For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:30 AM Nov 15, 2024 IST
ਪਾਠਕਾਂ ਦੇ ਖ਼ਤ
Advertisement

ਬਿੱਟੂ ਦੇ ਬਿਆਨ

13 ਨਵੰਬਰ ਦਾ ਅੰਕ ਸਾਂਭਣਯੋਗ ਹੈ। ਸੰਪਾਦਕੀ ‘ਭਾਜਪਾ ਦਾ ਪੰਜਾਬ ਪੈਂਤੜਾ’ ਵਿੱਚ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਨਫ਼ਰਤੀ ਬਿਆਨਾਂ ਦੀ ਗੱਲ ਕੀਤੀ ਹੈ। ਦਿੱਲੀ ਵਿੱਚ ਸਰਕਾਰ ਕਿਸੇ ਵੀ ਧਿਰ ਦੀ ਹੋਵੇ, ਉਹ ਇੱਕ-ਦੋ ਅਜਿਹੇ ਆਗੂਆਂ ਨੂੰ ਅਗਾਂਹ ਕਰੀ ਰੱਖਦੀ ਹੈ ਜੋ ਪੰਜਾਬੀ ਹੋ ਕੇ ਪੰਜਾਬੀਆਂ ਖ਼ਿਲਾਫ਼ ਭੁਗਤਦੇ ਰਹਿਣ। ਲੋਕਾਂ ਦੇ ਨਕਾਰੇ ਹੋਏ ਬਿੱਟੂ ਵਰਗੇ ਆਗੂ ਐਂਵੇ ਤਾਂ ਨਹੀਂ ਸੱਤਾ ਸੁਖ ਭੋਗ ਰਹੇ। ਅਵਤਾਰ ਸਿੰਘ ਢਿੱਲੋਂ ਦਾ ਮਿਡਲ ‘ਕੰਟਰੈਕਚੁਅਲ ਰਿਟਾਇਰਮੈਂਟ’ ਵਧੀਆ ਸੀ। ਅਕਾਸ਼ਵਾਣੀ ਦਾ ਬਠਿੰਡਾ ਕੇਂਦਰ ਤਾਂ ਚੱਲ ਹੀ ਕੈਜੂਅਲ (ਕੰਟਰੈਕਚੁਅਲ) ਅਨਾਊਂਸਰਾਂ ਦੇ ਸਹਾਰੇ ਰਿਹਾ ਹੈ। ਦਲਜੀਤ ਸਿੰਘ ਰਤਨ ਦਾ ਗੁਰੂ ਨਾਨਕ ਬਾਰੇ ਲੇਖ ਵਧੀਆ ਲੱਗਾ ਪਰ ਇਸ ਵਿੱਚ ਆਜ਼ਾਦੀ ਮਿਲੀ ਨੂੰ 71 ਸਾਲ ਲਿਖੇ ਹਨ; ਇੱਥੇ 77 ਸਾਲ ਚਾਹੀਦਾ ਸੀ। ਅਵਿਜੀਤ ਪਾਠਕ ਦਾ ਲੇਖ ਵਾਤਾਵਰਨ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।
ਕੰਵਲਜੀਤ ਸਿੰਘ ਕੁਟੀ, ਬਠਿੰਡਾ

Advertisement

ਸਕੂਲ ਲਾਇਬ੍ਰੇਰੀਆਂ

12 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਹਰਭਿੰਦਰ ਸਿੰਘ ਮੁੱਲਾਂਪੁਰ ਦਾ ਲੇਖ ‘ਸਕੂਲ ਲਾਇਬ੍ਰੇਰੀਆਂ: ਅਲਮਾਰੀਆਂ ਵਿੱਚ ਬੰਦ ਪਿਆ ਅਨਮੋਲ ਖ਼ਜ਼ਾਨਾ’ ਸਕੂਲ ਲਾਇਬ੍ਰੇਰੀਆਂ ਨੂੰ ਵਧੇਰੇ ਲਾਹੇਵੰਦ ਅਤੇ ਸਾਰਥਕ ਬਣਾਉਣ ਲਈ ਵਡਮੁੱਲੀ ਜਾਣਕਾਰੀ ਦਿੰਦਾ ਹੈ। ਪੰਜਾਬ ਸਰਕਾਰ ਨੇ ਭਾਵੇਂ ਸੀਨੀਅਰ ਸੈਕੰਡਰੀ ਸਕੂਲਾਂ ’ਚ ਲਾਇਬ੍ਰੇਰੀਅਨ ਦੀ ਅਸਾਮੀ ਭਰੀ ਹੈ ਪਰ ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ’ਚ ਅਧਿਆਪਕਾਂ ਨੂੰ ਹੀ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਲਾਇਬ੍ਰੇਰੀਅਨ ਦੀ ਡਿਊਟੀ ਨਿਭਾਉਣੀ ਪੈਂਦੀ ਹੈ। ਲੇਖਕ ਦੀ ਇਹ ਗੱਲ ਸਹੀ ਹੈ ਕਿ ਹਰ ਸਕੂਲ ’ਚ ਲਾਇਬ੍ਰੇਰੀ ਕਮੇਟੀ ਬਣਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਸਾਹਿਤਕ ਮਾਹੌਲ ਦੀ ਸਿਰਜਣਾ ਕੀਤੀ ਜਾ ਸਕੇ। ਅਜੋਕੇ ਸਮੇਂ ਦੀ ਭੱਜ-ਦੌੜ ਅਤੇ ਘੜਮੱਸ ਵਾਲੀ ਜ਼ਿੰਦਗੀ ਨੇ ਵਿਦਿਆਰਥੀ ਜੀਵਨ ’ਚੋਂ ਸੰਵੇਦਨਾ ਤੇ ਭਾਵਨਾਤਮਕ ਸਾਂਝ ਨੂੰ ਖੋਰਾ ਲਾਇਆ ਹੈ। 6 ਨਵੰਬਰ ਦੇ ਵਿਰਾਸਤੀ ਪੰਨੇ ’ਤੇ ਡਾ. ਅਰਸ਼ਦੀਪ ਕੌਰ ਦਾ ਲੇਖ ‘ਗ਼ਦਰ ਅਖ਼ਬਾਰ ਦੇ ਰੂਬਰੂ’ ਗ਼ਦਰ ਅਖ਼ਬਾਰ ਦੇ ਆਰੰਭ, ਵਿਕਾਸ ਤੇ ਅੰਤਲੇ ਪੜਾਅ ਤੱਕ ਦਾ ਲੇਖਾ-ਜੋਖਾ ਕਰਦਾ ਹੈ। ਇਸ ਅਖ਼ਬਾਰ ਵਿੱਚ ਲਿਖੇ ਇੱਕ ਸੁਨੇਹੇ ਨਾਲ ਹੀ ਹਜ਼ਾਰਾਂ ਦੇਸ਼ ਭਗਤਾਂ ਨੇ ਦੇਸ਼ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਵੱਲ ਵਹੀਰਾਂ ਘੱਤ ਲਈਆਂ ਸਨ। ਦੇਸ਼ ਆਜ਼ਾਦ ਕਰਾਉਣ ਲਈ ਗ਼ਦਰ ਅਖ਼ਬਾਰ ਤੇ ਗ਼ਦਰੀਆਂ ਦੀ ਨਿਭਾਈ ਭੂਮਿਕਾ ਦਾ ਹਰ ਦੇਸ਼ ਵਾਸੀ ਹਮੇਸ਼ਾ ਰਿਣੀ ਰਹੇਗਾ।
ਤਰਸੇਮ ਸਿੰਘ ਡਕਾਲਾ, ਪਟਿਆਲਾ

