇਹ ਸੀ ਕਿ ਅਜਿਹੀ ਫ਼ਿਰਕੂ ਅਤੇ ਪੱਖਪਾਤੀ ਮਾਨਸਿਕਤਾ ਰੱਖਣ ਵਾਲੇ ਜੱਜ ਨੂੰ ਤੁਰੰਤ ਹੀ ਬਰਖ਼ਾਸਤ ਕਰ ਕੇ ਉਸ ਉੱਤੇ ਫ਼ਿਰਕੂ ਨਫ਼ਰਤ ਅਤੇ ਹਿੰਸਾ ਫੈਲਾਉਣ ਦਾ ਕੇਸ ਦਰਜ ਕੀਤਾ ਜਾਂਦਾ। ਭਾਰਤੀ ਜਮਹੂਰੀਅਤ ਅਤੇ ਨਿਆਂ ਪ੍ਰਣਾਲੀ ਲਈ ਇਹ ਬੇਹੱਦ ਚਿੰਤਾਜਨਕ ਅਤੇ ਖ਼ਤਰਨਾਕ ਹੈ। ਇੱਕ ਜੱਜ ਵੱਲੋਂ ਕਿਸੇ ਫ਼ਿਰਕੂ ਸੰਗਠਨ ਦੇ ਸਿਆਸੀ ਪ੍ਰੋਗਰਾਮ ਵਿੱਚ ਭਾਗ ਲੈਣਾ ਅਤੇ ਇੱਕ ਵਿਸ਼ੇਸ਼ ਫ਼ਿਰਕੇ ਵਿਰੁੱਧ ਫ਼ਿਰਕੂ ਵਿਚਾਰਾਂ ਦਾ ਸ਼ਰੇਆਮ ਪ੍ਰਗਟਾਵਾ ਕਰਨਾ ਗ਼ੈਰ-ਸੰਵਿਧਾਨਕ ਅਤੇ ਅਪਰਾਧਿਕ ਹੈ। ਉੱਚ ਨਿਆਂਪਾਲਿਕਾ ਵੱਲੋਂ ਅਜਿਹੇ ਪੱਖਪਾਤੀ ਜੱਜਾਂ ਵਿਰੁੱਧ ਮਿਸਾਲੀ ਸਖ਼ਤ ਕਾਰਵਾਈ ਕਰਕੇ ਆਮ ਲੋਕਾਂ ਦਾ ਨਿਆਂਪਾਲਿਕਾ ਉੱਤੇ ਭਰੋਸਾ ਬਹਾਲ ਰੱਖਣਾ ਚਾਹੀਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