For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

08:42 AM Oct 27, 2024 IST
ਡਾਕ ਐਤਵਾਰ ਦੀ
Advertisement

ਹਸੀਨ ਯਾਦਾਂ

20 ਅਕਤੂਬਰ ਐਤਵਾਰ ਅੰਕ ਦੇ ਦਸਤਕ ਪੰਨੇ ਦੀ ਰਚਨਾ ਦੋਸਤੀ ਦੀਆਂ ਦੋ ਸਲਾਈਆਂ ਦੋ ਵੱਡੇ ਸਾਹਿਤਕਾਰਾਂ ਦੀਆਂ ਹਸੀਨ ਯਾਦਾਂ ਤਾਜ਼ੀਆਂ ਕਰ ਗਈ। ਅੰਮ੍ਰਿਤਾ ਪ੍ਰੀਤਮ ਨੇ ਖੁਸ਼ਵੰਤ ਸਿੰਘ ਬਾਰੇ ਨਾਵਲ ‘ਪਿੰਜਰ’ ਦੀ ਚਰਚਾ ਕੀਤੀ ਹੈ। ‘ਪਿੰਜਰ’ ਦਾ ਅੰਗਰੇਜ਼ੀ ਅਨੁਵਾਦ ਖੁਸ਼ਵੰਤ ਸਿੰਘ ਨੇ ਸਮੁੰਦਰੀ ਸਫ਼ਰ ਵਿੱਚ ਕੀਤਾ। ਖੁਸ਼ਵੰਤ ਸਿੰਘ ਪੰਜਾਬੀ ਤੇ ਅੰਗਰੇਜ਼ੀ ਦਾ ਉੱਘਾ ਵਿਦਵਾਨ ਸੀ। ਅੰਮ੍ਰਿਤਾ ਪ੍ਰੀਤਮ ਨੇ ਵੀ ਪੰਜਾਬੀ ਨਾਵਲਕਾਰੀ ਵਿਚ ਦੁਨੀਆ ਵਿੱਚ ਆਪਣੀ ਧਾਂਕ ਜਮਾਈ। ਅੰਮ੍ਰਿਤਾ ਦੇ ਕਈ ਨਾਵਲ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਏ। ਖੁਸ਼ਵੰਤ ਸਿੰਘ ਨੂੰ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਨਾਲ ਜ਼ਿਹਨੀ ਮੁਹੱਬਤ ਸੀ। ਇਸ ਰਚਨਾ ਨੂੰ ਪੜ੍ਹ ਕੇ ਸਾਹਿਤਕ ਆਨੰਦ ਮਾਣਿਆ। ਸੁਰਜੀਤ ਕੌਰ ਸੰਧੂ ਨੇ ਖੁਸ਼ਵੰਤ ਸਿੰਘ ਦੀ ਘਰੇਲੂ ਸਥਿਤੀ ਦਾ ਜ਼ਿਕਰ ਕੀਤਾ ਹੈ। ਸੁਰਜੀਤ ਕੌਰ ਸੰਧੂ ਤੇ ਗੁਲਜ਼ਾਰ ਸਿੰਘ ਸੰਧੂ ਦੀ ਮੁਹੱਬਤ ਖੁਸ਼ਵੰਤ ਸਿੰਘ ਦੇ ਪਰਿਵਾਰ ਨਾਲ ਇਤਿਹਾਸਕ ਤੇ ਫ਼ਖਰ ਕਰਨਯੋਗ ਸੀ। ਖੁਸ਼ਵੰਤ ਸਿੰਘ ਤੇ ਕਵਲ ਦੀ ਪੁਰਾਣੀ ਤਸਵੀਰ ਆਪਣੇ-ਆਪ ਵਿੱਚ ਬਹੁਤ ਕੁਝ ਕਹਿ ਗਈ। ਖ਼ੁਸ਼ਵੰਤ ਸਿੰਘ ਨੇ ਸਾਦਗੀ ਤੇ ਸੁਹਜਮਈ ਜ਼ਿੰਦਗੀ ਜੀਵੀ। ਖ਼ੁਸ਼ਵੰਤ ਸਿੰਘ ਪਾਠਕਾਂ ਦਾ ਹਰਮਨਪਿਆਰਾ ਸਾਹਿਤਕਾਰ ਅਤੇ ਇਤਿਹਾਸਕਾਰ ਸੀ। ਸੁਰਜੀਤ ਕੌਰ ਸੰਧੂ ਦੀ ਰਚਨਾ ਵਿੱਚ ਖ਼ੁਸ਼ਵੰਤ ਸਿੰਘ ਦੇ ਪੁੱਤਰ ਰਾਹੁਲ ਬਾਰੇ ਪੜ੍ਹ ਕੇ ਚੰਗਾ ਲੱਗਾ। ਰਾਹੁਲ ਵੀ ਆਪਣੇ ਬਾਪ ਵਾਂਗ ਖੁੱਲ੍ਹੇ ਵਿਚਾਰਾਂ ਦਾ ਮਾਲਕ ਹੈ ਪਰ ਰਾਹੁਲ ਦੀਆਂ ਲਿਖਤਾਂ ਬਾਰੇ ਕੋਈ ਪਤਾ ਨ੍ਹੀ ਲੱਗਾ ਕਿ ਉਹ ਲਿਖਦਾ ਵੀ ਹੈ ਕਿ ਨਹੀਂ। ਇਸ ਅੰਕ ਵਿੱਚ ਪੰਜਾਬੀ ਟ੍ਰਿਬਿਊਨ ਦੀਆਂ 46 ਸਾਲ ਦੀਆਂ ਯਾਦਾਂ ਵਿੱਚ ਜਗਰੂਪ ਸਿੰਘ ਦੀ ਅਖ਼ਬਾਰ ਨਾਲ ਨੇੜਤਾ ਤੇ ਮੁਹੱਬਤ ਦਾ ਪੜ੍ਹ ਕੇ ਬਹੁਤ ਖੁਸ਼ੀ ਹੋਈ। ਇਹ ਯਾਦਾਂ ਇੱਕ ਤੋਂ ਵਧੇਰੇ ਛਾਪਿਆ ਕਰੋ ਤਾਂ ਕਿ ਪਾਠਕਾਂ ਦੀ ਉਡੀਕ ਬਹੁਤੀ ਲੰਮੀ ਨਾ ਹੋਵੇ। ਅਖ਼ਬਾਰ ਦੇ ਅਨੇਕਾਂ ਪਾਠਕਾਂ ਨੇ ‘ਪੰਜਾਬੀ ਟ੍ਰਿਬਿਊਨ’ ਦੀਆਂ ਪੁਰਾਣੀਆਂ ਕਾਤਰਾਂ ਸਾਂਭ ਕੇ ਰੱਖੀਆ ਹੋਈਆਂ ਹਨ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ

Advertisement

ਲਾਲੀ ਬਾਬਾ

ਐਤਵਾਰ, 15 ਸਤੰਬਰ ਦੇ ‘ਦਸਤਕ’ ਅੰਕ ਵਿੱਚ ਰਾਜਿੰਦਰਪਾਲ ਸਿੰਘ ਬਰਾੜ ਦਾ ਲੇਖ ‘ਪਟਿਆਲੇ ਦਾ ਭੂਤਵਾੜਾ ਅਤੇ ਲਾਲੀ’ ਸਾਹਿਤ ਦੇ ਵਿਦਵਾਨ ਹਰਦਿਲਜੀਤ ਸਿੰਘ ਸਿੱਧੂ ਉਰਫ਼ ਲਾਲੀ ਦੇ ਜੀਵਨ ’ਤੇ ਸੰਖੇਪ ਝਾਤ ਪਾਉਂਦਾ ਹੈ। ਲਾਲੀ ਬਾਬਾ ਨਾਮ ਇਸ ਕ਼ਦਰ ਮਸ਼ਹੂਰ ਹੋਇਆ ਕਿ ਅਸਲ ਨਾਂ ਤਾਂ ਕਿਧਰੇ ਗੁਆਚ ਹੀ ਗਿਆ। ਲਾਲੀ ਇੱਕ ਤੁਰਦੀ ਫਿਰਦੀ ਯੂਨੀਵਰਸਿਟੀ ਸੀ। ਸਾਹਿਤ ਅਤੇ ਸਿਨੇਮਾ ਦੇ ਨਾਲ ਨਾਲ ਅਜਿਹਾ ਕੋਈ ਵੀ ਖੇਤਰ ਨਹੀਂ ਸੀ ਜਿਸ ਬਾਰੇ ਲਾਲੀ ਵਿਚਾਰ ਚਰਚਾ ਨਹੀਂ ਸੀ ਕਰ ਸਕਦਾ। ਉਹ ਪੰਜਾਬੀ ਦੇ ਨਾਲ ਨਾਲ ਹਿੰਦੀ, ਬੰਗਾਲੀ ਅਤੇ ਵਿਦੇਸ਼ੀ ਸਾਹਿਤ ਦਾ ਵੀ ਗਿਆਨ ਰੱਖਦਾ ਸੀ। ਲਾਲੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਊਣ ਦੀ ਬਜਾਏ ਸਾਦਗੀ ਵਿੱਚ ਦ੍ਰਿੜ ਵਿਸ਼ਵਾਸ ਰੱਖਦਾ ਸੀ। ਇਸੇ ਦਾ ਹੀ ਨਤੀਜਾ ਹੈ ਕਿ ਆਪਣੀ ਨੌਕਰੀ ਦੇ ਐਕਸਟੈਨਸ਼ਨ ਸਮੇਂ ਉਸ ਨੇ ਤਨਖ਼ਾਹ ਵਾਲਾ ਫਾਰਮ ਵੀ ਨਹੀਂ ਭਰਿਆ। ਜਾਗੀਰਦਾਰੀ ਪਰਿਵਾਰ ਵਿੱਚ ਪਲਿਆ ਤੇ ਵੱਡਾ ਹੋ ਕੇ ਵੀ ਉਹ ਅਮੀਰਾਂ ਵਾਲੀ ਹਊਮੈਂ ਤੋਂ ਕੋਹਾਂ ਦੂਰ ਸੀ। ਅਜਿਹੀ ਸਾਦਗੀ ਅਤੇ ਫ਼ਕੀਰੀ ਦੀ ਜ਼ਿੰਦਗੀ ਜਿਊਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਵੀ ਹੁਨਰ ਰੱਬ ਕਿਸੇ ਕਿਸੇ ਨੂੰ ਹੀ ਦੇ ਕੇ ਭੇਜਦਾ ਹੈ। ਲਾਲੀ ਪੜ੍ਹਿਆ ਬਹੁਤ, ਪਰ ਉਸ ਨੇ ਲਿਖਿਆ ਨਹੀਂ, ਇਸ ਗੱਲ ਦਾ ਅਫ਼ਸੋਸ ਹਮੇਸ਼ਾ ਰਹੇਗਾ ਕਿਉਂਕਿ ਜੇਕਰ ਉਹ ਲਿਖਦਾ ਤਾਂ ਪਤਾ ਨਹੀਂ ਕਿੰਨੇ ਅਤੇ ਕਿਹੜੇ ਕਿਹੜੇ ਵਿਸ਼ਿਆਂ ਨੂੰ ਛੋਂਹਦਾ ਹੋਇਆ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਉਂਦਾ। ਹਰਦਿਲਜੀਤ ਸਿੰਘ ਲਾਲੀ ਅੱਜ ਸਾਡੇ ਵਿਚਕਾਰ ਨਹੀਂ, ਪਰ ਉਸ ਦੀ ਸਾਦਗੀ ਤੇ ਵਿਦਵਤਾ ਭਰਪੂਰ ਜ਼ਿੰਦਗੀ ਵਿਦਿਆਰਥੀਆਂ ਲਈ ਹਮੇਸ਼ਾ ਰਾਹਦਸੇਰਾ ਬਣੀ ਰਹੇਗੀ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