Advertisement

ਸ਼ਹੀਦ-ਏ-ਆਜ਼ਮ

11 ਨਵੰਬਰ ਦੇ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਲਾਹੌਰ: ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੀ ਯੋਜਨਾ ਰੱਦ’ ਪੜ੍ਹ ਕੇ ਜਿੱਥੇ ਬਹੁਤ ਦੁੱਖ ਹੋਇਆ ਉੱਥੇ ਇੱਕ ਸੇਵਾਮੁਕਤ ਫ਼ੌਜੀ ਦੁਆਰਾ ਦੇਸ਼ਭਗਤ ਨੂੰ ਅਪਰਾਧੀ ਕਹਿ ਦੇਣ ਨਾਲ ਦਿਲ ਪਸੀਜਿਆ। ਇਹ ਕਿਹੋ ਜਿਹੀ ਮਾਨਸਿਕਤਾ ਹੈ ਅਤੇ ਉਹ ਕਿਹੋ ਜਿਹਾ ਫ਼ੌਜੀ ਹੋਵੇਗਾ ਜਿਸ ਨੂੰ ਕ੍ਰਾਂਤੀਕਾਰੀ ਅਤੇ ਅਪਰਾਧੀ ਵਿਚਲਾ ਫ਼ਰਕ ਨਹੀਂ ਪਤਾ। ਇਸ ਸਾਬਕਾ ਫ਼ੌਜੀ ਨੂੰ ਆਪਣੀ ਟਿੱਪਣੀ ’ਤੇ ਖ਼ਿਮਾ ਮੰਗਣੀ ਚਾਹੀਦੀ ਹੈ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)

ਤਫਤੀਸ਼ ਦੀ ਹਕੀਕਤ

11 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਮਿਡਲ ‘ਤਫਤੀਸ਼’ ਵਿੱਚ ਬੈਂਕ ਡਾਕੇ ਬਾਰੇ ਲੇਖਕ ਪਾਲੀ ਰਾਮ ਬਾਂਸਲ ਦਾ ਵੇਰਵਾ ਡਾਕੇ ਨੂੰ 100 ਫ਼ੀਸਦੀ ਝੂਠ ਸਾਬਤ ਕਰਦਾ ਹੈ ਲੇਕਿਨ ਸਬੰਧਿਤ ਡੀਐੱਸਪੀ ਦਾ ਲੇਖਕ ’ਤੇ ਵਿਸ਼ਵਾਸ ਕਰਨ ਦੀ ਬਜਾਇ ਬੇਕਸੂਰ ਬੈਂਕ ਮੈਨੇਜਰ ’ਤੇ ਘੋਣਾ ਲਾਉਣਾ ਕਹਿਣਾ ਪੁਲੀਸ ਦੇ ਜ਼ੁਲਮ ਦਰਸਾਉਂਦਾ ਹੈ। 8 ਨਵੰਬਰ ਦੇ ਮਿਡਲ ‘ਚਿੱਕੜ ’ਤੇ ਉਗਮਦੇ ਸ਼ਬਦ’ ਵਿੱਚ ਕਮਲਜੀਤ ਸਿੰਘ ਬਨਵੈਤ ਅਨੁਸਾਰ ਪੰਜਵੀਂ ਜਮਾਤ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਸੀ ਲੇਕਿਨ ਇਹ ਬੋਰਡ ਤਾਂ 1969 ਵਿੱਚ ਬਣਿਆ ਸੀ ਅਤੇ 1970 ਵਿੱਚ ਪਹਿਲੀ ਵਾਰ ਇਮਤਿਹਾਨ ਲਏ। ਉਨ੍ਹਾਂ ਦੀਆ ਗੱਲਾਂ ਇਸ ਤੋਂ ਕਈ ਸਾਲ ਪਹਿਲਾਂ ਦੀਆਂ ਲੱਗਦੀਆਂ ਹਨ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਪਾਬੰਦੀ ਦਾ ਨਤੀਜਾ

