For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:10 AM Oct 25, 2024 IST
ਪਾਠਕਾਂ ਦੇ ਖ਼ਤ
Advertisement

ਸਿਆਸਤ ਵਿੱਚ ਪਰਿਵਾਰਵਾਦ
24 ਅਕਤੂਬਰ ਵਾਲੀ ਸੰਪਾਦਕੀ ‘ਪਰਿਵਾਰ ਨੂੰ ਪਹਿਲ’ ਤੋਂ ਸਪੱਸ਼ਟ ਹੈ ਕਿ ਜ਼ਿਆਦਾਤਰ ਪਾਰਟੀਆਂ ਵਿੱਚ ਗਿਣੇ ਚੁਣੇ ਪਰਿਵਾਰਾਂ ਦਾ ਕਬਜ਼ਾ ਹੋ ਚੁੱਕਿਆ ਹੈ। ਹੁਣ ਚੋਣਾਂ ਧਨ ਤੇ ਅਸਰ-ਰਸੂਖ ਦੀ ਖੇਡ ਬਣ ਗਈਆਂ ਹਨ। ਲੋਕਤੰਤਰ ਦਾ ਮੁੱਢ ਨਗਰ ਕੌਂਸਲ ਜਾਂ ਪੰਚਾਇਤੀ ਚੋਣਾਂ ਤੋਂ ਲੈ ਕੇ ਵਿਧਾਨ ਸਭਾ, ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਪਰਿਵਾਰਵਾਦ ਦਾ ਰੁਝਾਨ ਜ਼ੋਰਾਂ ’ਤੇ ਹੈ ਜੋ ਆਉਣ ਵਾਲੇ ਸਮੇਂ ਵਿੱਚ ਲੋਕਤੰਤਰ ਲਈ ਖ਼ਤਰਾ ਬਣ ਸਕਦਾ ਹੈ।
ਗੁਰਸੇਵਕ ਮਿੱਠਾ, ਰਾਏਕੋਟ