Advertisement

ਫਾਸ਼ੀਵਾਦੀ ਨੀਤੀਆਂ

ਐਤਵਾਰ, 6 ਅਕਤੂਬਰ ਦੇ ਅੰਕ ਵਿੱਚ ਰਾਮਚੰਦਰ ਗੁਹਾ ਦਾ ਲੇਖ ‘ਤਬਾਹੀ ਦੇ ਸੌਦਾਗਰ ਤੇ ਉਨ੍ਹਾਂ ਦੇ ਜੋਟੀਦਾਰ’ ਪੜ੍ਹਿਆ। ਇਹ ਜਾਣ ਕੇ ਨਮੋਸ਼ੀ ਹੋਈ ਕਿ ਸ਼ਾਂਤੀ ਦਾ ਪੁਜਾਰੀ ਮੇਰਾ ਦੇਸ਼ ਵੀ ਉਨ੍ਹਾਂ ਜੋਟੀਦਾਰਾਂ ਵਿੱਚ ਸ਼ਾਮਲ ਹੈ ਜਿਹੜੇ ਫਲਸਤੀਨੀ ਲੋਕਾਂ ਦੀ ਤਬਾਹੀ ਵਿੱਚ ਇਜ਼ਰਾਈਲ ਦਾ ਸਾਥ ਦੇ ਰਹੇ ਹਨ। ਲੇਖਕ ਦੇਸ਼ ਦੀ ਮੌਜੂਦਾ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦਾ ਚਿਹਰਾ ਬੇਪਰਦ ਕਰਦਾ ਹੈ। ਇਜ਼ਰਾਈਲ ਦੇ ਮੁੱਖ ਸਰਪ੍ਰਸਤ ਵੀ ਸੰਯੁਕਤ ਰਾਸ਼ਟਰ ਵਿੱਚ ਉਸ ਦੀ ਨਿਖੇਧੀ ਕਰਦਿਆਂ ਉਸ ਨੂੰ ਲਾਹਣਤਾਂ ਪਾ ਰਹੇ ਹਨ, ਪਰ ਸਾਡਾ ਦੇਸ਼ ਮਰਹੂਮ ਅਤੇ ਮਸ਼ਹੂਰ ਕਾਰਟੂਨਿਸਟ ਲਕਸ਼ਮਣ ਦੇ ਆਮ ਆਦਮੀ ਵਾਂਗੂ ਸਹਿਮਿਆ ਹੋਇਆ ਹੈਰਾਨ-ਪ੍ਰੇਸ਼ਾਨ ਖੜ੍ਹਾ ਦਿਸਦਾ ਹੈ ਜਿਸ ਨੂੰ ਸਮਝ ਨਹੀਂ ਆ ਰਹੀ ਕਿ ਪਾਸਾ ਕਿੰਝ ਸੁੱਟਿਆ ਜਾਵੇ ਤਾਂ ਜੋ ਕੌਮਾਂਤਰੀ ਸਿਆਸਤ ਵਿੱਚ ਦਾਅ ਸਹੀ ਪੈ ਜਾਵੇ। ਨਿੱਜੀ ਦੋਸਤੀ ਲਈ ਦੇਸ਼ ਦੇ ਕੌਮਾਂਤਰੀ ਵੱਕਾਰ ਨੂੰ ਦਾਅ ’ਤੇ ਲਾਉਣਾ ਕਿਸੇ ਪੱਖੋਂ ਵੀ ਸਲਾਹੁਣਯੋਗ ਨਹੀਂ ਹੈ। ਵਿਸ਼ਵ ਸ਼ਾਂਤੀ ਭੰਗ ਹੋਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਤਬਾਹੀ ਦੇ ਜੋਟੀਦਾਰਾਂ ਦੀ ਜੁੰਡਲੀ ਨੂੰ ਰੋਕਣਾ ਸ਼ਾਂਤੀ-ਦੂਤ ਦਾ ਜ਼ਰੂਰੀ ਫ਼ਰਜ਼ ਹੈ।
ਜਗਰੂਪ ਸਿੰਘ, ਉਭਾਵਾਲ

Advertisement
Author Image

sukhwinder singh

View all posts

Advertisement