For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

05:15 AM Dec 19, 2024 IST
ਪਾਠਕਾਂ ਦੇ ਖ਼ਤ
Advertisement

ਸਭ ਤੋਂ ਵੱਡੇ ਅੜਿੱਕੇ
17 ਦਸੰਬਰ ਦੇ ‘ਨਜ਼ਰੀਆ’ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਰਾਹੁਲ ਗਾਂਧੀ ਦੇ ਰਾਹ ਦੇ ਅੜਿੱਕੇ’ ਪੜਿ੍ਹਆ। ਲੇਖਕ ਨੇ ਪਾਠਕਾਂ ਨੂੰ ਉਹ ਸਭ ਦੱਸਿਆ ਹੈ ਜੋ ਹੋਣਾ ਚਾਹੀਦਾ ਹੈ, ਪਰ ਰਾਹੁਲ ਗਾਂਧੀ ਉਸ ਸਭ ਨੂੰ ਆਮ ਲੋਕਾਂ ਦੇ ਮੁੱਦੇ ਬਣਾਉਣ ਵਿੱਚ ਨਾਕਾਮ ਰਹਿੰਦਾ ਹੈ। ਉਹ ਅਡਾਨੀ ਨੂੰ ਪੂੰਜੀਪਤੀ ਵਿਵਸਥਾ ਦਾ ਪ੍ਰਤੀਕ ਮੰਨਦਾ ਹੈ, ਪਰ ਅਲੰਕਾਰਾਂ ਦੀ ਭਾਸ਼ਾ ਬੇਰੁਜ਼ਗਾਰ, ਕੱਟੜਪੰਥੀ, ਗ਼ਰੀਬ, ਦਿਹਾੜੀਦਾਰ ਆਦਿ ਵੱਡਾ ਵੋਟ ਬੈਂਕ ਨਹੀਂ ਸਮਝਦਾ। ਉਹ ਸੰਸਥਾਵਾਂ ਨੂੰ ਲੱਗਦੇ ਖੋਰੇ ਅਤੇ ਸੰਵਿਧਾਨ ਬਾਰੇ ਸੰਸਦ ਵਿੱਚ ਵੀ ਬੜਾ ਕੁਝ ਕਹਿੰਦਾ ਹੈ, ਪਰ ਸਾਡੇ ਸੰਸਦ ਮੈਂਬਰ, ਖ਼ਾਸਕਰ ਸੱਤਾਧਾਰੀ ਪਾਰਟੀ ਦੇ, ਉਸ ਸਭ ਕੁਝ ਨੂੰ ਅਣਗੌਲਿਆਂ ਕਰ ਰਹੇ ਹਨ। ਰਾਹੁਲ ਗਾਂਧੀ ਕੋਲ ਅਜਿਹੀ ਭਾਸ਼ਾ ਨਹੀਂ ਜਿਹੜੀ ਆਮ ਵੋਟਰਾਂ ਨੂੰ ਸਮਝ ਆਉਂਦੀ ਹੋਵੇ। ਅਜਿਹੀ ਭਾਸ਼ਣ ਕਲਾ ਵਿੱਚ ਵੀ ਉਸ ਦਾ ਹੱਥ ਤੰਗ ਹੈ ਜਿਹੜੀ ਉਸ ਨੂੰ ਵੋਟਰਾਂ ਨਾਲ ਯਕਦਮ ਜੋੜ ਦੇਵੇ। ਉਸ ਦੇ ਰਾਹ ਦੇ ਸਭ ਤੋਂ ਵੱਡੇ ਅੜਿੱਕੇ ਇਹੋ ਹਨ।
ਜਗਰੂਪ ਸਿੰਘ, ਉੱਭਾਵਾਲ