Advertisement


ਵਾਲਮੀਕਿ ਬਾਰੇ ਸਵਾਲ
ਦਲਬੀਰ ਸਿੰਘ ਧਾਲੀਵਾਲ ਦਾ ਲੇਖ ‘ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ’ (ਵਿਰਾਸਤ, 23 ਅਕਤੂਬਰ) ਅਹਿਮ ਜਾਣਕਾਰੀ ਪੇਸ਼ ਕਰਦਾ ਹੈ ਪਰ ਪਾਠਕਾਂ ਦੇ ਮਨਾਂ ਵਿੱਚ ਵਾਲਮੀਕਿ ਦੇ ਪ੍ਰਸੰਗ ਬਾਰੇ ਵੱਡੇ ਸਵਾਲ ਵੀ ਪੈਦਾ ਹੋ ਰਹੇ ਹਨ ਜਿਵੇਂ ਜੇ ਉਹ ਭਗਵਾਨ ਰਾਜਾ ਦੇ ਪੁੱਤ ਸਨ ਤਾਂ ਅਖੌਤੀ ਜਾਤ ਦੇ ਕਿਵੇਂ ਹੋਏ ਆਦਿ। ਇਨ੍ਹਾਂ ਸਵਾਲਾਂ ਦੇ ਜਵਾਬ ਗੁਰਨਾਮ ਦੀ ਮੁਕਤਸਰ ਦੀ ਕਿਤਾਬ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ’ਚ ਮਿਲਦਾ ਹੈ। ਆਰੀਆ ਦੇ ਆਗਮਨ ਤੋਂ ਪਹਿਲਾਂ ਸਿੰਧੂ ਘਾਟੀ ਅਤੇ ਹੜੱਪਾ ਸੱਭਿਅਤਾ ਭਾਰਤ ਦੀਆਂ ਉੱਨਤ ਤੇ ਵਿਕਸਿਤ ਸੱਭਿਆਤਾਵਾਂ ਸਨ। ਜਦੋਂ ਸਿੰਧ ਸੱਭਿਅਤਾ ਸਿਖਰਾਂ ’ਤੇ ਸੀ ਤਾਂ ਆਰੀਆ ਨੇ ਭਾਰਤ ਦੇ ਮੂਲ ਨਿਵਾਸੀਆਂ ’ਤੇ ਹਮਲਾ ਕਰ ਕੇ ਜਿੱਤ ਪ੍ਰਾਪਤ ਕੀਤੀ। ਹਾਰੇ ਹੋਏ ਮੂਲ ਨਿਵਾਸੀ ਦਾਸ ਬਣਾ ਲਏ, ਕੁਝ ਉੱਤਰੀ ਭਾਰਤ ਛੱਡ ਕੇ ਦੱਖਣ ਵੱਲ ਚਲੇ ਗਏ। ਦਾਸ ਨੂੰ ਦਸਿਊ ਕਿਹਾ ਜਾਣ ਲੱਗਾ। ਸ਼ੂਦਰ ਜਾਤ ਦਾ ਜਨਮ ਦਸਿਊ ਤੋਂ ਹੀ ਹੋਇਆ। ਆਰੀਆ ਖ਼ੁਦ ਬ੍ਰਾਹਮਣ ਅਤੇ ਕਸ਼ਤਰੀ ਬਣ ਗਏ। ਰਮਾਇਣ ਦੇ ਨਾਇਕ ਭਗਵਾਨ ਰਾਮ ਆਰੀਆ ਸੱਭਿਅਤਾ ਦੇ ਪ੍ਰਤੀਨਿਧੀ ਸਨ। ਰਾਮ ਦਾ ਜਿਨ੍ਹਾਂ ਰਾਖ਼ਸਾਂ ਨਾਲ ਸੰਘਰਸ਼ ਹੋਇਆ, ਉਹ ਭਾਰਤ ਦੇ ਮੂਲ ਨਿਵਾਸੀ ਸਨ। ਰਮਾਇਣ ’ਚ ਆਰੀਆ ਤੇ ਅਨ-ਆਰੀਆ ਦੇ ਯੁੱਧ ਦਾ ਚਿਤਰਨ ਮਿਲਦਾ ਹੈ। ਰਮਾਇਣ ਨੇ ਸੁਰ (ਆਰੀਆ) ਅਤੇ ਅਸੁਰ (ਦ੍ਰਾਵਿੜ) ਕਹਿ ਕੇ ਵੱਖ ਕਰ ਦਿੱਤਾ। ਸਿੰਧੂ ਘਾਟੀ ਦੀ ਸੱਭਿਅਤਾ ਨੂੰ ਤਬਾਹ ਕਰ ਕੇ ਆਰੀਆ ਨੇ ਸਮਾਜ ਦੀ ਵਿਵਸਥਾ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਮੂਲ ਨਿਵਾਸੀਆਂ ਨੂੰ ਰਾਖ਼ਸ਼, ਸ਼ੂਦਰ, ਅਛੂਤ ਆਦਿ ਕਹਿ ਕੇ ਬੁਲਾਇਆ ਗਿਆ। ਸ਼ਾਇਦ, ਇਸ ਕਰ ਕੇ ਹੀ ਭਗਵਾਨ ਵਾਲਮੀਕਿ ਦੀ ਮਹਾਂ ਕਾਵਿ ਰਚਨਾ ਨੂੰ ਹਿੰਦੂ ਮੰਦਿਰਾਂ ’ਚ ਸਨਮਾਨ ਨਹੀਂ ਦਿੱਤਾ ਜਾਂਦਾ।
ਸੁਖਪਾਲ ਕੌਰ, ਚੰਡੀਗੜ੍ਹ