8 ਨਵੰਬਰ ਦੇ ਸੰਪਾਦਕੀ ‘ਬੱਚਿਆਂ ਖਾਤਿਰ’ ਵਿੱਚ ਸਹੀ ਲਿਖਿਆ ਹੈ ਕਿ ਆਸਟਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਇੰਸਟਾਗਰਾਮ, ਟਿਕਟੌਕ ,ਫੇਸਬੱਕ ਤੇ ਕਾਨੂੰਨੀ ਤੌਰ ’ਤੇ ਪਾਬੰਦੀ ਲਾਉਣ ਦਾ ਵਧੀਆ ਨਤੀਜਾ ਨਹੀਂ ਨਿਕਲੇਗਾ। ਵੈਸੇ ਵੀ ਘਰਾਂ ਅੰਦਰ ਬੱਚਿਆਂ ਤੇ ਇਹੋ ਜਿਹੀ ਕਾਨੂੰਨੀ ਪਾਬੰਦੀ ਲਾਉਣੀ ਅਸੰਭਵ ਹੁੰਦੀ ਹੈ। ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਵਧੇਰੇ ਠੀਕ ਹੈ। ਤਸਵੀਰ ਦੇ ਦੋ ਪਾਸੇ ਹੋਣ ਵਾਂਗ ਸਾਇੰਸ ਦੀ ਸੋਸ਼ਲ ਮੀਡੀਆ ਸਮੇਤ ਹਰੇਕ ਕਾਢ ਵਿੱਚ ਬੁਰੇ ਪੱਖ ਵੀ ਹੁੰਦੇ ਹਨ ਜਿਨ੍ਹਾਂ ਬਾਰੇ ਸਾਵਧਾਨ ਰਹਿਣਾ ਸਿੱਖਣਾ ਹੀ ਪੈਂਦਾ ਹੈ। ਆਸਟਰੇਲੀਆ ਸਰਕਾਰ ਵੱਲੋਂ ਕਾਨੂੰਨੀ ਤੌਰ ’ਤੇ ਪਾਬੰਦੀ ਲਗਾਉਣ ਨਾਲ ਸੋਸ਼ਲ ਮੀਡੀਆ ਦੇ ਚੰਗੇ ਤੇ ਮਹੱਤਵਪੂਰਨ ਪੱਖਾਂ ਤੋਂ ਬੱਚਿਆਂ ਨੂੰ ਵਾਂਝੇ ਰੱਖਣਾ ਸਿਆਣਪ ਦੀ ਗੱਲ ਨਹੀਂ ਹੋਵੇਗੀ। ਕਰੋਨਾ ਸਮੇਂ ਆਨਲਾਈਨ ਪੜ੍ਹਾਈ ਕਰਾਉਣ ਨਾਲ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਪੈਣ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਆਸਟਰੇਲੀਆ ਤੋਂ ਇਲਾਵਾ ਸਾਡੇ ਦੇਸ਼ ਵਿੱਚ ਵੀ ਸਿੱਖਿਆ ਸੰਸਥਾਵਾਂ ਤੋ ਇਲਾਵਾ ਬੱਚਿਆਂ ਨੂੰ ਘਰਾਂ ਨੇੜੇ ਖੇਡਾਂ, ਗੀਤ-ਸੰਗੀਤ ਆਦਿ ਸਰੀਰਕ ਤੇ ਮਾਨਸਿਕ ਕਿਰਿਆਵਾਂ ਕਰਾਉਣ ਦੀ ਸਹੂਲਤ ਦੇਣੀ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਗੁਜ਼ਾਰਨ ਲਈ ਘੱਟ ਸਮਾਂ ਮਿਲੇ।
ਸੋਹਣ ਲਾਲ ਗੁਪਤਾ, ਪਟਿਆਲਾ

(2)