Advertisement


ਇੱਕ ਦੇਸ਼ ਇੱਕ ਚੋਣ
‘ਇੱਕ ਦੇਸ਼ ਇੱਕ ਚੋਣ’ ਸਚਮੁੱਚ ਹੈ ਤਾਂ ਲੋਕ ਸਭਾ ਅਤੇ ਵਿਧਾਨ ਸਭਾ ਲਈ ਬਹੁਤ ਵਧੀਆ ਕਿਉਂਕਿ ਇਸ ਤਰ੍ਹਾਂ ਖ਼ਰਬਾਂ ਰੁਪਏ ਦਾ ਚੋਣ ਖਰਚਾ ਘਟੇਗਾ ਪਰ ਅਜਿਹਾ ਰਾਸ਼ਟਰਪਤੀ ਪ੍ਰਣਾਲੀ ਰਾਹੀਂ ਹੋ ਸਕਦਾ ਹੈ, ਭਾਰਤੀ ਸੰਸਦੀ ਪ੍ਰਣਾਲੀ ਰਾਹੀਂ ਨਹੀਂ। ਇਸ ਗੱਲ ਦੀ ਸਮਝ ਨਹੀਂ ਕਿ ਅਗਲੀਆਂ ਲੋਕ ਸਭਾ ਚੋਣਾਂ 2029 ਵਿੱਚ ਹੋਣੀਆਂ ਹਨ ਜਦੋਂਕਿ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ। ਅਜਿਹੀਆਂ ਚੋਣਾਂ ਇੱਕੋ ਵਾਰੀ ਕਿਵੇਂ ਹੋਣਗੀਆਂ? ਦੋ ਸਾਲ ਲਈ ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾ ਕੇ ਵਿਧਾਨ ਸਭਾ ਮਿਆਦ ਦੋ ਸਾਲ ਵਧਾ ਕੇ? ਨਗਰ ਨਿਗਮ/ਕੌਂਸਲ ਚੋਣਾਂ ਵਗੈਰਾ ਤਾਂ ਰਾਜ ਸਰਕਾਰਾਂ ਦੇ ਅਧਿਕਾਰ ਹਨ। ਅਜਿਹਾ ਸੰਵਿਧਾਨ ਸੋਧ ਬਿੱਲ ਪਾਸ ਕਰਨ ਲਈ ਪੂਰਨ ਬਹੁਮਤ ਭਾਵ ਦੋ-ਤਿਹਾਈ ਸੰਸਦ ਮੈਂਬਰਾਂ ਅਤੇ ਅੱਧਿਉਂ ਵੱਧ ਵਿਧਾਨ ਸਭਾਵਾਂ ਦੇ ਸਮਰਥਨ ਬਿਨਾਂ ਸੰਭਵ ਨਹੀਂ। ਸੁਆਲ ਇਹ ਵੀ ਹੈ ਕਿ ਇਕੱਠੀਆਂ ਚੋਣਾਂ ਹੋਣ ਦੀ ਸੂਰਤ ਵਿੱਚ ਆਮ ਵੋਟਰ ਤਿੰਨ ਚੋਣ ਨਿਸ਼ਾਨ ਯਾਦ ਕਿਵੇਂ ਰੱਖਣਗੇ?
ਗੁਰਮੁਖ ਸਿੰਘ ਪੋਹੀੜ, ਲੁਧਿਆਣਾ

