For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

07:01 AM Nov 17, 2024 IST
ਡਾਕ ਐਤਵਾਰ ਦੀ
Advertisement

ਅਹਿਮ ਜਾਣਕਾਰੀ

ਅਜੋਕੇ ਸਮੇਂ ਦੀ ‘ਸਾਈਬਰ ਯੁੱਗ ਦੀ ਠੱਗੀ: ਡਿਜੀਟਲ ਅਰੈਸਟ’ ਉੱਤੇ ਹਰੀਸ਼ ਜੈਨ ਦਾ ਵਿਸਥਾਰਪੂਰਵਕ ਲੇਖ 10 ਨਵੰਬਰ ਨੂੰ ਪੜ੍ਹਿਆ। ਨਿਰਸੰਦੇਹ, ਪਾਠਕਾਂ ਲਈ ਅਤਿਅੰਤ ਅਹਿਮ ਜਾਣਕਾਰੀ ਭਰਪੂਰ ਤੇ ਠੱਗੀ ਤੋਂ ਬਚਾਅ ਦੇ ਉਪਰਾਲੇ ਦੱਸਦਾ ਹੈ। ਠੱਗ ਡਰ ਪੈਦਾ ਕਰ ਕੇ ਠੱਗੀ ਮਾਰਨ ਵਿੱਚ ਸਫ਼ਲ ਹੁੰਦਾ ਹੈ। ਵਿਅਕਤੀ ਨੇ ਕੋਈ ਕਸੂਰ ਨਹੀਂ ਕੀਤਾ ਤਾਂ ਵੀ ਉਸ ਨੂੰ ਕਸੂਰਵਾਰ ਦਰਸਾ ਕੇ ਉਸ ਨੂੰ ਲੁੱਟ ਲਿਆ ਜਾਂਦਾ ਹੈ। ਲੇਖਕ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਸ ਨੇ ਅਜੋਕੀ ਠੱਗੀ ਨੂੰ ਜਮਾਂਦਰੂ ਸਮਝ ਨਾਲ ਸਮਝਾਉਣ ਦਾ ਸਫ਼ਲ ਯਤਨ ਕੀਤਾ ਹੈ ਜਿਸ ਵਿੱਚ ਬੁੱਢੀ ਜਾਦੂਗਰਨੀ ਦੀ ਕਹਾਣੀ ਅਤੇ ਸੰਤ ਸਿੰਘ ਸੇਖੋਂ ਦੀ ਮਸ਼ਹੂਰ ਕਹਾਣੀ ‘ਪੇਮੀ ਦੇ ਨਿਆਣੇ’ ਨੂੰ ਵਰਤਿਆ ਹੈ। ਹਾਂ, ਪਾਠਕਾਂ ਨੂੰ ਵਰਤਿਆ ਗਿਆ ‘ਤਲਿਸਮ’ ਲਫ਼ਜ਼ ਬਹੁਤ ਬੋਝਲ ਲੱਗੇਗਾ, ਚੰਗਾ ਹੁੰਦਾ ਜੇ ਇਸ ਦੀ ਜਗ੍ਹਾ ਮਾਇਆ ਜਾਲ ਜਾਂ ਇੰਦਰ ਜਾਲ ਵਰਤ ਲਿਆ ਜਾਂਦਾ ਤਾਂ ਸਹਿਜ ਹੋ ਸਕਦਾ ਸੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement

ਪੀੜਤਾਂ ਨੂੰ ਇਨਸਾਫ਼

ਐਤਵਾਰ, 3 ਨਵੰਬਰ ਦੇ ਅੰਕ ਵਿੱਚ ਮਾਰਕ ਟਲੀ ਤੇ ਸਤੀਸ਼ ਜੈਕਬ ਦੀ ਅਨੁਵਾਦਿਤ ਕਿਤਾਬ ਦੇ ਅੰਸ਼ ਪੜ੍ਹ ਕੇ ਸਾਕਾ ਨੀਲਾ ਤਾਰਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਅਤੇ ਉਸ ਦੌਰ ਦੀ ਭਰਪੂਰ ਜਾਣਕਾਰੀ ਮਿਲੀ। ਇਹ ਕਾਂਡ ਦੇਸ਼ ਦੇ ਇਤਿਹਾਸ ਦਾ ਸਿਆਹ ਪੰਨਾ ਬਣ ਚੁੱਕਾ ਹੈ। ਦੁੱਖ ਇਸ ਗੱਲ ਦਾ ਹੈ ਕਿ ਇਸ ਭਿਆਨਕ ਦੁਖਾਂਤ ਦੇ ਪੀੜਤਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਪੀੜਤਾਂ ਨੂੰ ਇਨਸਾਫ਼ ਕਦੋਂ ਮਿਲੇਗਾ?
ਇਸੇ ਅੰਕ ਵਿੱਚ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਦੀਵਿਆਂ ਹੇਠ ਪਸਰਿਆ ਹਨੇਰਾ’ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਮੰਡੀਆਂ ਵਿੱਚ ਹੁੰਦੀ ਦੁਰਦਸ਼ਾ ਦਾ ਜ਼ਿਕਰ ਕੀਤਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਲੋਕ ਦੋ ਦੀਵਾਲੀਆਂ ਮਨਾ ਰਹੇ ਸਨ, ਪਰ ਦੇਸ਼ ਦਾ ਅੰਨਦਾਤਾ ਮੰਡੀਆਂ ਵਿੱਚ ਬੈਠਾ ਝੋਨਾ ਵਿਕਣ ਦੀ ਉਡੀਕ ਕਰਦਾ ਰਿਹਾ। ਇਹ ਸਾਰਾ ਬਿਰਤਾਂਤ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ। ਕਿਸਾਨ ਕਦੇ ਸੂਬਾ ਸਰਕਾਰ ਨੂੰ ਕੋਸਦੇ ਹਨ ਤੇ ਕਦੇ ਕੇਂਦਰ ਨੂੰ, ਪਰ ਦੋਵੇਂ ਸਰਕਾਰਾਂ ਆਲੇ ਕੌਡੀ ਛਿੱਕੇ ਕੌਡੀ ਕਰਦੀਆਂ ਦਿਨ ਟਪਾ ਰਹੀਆਂ ਹਨ। ਦੂਸਰਾ ਮਸਲਾ ਪਰਾਲੀ ਸਾੜਨ ਦਾ ਹੈ। ਇਹ ਮਸਲਾ ਹਰ ਸਾਲ ਖੜ੍ਹਾ ਹੁੰਦਾ ਹੈ, ਪਰ ਸਾਡੀਆਂ ਸਰਕਾਰਾਂ ਨੇ ਇਸ ਦਾ ਪੱਕਾ ਹੱਲ ਨਹੀਂ ਕੀਤਾ। ਅਸਲ ਵਿੱਚ ਪ੍ਰਦੂਸ਼ਣ ਦੇ ਮਸਲੇ ’ਤੇ ਸਰਕਾਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ। ਇਹ ਮਸਲੇ ਮਿਲ ਬੈਠਣ ਨਾਲ ਹੀ ਹੱਲ ਹੋ ਸਕਦੇ ਹਨ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement

ਦੀਵਿਆਂ ਹੇਠ ਹਨੇਰਾ

ਐਤਵਾਰ, 3 ਨਵੰਬਰ ਦੇ ਸੰਪਾਦਕੀ ਵਿੱਚ ਦੱਸਿਆ ਹੈ ਕਿ ਪੰਜਾਬ ਦੂਹਰੀ ਦੀਵਾਲੀ ਦੇ ਦੀਵਿਆਂ ਨਾਲ ਜਗਮਗਾਇਆ, ਪਰ ਅੰਨਦਾਤੇ ਦਾ ਮਨ ਬੁਝਿਆ ਰਿਹਾ। ਸਿਆਸੀ ਘੁੰਮਣਘੇਰੀਆਂ ਅਤੇ ਭੰਬਲਭੂਸੇ ਵਾਲੇ ਮਾਹੌਲ ਨੇ ਇਸ ਵਾਰ ਵੀ ਕਿਸਾਨ ਨੂੰ ਮੰਡੀਆਂ ’ਚ ਰੁਲਣ ਲਈ ਮਜਬੂਰ ਕਰ ਦਿੱਤਾ। ਕੇਂਦਰੀ ਪੂਲ ’ਚ 40-45 ਫ਼ੀਸਦੀ ਕਣਕ ਅਤੇ 20-25 ਫ਼ੀਸਦੀ ਚੌਲ ਭੇਜਣ ਵਾਲਾ ਪੰਜਾਬ ਫਸਲ ਦੀ ਦੁਰਦਸ਼ਾ ਦੇਖ ਕੇ ਆਪਣੀ ਹੋਣੀ ’ਤੇ ਹੰਝੂ ਵਹਾ ਰਿਹਾ ਹੈ। ਮੁੱਖ ਮੰਤਰੀ ਦੀ ਪਹਿਲਕਦਮੀ ਜ਼ਰੀਏ ਲਿਫਟਿੰਗ ਤੇਜ਼ ਤਾਂ ਹੋਈ, ਪਰ ਪਿਛਲੀਆਂ ਛਿਮਾਹੀਆਂ ਮੁਤਾਬਿਕ ਪਛੜੀ ਰਹੀ। ਸੰਪਾਦਕੀ ਨੇ ਉਮਦਾ ਵਿਸ਼ੇ ਉਭਾਰੇ ਜਿਵੇਂ ਕਿ ਝੋਨੇ ਦੀ ਕਿਸਮ ਪੀਆਰ126 ’ਤੇ ਬਿਜਾਈ ਲਈ ਸਰਕਾਰ ਵੱਲੋਂ ਜ਼ੋਰ ਪਾਉਣ ਦੇ ਬਾਵਜੂਦ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲਿਆ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਿਸਾਨ ਭਵਨ ਵੀ ਹੋਣੇ ਚਾਹੀਦੇ ਹਨ। ਅੰਨਦਾਤੇ ਦੀ ਦੀਵਾਲੀ ਮੰਡੀਆਂ ਵਿੱਚ ਲੱਗੇ ਝੋਨੇ ਦੇ ਢੇਰਾਂ ਅਤੇ ਸੋਚਾਂ ਥੱਲੇ ਦੱਬ ਗਈ। ਇਸ ਵਰਤਾਰੇ ਨੇ ਪੰਜਾਬ ’ਚ ਰਹਿੰਦਿਆਂ ਲਈ ਵੀ ਇਹ ਗਾਣਾ ਲਾਗੂ ਕਰ ਦਿੱਤਾ ਕਿ ‘ਹਰ ਬੰਦੇ ਦੀ ਦੀਵਾਲੀ ਰੱਬਾ ਘਰ ’ਚ ਹੋਵੇ’। ਹਰ ਸਾਲ ਇਹ ਰੌਲਾ ਪੈਂਦਾ ਹੈ, ਪਰ ਦੂਜੇ ਸਾਲ ਪਿਆ ਰੌਲਾ ਭੁੱਲ ਜਾਂ ਸਹਿਵਨ ਹੋਈ ਗ਼ਲਤੀ ਨਹੀਂ ਮੰਨਿਆ ਜਾ ਸਕਦਾ। ਖ਼ੈਰ, ਜੋ ਹੋਇਆ ਸੋ ਹੋਇਆ। ਹੁਣ ਮੁੱਖ ਮੰਤਰੀ ਨੂੰ ਕੇਂਦਰ ਦੇ ਦਿੱਤੇ ਭਰੋਸੇ ਕਿ ਕਣਕ ਵੇਲੇ ਅਜਿਹਾ ਨਹੀਂ ਹੋਵੇਗਾ, ਉੱਤੇ ਯਕੀਨ ਕਰਨਾ ਚਾਹੀਦਾ ਹੈ। ਪੰਜਾਬ ਆਪਣੇ ਬੋਝੇ ਵਿੱਚੋਂ ਪੰਜਾਬੀ ਕਿਸਾਨ ਦੀ ਮਦਦ ਕਰ ਦੇਵੇ ਤਾਂ ਇਹ ਪੁੰਨ ਕਰਮ ਹੀ ਹੋਵੇਗਾ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ (ਰੂਪਨਗਰ)