8 ਨਵੰਬਰ ਨੂੰ ਸੰਪਾਦਕੀ ‘ਬੱਚਿਆਂ ਖ਼ਾਤਿਰ’ ਬਹੁਤ ਅਹਿਮ ਹੈ। ਕਾਸ਼! ਭਾਰਤ ਸਰਕਾਰ ਵੀ ਅਜਿਹਾ ਕੋਈ ਪ੍ਰਸਤਾਵ ਲੈ ਕੇ ਆਵੇ ਕਿ ਬੱਚਿਆਂ ਦੀ ਸੋਸ਼ਲ ਮੀਡੀਆ ਤਕ ਪਹੁੰਚ ਸੀਮਤ ਕੀਤੀ ਜਾਵੇ। ਫਿਲਹਾਲ ਤਾਂ ਇੱਥੇ ਬਿਲਕੁਲ ਉਲਟ ਹੋ ਰਿਹਾ ਹੈ। ਆਨਲਾਈਨ ਪੜ੍ਹਾਈ ਦੇ ਨਾਂ ਹੇਠ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਆ ਗਏ ਹਨ। ਇਹ ਬਹੁਤ ਗੰਭੀਰ ਮਾਮਲਾ ਹੈ। ਮਾਹਿਰਾਂ ਨੂੰ ਇਸ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ।
ਰੇਸ਼ਮ ਕੌਰ, ਹੁਸ਼ਿਆਰਪੁਰ

ਅਧਿਆਪਕ ਦੀ ਭੂਮਿਕਾ

26 ਅਕਤੂਬਰ ਨੂੰ ਜਸਪਾਲ ਸਿੰਘ ਲੋਹਾਮ ਦਾ ਮਿਡਲ ‘ਵਿਦਿਆਰਥੀ ਕਮਾਂਡਰ’ ਪੜ੍ਹਿਆ। ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਬਹੁਤ ਚੇਤੰਨ ਹੁੰਦਾ ਹੈ। ਵਿਦਿਆਰਥੀ ਵੀ ਪੂਰੀ ਲਗਨ ਨਾਲ ਪੜ੍ਹਾਈ ਕਰਦੇ ਹਨ। ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਜੇਕਰ ਅਧਿਆਪਕ ਅੰਦਰ ਪੜ੍ਹਾਉਣ ਦੀ ਪੂਰੀ ਚਾਹ ਹੋਵੇ ਤੇ ਵਿਦਿਆਰਥੀਆਂ ਵਿੱਚ ਵੀ ਓਨੀ ਹੀ ਰੁਚੀ ਹੋਵੇ ਤਾਂ ਵਿਦਿਆਰਥੀਆਂ ਦਾ ਉੱਜਲ ਭਵਿੱਖ ਨਿਸ਼ਚਿਤ ਹੈ। ਇਉਂ ਚੰਗਾ ਅਧਿਆਪਕ ਵਿਸ਼ੇਸ਼ ਰੋਲ ਅਦਾ ਕਰਦਾ ਹੈ।
ਜਸਦੀਪ ਕੌਰ, ਪਿੰਡ ਜੌਹਲਾਂ (ਲੁਧਿਆਣਾ)

(2)

26 ਅਕਤੂਬਰ ਨੂੰ ਜਸਪਾਲ ਸਿੰਘ ਲੋਹਾਮ ਦਾ ਮਿਡਲ ‘ਵਿਦਿਆਰਥੀ ਕਮਾਂਡਰ’ ਵਧੀਆ ਲੱਗਿਆ। ਲੇਖਕ ਨੇ ਅਧਿਆਪਕ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਬਿਆਨ ਕੀਤੀ ਹੈ।
ਨਵਜੋਤ ਕੌਰ, ਪਿੰਡ ਫਿਰੋਜ਼ਪੁਰ ਕੁਠਾਲਾ (ਮਾਲੇਰਕੋਟਲਾ)