Advertisement


ਪੁਰਾਣਾ ਅਤੇ ਨਵਾਂ ਰਵੱਈਆ
12 ਤਰੀਕ ਦੇ ਨਜ਼ਰੀਆ ਪੰਨੇ ’ਤੇ ਸ੍ਰੀ ਅਜਾਇਬ ਸਿੰਘ ਟਿਵਾਣਾ ਦਾ ‘ਪੁੱਤ ਦਾ ਮੁੱਲ’ ਲੇਖ ਵਿੱਚ ਲੇਖਕ ਨੇ ਪੁਰਾਣੇ ਅਤੇ ਨਵੇਂ ਰਵੱਈਏ ਦੀ ਚਰਚਾ ਕੀਤੀ ਹੈ। ਮੇਰੇ ਖ਼ਿਆਲ ਅਨੁਸਾਰ ਦੋਹਾਂ ਰਵੱਈਆਂ ਵਿੱਚ ਕਈ ਗੁਣ ਅਤੇ ਕਈ ਖ਼ਾਮੀਆਂ ਹਨ। ਪੁਰਾਣੇ ਰਵੱਈਏ ਦੀ ਖ਼ੂਬੀ ਇਹ ਸੀ ਕਿ ਉਹ ਸੰਗਠਨਾਤਮਕ ਅਤੇ ਪ੍ਰੰਪਰਾਵਾਦੀ ਸੀ, ਜਿਸ ਨਾਲ ਸਮਾਜ ਵਿੱਚ ਇੱਕ ਢਾਂਚਾ ਬਣਿਆ। ਪਰ ਇਹ ਕਈ ਵਾਰ ਤਰੱਕੀ ਨੂੰ ਰੋਕਦਾ ਹੈ। ਨਵਾਂ ਰਵੱਈਆ ਜ਼ਰੂਰ ਨਵੀਂ ਸੋਚ ਲਿਆਉਂਦਾ ਹੈ ਅਤੇ ਯੁੱਗ ਦੇ ਹਾਲਾਤ ਅਨੁਸਾਰ ਹੈ, ਪਰ ਕਈ ਵਾਰ ਇਹ ਪੁਰਾਣੇ ਮੁੱਲਾਂ ਅਤੇ ਸਿਧਾਂਤਾਂ ਨੂੰ ਪਿੱਛੇ ਛੱਡ ਦਿੰਦਾ ਹੈ, ਜਿਸ ਨਾਲ ਸਮਾਜਿਕ ਸੰਤੁਲਨ ਵਿਗੜ ਸਕਦਾ ਹੈ। ਮੇਰੀ ਨਿੱਜੀ ਰਾਏ ਇਹ ਹੈ ਕਿ ਪੁਰਾਣੇ ਅਤੇ ਨਵੇਂ ਦੋਹਾਂ ਰਵੱਈਆਂ ਦਾ ਸਮਰਥਨ ਕਰਦੇ ਹੋਏ ਇੱਕ ਸੰਤੁਲਿਤ ਪਹੁੰਚ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ। ਕਈ ਹਾਲਾਤ ਵਿੱਚ ਪੁਰਾਣੀ ਸਿਧਾਂਤਵਾਦੀ ਪਹੁੰਚ ਸਹੀ ਰਹੇਗੀ, ਜਦੋਂਕਿ ਕਈ ਸਥਿਤੀਆਂ ਵਿੱਚ ਨਵੀਂ ਸੋਚ ਦੀ ਲੋੜ ਪਵੇਗੀ।
ਕੁਲਵੰਤ ਰਾਏ ਵਰਮਾ, ਈ-ਮੇਲ