ਸਿਰਜਣਾ ਅਤੇ ਏਆਈ

ਐਤਵਾਰ, 6 ਅਕਤੂਬਰ ਦੇ ‘ਦਸਤਕ’ ਅੰਕ ਵਿੱਚ ਮਨਮੋਹਨ ਦਾ ਲੇਖ ‘ਆਰਟੀਫੀਸ਼ੀਅਲ ਇੰਟੈਲੀਜਸ ਅਤੇ ਸਿਰਜਣਾ’ ਅਜੋਕੇ ਸੂਚਨਾ ਤਕਨੀਕੀ ਅਤੇ ਮਸਨੂਈ ਬੁੱਧੀ ਦੇ ਆਏ ਹੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਅਮੀਰ ਅਤੇ ਮਕੈਨਕੀ ਬਣਾਉਣ ਵੱਲ ਸੇਧਾਂ ਸਥਾਪਿਤ ਕਰਦਾ ਹੈ। ਭਾਸ਼ਾ ਕੋਈ ਵੀ ਹੋਵੇ, ਉਹ ਮਨੁੱਖ ਦੀ ਆਪਣੀ ਕਮਾਈ ਸੰਪਤੀ ਹੈ। ਲੇਖਕ ਨੇ ਯੁਵਾਲ ਨੋਹ ਹਰਾਰੀ ਦੀ ਪੁਸਤਕ ‘ਸੇਪੀਅਨਜ਼’ ਦਾ ਹਵਾਲਾ ਦਿੰਦਿਆਂ ਦੱਸਿਆ ਹੈ ਕਿ ਭਾਸ਼ਾ ਤੇ ਬੁੱਧੀ ਦੇ ਸੁਮੇਲ ਸਦਕਾ ਹੀ ਮਨੁੱਖ ਇਸ ਧਰਤੀ ਦਾ ਸਭ ਤੋਂ ਸ਼ਕਤੀਸ਼ਾਲੀ ਜੀਵ ਹੈ। ਏਆਈ ਦੇ ਇਸ ਯੁੱਗ ਵਿੱਚ ਜਿਹੜੀ ਭਾਸ਼ਾ ਗੂਗਲ ਪਲੈਟਫਾਰਮ ’ਤੇ ਨਹੀਂ ਹੋਵੇਗੀ, ਉਸ ਲਈ ਆਪਣੀ ਹੋਂਦ ਨੂੰ ਬਣਾਈ ਰੱਖਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੋਵੇਗਾ। ਏਆਈ ਨੇ ਚਿੱਤਰਕਲਾ, ਕਵਿਤਾ, ਕਹਾਣੀ ਲਿਖਣ ਤੱਕ ਨੂੰ ਆਪਣੇ ਕਲੇਵਰ ਵਿੱਚ ਲੈ ਲਿਆ ਹੈ। ਫਿਰ ਵੀ ਮਨੁੱਖੀ ਸਿਰਜਣਾ ਦੀ ਥਾਹ ਕਦੇ ਨਹੀਂ ਪਾਈ ਜਾ ਸਕਦੀ ਕਿਉਂਕਿ ਮਨੁੱਖ ਵਾਂਗ ਮਸਨੂਈ ਬੁੱਧੀ ਸੋਚ ਨਹੀਂ ਸਕਦੀ ਅਤੇ ਨਾ ਹੀ ਪ੍ਰਸ਼ਨ ਕਰ ਸਕਦੀ ਹੈ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ

ਪਾਸ਼ ਨੂੰ ਯਾਦ ਕਰਦਿਆਂ

ਐਤਵਾਰ, ਅੱਠ ਸਤੰਬਰ ਨੂੰ ‘ਦਸਤਕ’ ਅੰਕ ਵਿੱਚ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਸਾਰੇ ਲੇਖ ਬਹੁਤ ਵਧੀਆ ਲੱਗੇ। ਨਿਸ਼ਚਿਤ ਤੌਰ ’ਤੇ ਨਵੀਂ ਪੀੜ੍ਹੀ ਦੇ ਪਾਠਕਾਂ ਨੂੰ ਇਹ ਲੇਖ ਸੇਧ ਦੇਣ ਵਾਲੇ ਹਨ। ‘ਧੁੱਪ ਵਾਂਗ ਧਰਤੀ ’ਤੇ ਖਿੜਿਆ ਪਾਸ਼’ ਸਿਰਲੇਖ ਵਿੱਚ ਸਵਰਾਜਬੀਰ ਨੇ ਜ਼ਿਕਰ ਕੀਤਾ ਹੈ ਕਿ ਉਸ ਨੇ ਬਚਪਨ ਵਿੱਚ ਵਾਗੀ-ਪਾਹੜੂ ਮੁੰਡੇ ਤੋਂ ਪਾਸ਼ ਬਾਰੇ ਕਵਿਤਾਵਾਂ ਸੁਣੀਆਂ। ਉਨ੍ਹਾਂ ਦੀ ਇਸ ਰਚਨਾ ਵਿੱਚ ‘ਸਭ ਤੋਂ ਖ਼ਤਰਨਾਕ’ ਸਿਰਲੇਖ ਹੇਠ ਛਪੀ ਪਾਸ਼ ਦੀ ਕਵਿਤਾ ਲੂ ਕੰਡੇ ਖੜ੍ਹੇ ਕਰਨ ਵਾਲੀ ਹੈ। ਪਾਸ਼ ਦੀਆਂ ਰਚਨਾਵਾਂ ਵਿੱਚ ਪੇਂਡੂ ਜੀਵਨ ਸ਼ੈਲੀ ਤੋਂ ਲੈ ਕੇ ਧਾਰਮਿਕ ਕੱਟੜਤਾ ਅਤੇ ਪੂੰਜੀਵਾਦ ਤੱਕ ਦੇ ਪਹਿਲੂਆਂ ਬਾਰੇ ਲੇਖਕ ਨੇ ਖੁੱਲ੍ਹ ਕੇ ਚਰਚਾ ਕੀਤੀ ਹੈ। ਇਸੇ ਪੰਨੇ ’ਤੇ ਸ਼ਮਸ਼ੇਰ ਸਿੰਘ ਸੰਧੂ ਦੀ ਰਚਨਾ ‘ਨਾ ਤੇਰਾ ਨਾ ਮੇਰਾ ਪਾਸ਼’ ਵਿੱਚ ਪਾਸ਼ ਤੋਂ ਵੱਡੇ ਅਤੇ ਹਮਉਮਰ ਲੇਖਕਾਂ ਨਾਲ ਹੱਡਬੀਤੀਆਂ ਗੱਲਾਂ ਪਾਠਕਾਂ ਦਾ ਮਨ ਮੋਹਣ ਵਾਲੀਆਂ ਹਨ। ਅਮੋਲਕ ਸਿੰਘ ਦੀ ਰਚਨਾ ‘ਨਾਬਰੀ ਅਤੇ ਬਰਾਬਰੀ ਦਾ ਸ਼ਾਇਰ’ ਪਾਸ਼ ਦੀ ਇਨਕਲਾਬੀ ਸ਼ਾਇਰੀ ਨੂੰ ਚੇਤੇ ਕਰਵਾਉਂਦੀ ਹੈ। ਪੰਜਾਬ ਦੀ ਤਰਸਯੋਗ ਸਥਿਤੀ ਦੀ ਚਰਚਾ ਕਰਨ ਵਾਲੇ ਪਾਸ਼ ਨੇ ਆਪਣੀ ਵਿਚਾਰਧਾਰਾ ਨੂੰ ਮਰਦੇ ਦਮ ਤੱਕ ਨਹੀਂ ਰੁਕਣ ਦਿੱਤਾ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਵਿਕਾਸ ਦੇ ਪ੍ਰੋਜੈਕਟ