ਤਾਨਾਸ਼ਾਹੀ ਵੱਲ ਵਧ ਰਿਹਾ ਲੋਕਤੰਤਰ

11 ਨਵੰਬਰ ਦਾ ਸੰਪਾਦਕੀ ‘ਟਰੂਡੋ ਦਾ ਇਕਬਾਲ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਦੁਨੀਆ ਦੀ ਭਾਵੇਂ ਕਿਸੇ ਵੀ ਨੁੱਕਰ ਵਿੱਚ ਚਲੇ ਜਾਈਏ, ਸਿਆਸਤਦਾਨਾਂ ਦੀ ਸੋਚ ਇੱਕੋ ਜਿਹੀ ਹੈ ਤੇ ਉਹ ਸੋਚ ਹੈ ਸੱਤਾ ਹਥਿਆਉਣਾ। ਸਦੀਆਂ ਦੀ ਤਾਨਾਸ਼ਾਹੀ ਦਾ ਸੰਤਾਪ ਹੰਢਾਉਣ ਤੋਂ ਬਾਅਦ ਦੁਨੀਆ ਦੇ ਬਹੁਤ ਸਾਰੇ ਦੇਸ਼ ਹੌਲੀ-ਹੌਲੀ ਲੋਕਤੰਤਰ ਵੱਲ ਵਧੇ। ਤਾਨਾਸ਼ਾਹੀ ਤੋਂ ਬਚਣ ਲਈ ਬਹੁਤ ਸਾਰੀਆਂ ਵਿਚਾਰਧਾਰਾਵਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਲੋਕਤੰਤਰ ਅਜਿਹੀ ਸੋਚ ਸੀ ਜਿਹੜੀ ਤਾਨਸ਼ਾਹੀ ਦੇ ਇੱਕ ਪੁਰਖੀ ਰਾਜ ਵਿਰੁੱਧ ‘ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ’ ਚੁਣੀ ਗਈ ਸਰਕਾਰ ਦਾ ਨਾਅਰਾ ਦਿੰਦੀ ਸੀ। ਸ਼ੁਰੂ-ਸ਼ੁਰੂ ਵਿੱਚ ਲੋਕਾਂ ਨੇ ਤਾਨਾਸ਼ਾਹੀ ਤੇ ਲੋਕਤੰਤਰ ਦਾ ਫ਼ਰਕ ਮਹਿਸੂਸ ਵੀ ਕੀਤਾ ਪਰ ਹੌਲੀ-ਹੌਲੀ ਸੱਤਾ ਨਾਲ ਚਿਪਕੇ ਰਹਿਣ ਦੇ ਮਨੁੱਖੀ ਸੁਭਾਅ ਨੇ ਲੋਕਤੰਤਰ ਨੂੰ ਵੀ ਤਾਨਾਸ਼ਾਹੀ ਵਰਗਾ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਪਾਰਟੀ ਇੱਕ ਵਾਰੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਤਾਨਾਸ਼ਾਹਾਂ ਵਾਂਗ ਹਰ ਗ਼ਲਤ ਢੰਗ ਅਪਣਾ ਕੇ ਵੋਟਾਂ ਆਪਣੇ ਹੱਕ ਵਿੱਚ ਭੁਗਤਾ ਕੇ ਸੱਤਾ ਵਿੱਚ ਆਉਣ ਦਾ ਯਤਨ ਕਰਦੀ ਹੈ। ਜਿਹੜਾ ਨੇਤਾ ਇੱਕ ਵਾਰੀ ਸੱਤਾ-ਧਾਰੀ ਪਾਰਟੀ ਦਾ ਮੁਖੀ ਬਣ ਜਾਂਦਾ ਹੈ, ਉਹ ਵੀ ਮਰਦੇ ਦਮ ਤੱਕ ਤਾਨਾਸ਼ਾਹ ਵਾਂਗ ਸੱਤਾ ਵਿੱਚ ਰਹਿਣ ਦਾ ਯਤਨ ਕਰਦਾ ਹੈ। ਇਹੀ ਕੁਝ ਕੈਨੇਡਾ ਵਿੱਚ ਹੋ ਰਿਹਾ ਹੈ।
ਫਕੀਰ ਸਿੰਘ, ਦਸੂਹਾ

Advertisement
Author Image

sukhwinder singh

View all posts

Advertisement