ਭੁੱਖ ਹੜਤਾਲ ’ਤੇ ਡਟੇ ਕੰਪਿਊਟਰ ਅਧਿਆਪਕ
ਪੰਜਾਬੀ ਟ੍ਰਿਬਿਊਨ ਦੇ 8 ਦਸੰਬਰ ਦੇ ਅੰਕ ਵਿੱਚ ‘98 ਦਿਨਾਂ ਤੋਂ ਭੁੱਖ ਹੜਤਾਲ ’ਤੇ ਡਟੇ ਨੇ ਕੰਪਿਊਟਰ ਅਧਿਆਪਕ’ ਖ਼ਬਰ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ 1.12.2011 ਨੂੰ ਜਾਰੀ ਹੋਏ ਵਿੱਤ ਵਿਭਾਗ ਦੇ ਸਰਕੁਲਰ ਅਨੁਸਾਰ ਅਜੇ ਤਕ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਵਿੱਤ ਵਿਭਾਗ ਨੇ ਸਰਕੁਲਰ ਅਨੁਸਾਰ ਸਿਵਲ ਸਰਵਿਸ ਰੂਲ ਲਾਗੂ ਕੀਤੇ ਹਨ ਅਤੇ ਨਾ ਹੀ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਹਨ। ਹੁਣ ਤਕ ਲਗਭਗ 103 ਕੰਪਿਊਟਰ ਅਧਿਆਪਕਾਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ। ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ’ਤੇ ਨਾ ਨੌਕਰੀ ਅਤੇ ਨਾ ਹੀ ਮੁਆਵਜ਼ਾ ਦਿੱਤਾ ਗਿਆ ਹੈ। ਇਨ੍ਹਾਂ ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਹੁਣੇ ਤਰਜੀਹੀ ਆਧਾਰ ’ਤੇ ਵੱਖ-ਵੱਖ ਵਿਭਾਗਾਂ ਵਿੱਚ ਦਿੱਤੀ ਗਈ ਹੈ। ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਹਮਦਰਦੀ ਨਾਲ ਵਿਚਾਰ ਕਰਕੇ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਗੋਵਿੰਦਰ ਜੱਸਲ, ਸੰਗਰੂਰ


ਪੰਚਾਇਤੀ ਫੰਡ ਦੀ ਦੁਰਵਰਤੋਂ
ਇੱਕ ਪੰਚਾਇਤ ਨੂੰ ਆਪਣੇ ਹੀਲੇ ਵਸੀਲਿਆਂ ਤੋਂ ਹੋਈ ਆਮਦਨ ਨੂੰ ਪੰਚਾਇਤ ਫੰਡ ਵਿੱਚ ਰੱਖਿਆ ਜਾਂਦਾ ਹੈ। ਪੰਚਾਇਤ ਨੂੰ ਮਿਲੀਆਂ ਵਿਸ਼ੇਸ਼ ਗਰਾਂਟਾਂ ਤੋਂ ਉਲਟ ‘ਪੰਚਾਇਤ ਫੰਡ’ ਨੂੰ ਵਰਤਣ ਲਈ ਪੰਚਾਇਤ ਆਪਣੇ ਤੌਰ ’ਤੇ ਸੁਤੰਤਰ ਹੁੰਦੀ ਹੈ ਪਰ ਜਾਣੇ-ਅਣਜਾਣੇ ਵਿੱਚ ਇਸ ਦੀ ਦੁਰਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ। ਹੁਣ ਤੱਕ ਬਹੁਤੇ ਸਰਪੰਚਾਂ ਨੇ ਇਸ ਫੰਡ ਨੂੰ ਗਲੀਆਂ-ਨਾਲੀਆਂ ਤੱਕ ਵਰਤਣਾ ਹੀ ਸੀਮਤ ਰੱਖਿਆ ਹੋਇਆ ਹੈ। ਬਿਨਾ ਕੰਮ ਕੀਤੇ ਇਸ ਫੰਡ ਨੂੰ ਵਾਰ-ਵਾਰ ਕਾਗਜ਼ਾਂ ਵਿੱਚ ਵਰਤਿਆ ਦਿਖਾਉਣਾ ਗ੍ਰਾਮ ਸਭਾ ਨਾਲ ਇੱਕ ਵੱਡਾ ਧੋਖਾ ਹੁੰਦਾ ਹੈ। ਬਹੁਤ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਵਿਉਂਤਬੰਦੀ ਪਹਿਲਾਂ ਤੋਂ ਹੀ ਕਾਫ਼ੀ ਵਧੀਆ ਹੁੰਦੀ ਹੈ, ਪਰ ਇਸ ਫੰਡ ਦੀ ਦੁਰਵਰਤੋਂ ਕਰਨ ਦੇ ਚੱਕਰ ਵਿੱਚ ਵਿਕਾਸ ਦੀ ਥਾਂ ਵਿਨਾਸ਼ ਹੋਣ ਲੱਗਦਾ ਹੈ। ਸਰਕਾਰ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਇਹ ਯਕੀਨੀ ਬਣਾਵੇ ਕਿ ਆਪਣੇ ਨਿੱਜੀ ਮੁਫ਼ਾਦਾਂ ਤੋਂ ਉੱਪਰ ਉੱਠ ਕੇ ਇਸ ਫੰਡ ਦੀ ਵਰਤੋਂ ਕੀਤੀ ਜਾਵੇ। ਜਿਨ੍ਹਾਂ ਪੰਚਾਇਤਾਂ ਕੋਲ ਪੰਚਾਇਤ ਫੰਡ ਨਹੀਂ ਹੈ, ਸਰਕਾਰ ਉਨ੍ਹਾਂ ਪੰਚਾਇਤਾਂ ਨੂੰ ਸਾਲਾਨਾ ਪੰਚਾਇਤ ਫੰਡ ਦੇ ਰੂਪ ਵਿੱਚ ਕੁਝ ਨਾ ਕੁਝ ਰਕਮ ਦੇਣ ਲਈ ਪੰਜਾਬ ਪੰਚਾਇਤੀ ਐਕਟ ਵਿੱਚ ਸੋਧ ਕਰ ਕੇ ਉਨ੍ਹਾਂ ਪੰਚਾਇਤਾਂ ਨੂੰ ਵੀ ਦੂਜੀਆਂ ਪੰਚਾਇਤਾਂ ਦੇ ਹਾਣ ਦਾ ਬਣਾਵੇ।
ਮਾਸਟਰ ਸਰਤਾਜ ਸਿੰਘ, ਘੁੰਗਰਾਲੀ ਰਾਜਪੂਤਾਂ (ਲੁਧਿਆਣਾ)