Advertisement


ਭਾਵੁਕ ਰਿਸ਼ਤੇ
23 ਅਕਤੂਬਰ ਨੂੰ ਮਿਡਲ ‘ਰਿਸ਼ਤੇ ਦੀ ਪਾਕੀਜ਼ਗੀ’ ਭਾਵੁਕ, ਮੇਲ ਮਿਲਾਪ ਰਿਸ਼ਤੇ ਵਾਲਾ ਜਾਪਿਆ। ਲੇਖਕ ਨੇ ਖ਼ੂਨ ਦੇ ਰਿਸ਼ਤਿਆਂ ਦੇ ਨਾਲ ਨਾਲ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਅਧਿਆਪਕ ਵਿਦਿਆਰਥੀ ਨੂੰ ਚੰਗੀ ਸਿੱਖਿਆ ਦਿੰਦਾ ਹੈ। ਅਧਿਆਪਕ ਵਿਦਿਆਰਥੀ ਦੀ ਕਾਮਯਾਬੀ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਪੇਕੇ ਹੁੰਦੇ ਮਾਵਾਂ ਨਾਲ’ ਵਧੀਆ ਲੱਗਿਆ। ਮਾਵਾਂ ਹੀ ਆਪਣੀਆਂ ਧੀਆਂ ਦੀ ਉਤਸੁਕਤਾ ਨਾਲ ਉਡੀਕ ਕਰਦੀਆਂ ਹਨ ਅਤੇ ਭੈਣਾਂ ਨੂੰ ਪੇਕੇ ਘਰ ਵਿੱਚ ਆਦਰ ਮਾਣ ਉਨ੍ਹਾਂ ਦੇ ਭਰਾਵਾਂ ਸਦਕਾ ਹੀ ਮਿਲਦਾ ਹੈ।
ਨਵਜੋਤ ਕੌਰ, ਪਿੰਡ ਫਿਰੋਜ਼ਪੁਰ ਕੁਠਾਲਾ (ਮਾਲੇਰਕੋਟਲਾ)


ਵਹਿਮਾਂ-ਭਰਮਾਂ ਤੋਂ ਦੂਰ
21 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੀ. ਮਾਰਕੰਡਾ ਦਾ ਲੇਖ ‘ਜਦੋਂ ਭੂਤ ਚਿੰਬੜੇ’ ਪੜ੍ਹਿਆ। ਇਸ ਵਿੱਚ ਵਹਿਮਾਂ-ਭਰਮਾਂ ਬਾਰੇ ਟਿੱਪਣੀ ਕੀਤੀ ਗਈ ਹੈ। ਲੇਖਕ ਨਾਲ ਬੀਤੀ ਘਟਨਾ ਦਿਮਾਗੀ ਬਿਮਾਰੀ ਕਾਰਨ ਸੀ। ਇਸ ਲਈ ਸਾਨੂੰ ਸਾਰੇ ਵਹਿਮਾਂ-ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਵਿਰਾਸਤ’ ਸੋਹਣੀ ਕੁਦਰਤ ਨੂੰ ਪੇਸ਼ ਕਰਦਾ ਹੈ ਅਤੇ ਸਾਨੂੰ ਸੋਹਣੀ ਜ਼ਿੰਦਗੀ ਜਿਊਣ ਲਈ ਪ੍ਰੇਰਦਾ ਹੈ। ਲੇਖ ਵਿੱਚ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਯਾਦ ਕਰਵਾਈ ਗਈ ਹੈ।
ਪਵਨਪ੍ਰੀਤ ਕੌਰ, ਫਿਰੋਜ਼ਪੁਰ ਕੁਠਾਲਾ (ਮਾਲੇਰਕੋਟਲਾ)


ਉਸਾਰੂ ਸੋਚ ਦਾ ਸੁਨੇਹਾ
15 ਅਕਤੂਬਰ ਵਾਲੇ ਅੰਕ ਵਿੱਚ ਸ਼ਿਵੰਦਰ ਕੌਰ ਦਾ ਲੇਖ ‘ਮੌਜੂਦਾ ਸਿੱਖਿਆ ਪ੍ਰਣਾਲੀ ਤੇ ਵਿਦਿਆਰਥੀ’ ਪੜ੍ਹਿਆ। ਵਾਕਿਆ ਹੀ ਮਾਪੇ ਆਪਣੇ ਬੱਚਿਆਂ ਨੂੰ ਵੱਡੇ ਨੌਕਰੀ ਪੈਕੇਜ ਦਿਵਾਉਣ ਦੀ ਲਾਲਸਾ ਵਿੱਚ ਉਨ੍ਹਾਂ ’ਤੇ ਦਬਾਅ ਵਧਾਉਂਦੇ ਹਨ ਜੋ ਵਿਦਿਆਰਥੀ ਦੀਆਂ ਖ਼ੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਹੈ। ਸਾਨੂੰ ਬੱਚਿਆਂ ਉੱਤੇ ਪੜ੍ਹਾਈ ਦਾ ਬੋਝ ਬਿਲਕੁਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਬੋਝ ਬੱਚੇ ਨੂੰ ਪ੍ਰੇਸ਼ਾਨ ਕਰਦਾ ਹੈ ਜੋ ਖ਼ਤਰਨਾਕ ਸਾਬਿਤ ਹੁੰਦਾ ਹੈ। ਲੇਖ ਉਸਾਰੂ ਸੋਚ ਅਪਨਾਉਣ ਦਾ ਸੁਨੇਹਾ ਦਿੰਦਾ ਹੈ।
ਅਜੀਤ ਖੰਨਾ, ਈਮੇਲ