ਐਤਵਾਰ, 1 ਸਤੰਬਰ 2024 ਦੇ ‘ਸੋਚ ਸੰਗਤ’ ਪੰਨੇ ’ਤੇ ਅਰਮਿੰਦਰ ਸਿੰਘ ਮਾਨ ਦਾ ਲਿਖਿਆ ਲੇਖ ‘ਭਾਰਤਮਾਲਾ ਪ੍ਰੋਜੈਕਟ: ਵਰਦਾਨ ਜਾਂ ਉਜਾੜਾ?’ ਪੜ੍ਹਿਆ। ਇਹ ਪ੍ਰੋਜੈਕਟ ਮੱਧਵਰਗੀ ਤੇ ਆਮ ਕਿਸਾਨੀ ਲਈ ਉਜਾੜੇ ਤੋਂ ਵੱਧ ਕੁਝ ਵੀ ਨਹੀਂ। ਜਿੱਥੇ ਤੱਕ ਜ਼ਮੀਨ ਮਾਲਕਾਂ ਨੂੰ ਘੱਟ ਕੀਮਤ ਮਿਲਣ ਦਾ ਸਵਾਲ ਹੈ, ਇਸ ਦਾ ਮੁੱਖ ਕਾਰਨ ਸਾਡੇ ਦੇਸ਼ ਦੀ ਕੱਚੀ ਅਰਥ ਵਿਵਸਥਾ ਹੈ। ਐਵਾਰਡ ਦੀ ਕੀਮਤ ਹਮੇਸ਼ਾ ਕੁਲੈਕਟਰ ਰੇਟ ’ਤੇ ਨਿਰਧਾਰਿਤ ਹੁੰਦੀ ਹੈ ਜੋ ਮਾਰਕੀਟ ਰੇਟ ਦੇ ਨੇੜੇ ਤੇੜੇ ਵੀ ਨਹੀਂ ਹੁੰਦੀ। ਕਿਸ ਜਾਇਦਾਦ ਦਾ ਅਸਲ ਮੁੱਲ ਕੀ ਹੈ? ਜਦੋਂ ਅਸੀਂ ਉਸਨੂੰ ਖਰੀਦਾਂਗੇ ਤਾਂ ਹੀ ਪਤਾ ਲੱਗੇਗਾ। ਦੂਸਰਾ ਵੱਡਾ ਕਾਰਨ ਜ਼ਮੀਨ ਦਾ ਅਣਵੰਡੀ ਹੋਣਾ ਤੇ ਖ਼ਾਨਾਕਾਸ਼ਤ ਵਿੱਚ ਮਾਲਕਾਂ ਦਾ ਦਰਜ ਹੋਣਾ ਹੈ। ਖਾਨਾਕਾਸ਼ਤ ਵਿੱਚ ਮਾਲਕੀ ਦੀ ਇੰਨੀ ਵੱਡੀ ਦਿੱਕਤ ਹੈ ਕਿ ਪੰਜਾਬ ਦਾ ਸਾਰਾ ਮਾਲ ਰਿਕਾਰਡ ਇੱਕ ਪੋਰਟਲ ’ਤੇ ਆਨਲਾਈਨ ਨਹੀਂ ਹੋ ਪਾ ਰਿਹਾ। ਇਸ ਕਰਕੇ ਮੁਆਵਜ਼ੇ ਦੇ ਝਗੜੇ ਵਧਦੇ ਹਨ ਤੇ ਅਸਲ ਹੱਕਦਾਰ ਦਾ ਨੁਕਸਾਨ ਹੋ ਰਿਹਾ ਹੈ।
ਨਿਰਮਲਜੀਤ ਸਿੰਘ ਚਾਨੇ, ਬਰਨਾਲਾ

Advertisement
Author Image

sukhwinder singh

View all posts

Advertisement