ਪੰਜਾਬੀ ਕਲਾਕਾਰਾਂ ਨੂੰ ਤੰਗ ਕੀਤਾ ਜਾ ਰਿਹੈ
ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਹਨ ਪਰ ਪਿਛਲੇ ਦਿਨੀਂ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦੇ ਨਾਮਵਰ ਗਾਇਕ ਦਲਜੀਤ ਦੋਸਾਂਝ ਦੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਰੱਖੇ ਸਟੇਜ ਸ਼ੋਅ ਨੂੰ ਬਿਨਾ ਵਜ੍ਹਾ ਪਾਬੰਦੀਆਂ ਲਗਾ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਚੰਡੀਗੜ੍ਹ ਵਿੱਚ ਰੱਖੇ ਗਏ ਸ਼ੋਅ ’ਤੇ ਵੀ ਜਾਣ-ਬੁੱਝ ਕੇ ਪਾਬੰਦੀਆਂ ਲਗਾਈਆਂ ਗਈਆਂ। ਇਸੇ ਤਰ੍ਹਾਂ ਹੀ ਰਣਜੀਤ ਬਾਵਾ ਦੇ ਹਿਮਾਚਲ ਵਿੱਚ ਰੱਖੇ ਗਏ ਸਟੇਜ ਸ਼ੋਅ ਨੂੰ ਕੁਝ ਨਫ਼ਰਤ ਫੈਲਾਉਣ ਵਾਲੇ ਲੋਕਾਂ ਨੇ ਵਿਰੋਧ ਕਰਾ ਕੇ ਰੱਦ ਕਰਵਾ ਦਿੱਤਾ ਹੈ। ਇਨ੍ਹਾਂ ਗਾਇਕਾਂ ਨੂੰ ਮਾੜੀ ਸੋਚ ਦੇ ਲੋਕਾਂ ਵੱਲੋਂ ਬਿਨਾਂ ਕਿਸੇ ਕਾਰਨ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਹਰਕਤ ਹੈ। ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ।
ਗੁਰਤੇਜ ਸਿੰਘ ਖੁਡਾਲ, ਬਠਿੰਡਾ


ਪੁੱਤ ਦਾ ਮੁੱਲ
12 ਦਸੰਬਰ ਦੇ ਅੰਕ ਵਿੱਚ ਮਿਡਲ ‘ਪੁੱਤ ਦਾ ਮੁੱਲ’ ਸਚਮੁੱਚ ਹੀ ਵਿਚਾਰ ਕਰਨ ਵਾਲਾ ਹੈ। ਮੌਤ ਹੋਣ ਦਾ ਦਰਦ ਸਬੰਧਿਤ ਪਰਿਵਾਰ ਨੂੰ ਸਾਰੀ ਜ਼ਿੰਦਗੀ ਮਹਿਸੂਸ ਹੁੰਦਾ ਰਹਿੰਦਾ ਹੈ। ਲੱਖਾਂ, ਕਰੋੜਾਂ ਰੁਪਏ ਦੇ ਮੁਆਵਜ਼ੇ, ਸ਼ਹੀਦ ਦਾ ਦਰਜਾ ਅਤੇ ਸਰਕਾਰੀ ਨੌਕਰੀ ਉਨ੍ਹਾਂ ਦੇ ਦਰਦ ਨੂੰ ਦੂਰ ਨਹੀਂ ਕਰ ਸਕਦੀ। ਵਡੇਰਿਆਂ ਵਾਂਗ ਸਾਨੂੰ ਵੀ ਬਹੁਮੁੱਲੀ ਜ਼ਿੰਦਗੀ ਦਾ ਮਹੱਤਵ ਸਮਝਣ ਵਾਲੀ ਸੋਚ ਅਪਣਾਉਣ ਦੀ ਲੋੜ ਹੈ। ਗ਼ੈਰ-ਕੁਦਰਤੀ ਮੌਤਾਂ, ਸ਼ਹਾਦਤਾਂ ਤਾਂ ਹੀ ਰੁਕਣਗੀਆਂ ਜੇਕਰ ਮੁਆਵਜ਼ੇ ਨੂੰ ਮਹੱਤਵ ਨਾ ਦਿੱਤਾ ਜਾਵੇ। ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਕੋਲ ਸੜਕਾਂ ਦੀ ਮੁਰੰਮਤ ਅਤੇ ਰੌਸ਼ਨੀ ਆਦਿ ਦਾ ਪ੍ਰਬੰਧ ਕਰਨ ਲਈ ਥੋੜ੍ਹੀ ਜਿਹੀ ਰਕਮ ਨਹੀਂ ਹੁੰਦੀ ਪਰ ਮੌਤ ਹੋਣ ’ਤੇ ਲੱਖਾਂ-ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣ ਦਾ ਹਾਕਮਾਂ, ਅਫ਼ਸਰਾਂ ਵੱਲੋਂ ਤੁਰੰਤ ਐਲਾਨ ਹੋ ਜਾਂਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ


ਮਨੁੱਖੀ ਮਨ ਦਾ ਦਰਪਣ ਨੇ ਸ਼ਬਦ
17 ਦਸੰਬਰ ਦੀ ਸੰਪਾਦਕੀ ‘ਧਾਮੀ ਦਾ ਮੁਆਫ਼ੀਨਾਮਾ’ ਪੜ੍ਹੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼ਬਦਾਂ ਰੂਪੀ ਤੀਰ ਚਲਾਉਣ ਤੋਂ ਪਹਿਲਾਂ ਔਰਤਾਂ ਪ੍ਰਤੀ ਸਨਮਾਨ ਨੂੰ ਧਿਆਨ ਵਿੱਚ ਰੱਖ ਕੇ ਬੋਲਦੇ ਤਾਂ ਚੰਗਾ ਹੁੰਦਾ। ਧਾਮੀ ਹੋਰੀਂ ਸਿੱਖਾਂ ਦੀ ਸ਼੍ਰੋਮਣੀ ਧਾਰਮਿਕ ਸੰਸਥਾ ਦੇ ਨੁਮਾਇੰਦੇ ਹਨ। ਇਸ ਕਰ ਕੇ ਲੋਕ ਇਨ੍ਹਾਂ ਦੇ ਵਿਚਾਰਾਂ ਨੂੰ ਸੁਣਦੇ ਪੜ੍ਹਦੇ ਹਨ। ਜਿਸ ਤਰ੍ਹਾਂ ਦੀ ਤਲਖ਼ੀ ਨਾਲ ਧਾਮੀ ਸਾਹਿਬ ਨੇ ਪੱਤਰਕਾਰ ਦੇ ਸਵਾਲ ਦਾ ਜੁਆਬ ਦਿੱਤਾ, ਇਸ ਤਰ੍ਹਾਂ ਦੇ ਅਪਮਾਨ ਦੀ ਤਵੱਕੋ ਬੀਬੀਆਂ ਨੇ ਤਾਂ ਕੀ, ਔਰਤਾਂ ਦਾ ਸਤਿਕਾਰ ਕਰਨ ਵਾਲੇ ਮਰਦਾਂ ਨੇ ਵੀ ਨਹੀਂ ਕੀਤੀ ਹੋਵੇਗੀ। ਅਸਲ ਵਿੱਚ ਜ਼ੁਬਾਨੋਂ ਨਿਕਲੇ ਸ਼ਬਦ ਹੀ ਬੰਦੇ ਦੇ ਅੰਦਰਲੇ ਕਿਰਦਾਰ ਦਾ ਦਰਪਣ ਹੁੰਦੇ ਹਨ। ਦੂਜੇ ਪਾਸੇ, ਇੱਕ ਸਵਾਲ ਮਰਨ ਵਰਤ ’ਤੇ ਬੈਠੇ ਅੰਨਦਾਤੇ ਜਗਜੀਤ ਸਿੰਘ ਡੱਲੇਵਾਲ ਦੀ ਨੂੰਹ ਨੂੰ ਵੀ ਪੱਤਰਕਾਰਾਂ ਨੇ ਪੁੱਛਿਆ। ਡੱਲੇਵਾਲ ਦੀ ਨੂੰਹ ਨੇ ਦੱਸਿਆ ਕਿ ‘ਉਨ੍ਹਾਂ (ਡੱਲੇਵਾਲ) ਵਿਆਹੀ ਆਈ ਨੂੰ ਇੱਕ ਹੀ ਗੱਲ ਕਹੀ ਸੀ ਕਿ ‘ਤੂੰ ਇਸ ਘਰ ਦੀ ਨੂੰਹ ਨਹੀਂ, ਧੀ ਨਹੀਂ, ਪੁੱਤ ਐਂ। ਮੈਨੂੰ ਹਰ ਹੱਕ ਪੁੱਤਾਂ ਬਰਾਬਰ ਹੀ ਦਿੱਤਾ।’ ਬੇਗਾਨੀ ਧੀ ਦਾ ਮਾਣ, ਔਰਤ ਪ੍ਰਤੀ ਸਤਿਕਾਰ ਦੀ ਭਾਵਨਾ ਕਿਸਾਨ ਆਗੂ ਡੱਲੇਵਾਲ ਦੇ ਅਸਲ ਕਿਰਦਾਰ ਦਾ ਸਬੂਤ ਹੈ। ਇੱਕੋ ਹੀ ਗੁਲਦਾਊਦੀ ਦੇ ਫੁੱਲਾਂ ਦਾ ਰੰਗ-ਰੂਪ ਆਪੋ ਆਪਣੀ ਪ੍ਰਵਿਰਤੀ ਕਾਰਨ ਵੱਖੋ ਵੱਖਰਾ ਹੁੰਦਾ ਹੈ।
ਸੁਖਪਾਲ ਕੌਰ, ਚੰਡੀਗੜ੍ਹ

Advertisement
Author Image

joginder kumar

View all posts

Advertisement