ਸਿੱਖਿਆ ਦਾ ਬਦਲਦਾ ਮੁਹਾਂਦਰਾ
15 ਅਕਤੂਬਰ ਦੇ ਪ੍ਰੋ. ਮੋਹਣ ਸਿੰਘ ਦੇ ਮਿਡਲ ‘ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਮੇਂ ਦੇ ਬਦਲਾਓ ਨਾਲ ਸਿੱਖਿਆ ਪ੍ਰਣਾਲੀ ਵਿੱਚ ਕਿਸ ਤਰ੍ਹਾਂ ਦਿਨੋ-ਦਿਨ ਨਿਘਾਰ ਆ ਰਿਹਾ ਹੈ। ਨਕਲ ਨਾਲ ਪਾਸ ਹੋਣ ਵਾਲੇ ਵਿਦਿਆਰਥੀ ਡਿਗਰੀਆਂ ਤਾਂ ਲੈ ਲੈਂਦੇ ਹਨ ਪਰ ਗਿਆਨ ਤੋਂ ਕੋਰੇ ਰਹਿ ਜਾਂਦੇ ਹਨ। ਸਰਕਾਰ ਦੇ ਨਾਲ-ਨਾਲ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਵਿਦਿਆਰਥੀਆਂ ਨੂੰ ਨਕਲ ਰਹਿਤ ਪ੍ਰੀਖਿਆ ਲਈ ਪ੍ਰੇਰਨ। 5 ਅਕਤੂਬਰ ਦੇ ਮੁੱਖ ਸਫ਼ੇ ’ਤੇ ਛਪੀ ਖ਼ਬਰ ‘ਬਰੈਂਪਟਨ ਦੇ ਰੈਸਟੋਰੈਂਟ ’ਚ ਨੌਕਰੀ ਲਈ ਪੰਜਾਬੀ ਵਿਦਿਆਰਥੀਆਂ ਦੀ ਕਤਾਰਾਂ’ ਇਸ ਗੱਲ ਦੀ ਸ਼ਾਹਦੀ ਹੈ ਕਿ ਵਿਦੇਸ਼ਾਂ ਵਿੱਚ ਵੀ ਹੁਣ ਭਵਿੱਖ ਸੁਰੱਖਿਅਤ ਨਹੀਂ। ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਨ ਅਤੇ ਫਿਰ ਉੱਥੇ ਹੀ ਪੱਕੇ ਵਸਨੀਕ ਬਣਨ ਦਾ ਸੁਫਨਾ ਲੈ ਕੇ ਉਡਾਰੀ ਭਰਦੇ ਹਨ ਪਰ ਇਹ ਉਡਾਰੀ ਹੁਣ ਮੁਸ਼ਕਿਲਾਂ ਅਤੇ ਸੰਕਟ ਨਾਲ ਭਰਪੂਰ ਹੋ ਗਈ ਹੈ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)


ਰੌਸ਼ਨ ਰਾਹ
14 ਅਕਤੂਬਰ ਨੂੰ ਛਪੇ ਮਿਡਲ ‘ਰੌਸ਼ਨ ਰਾਹ’ ਵਿੱਚ ਕੇ ਸੀ ਰੁਪਾਣਾ ਨੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ ਕਿ ਸਾਨੂੰ ਅੰਧ-ਵਿਸ਼ਵਾਸ ਵਿੱਚ ਨਹੀਂ ਪੈਣਾ ਚਾਹੀਦਾ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿਸੇ ਵੀ ਅੰਧ-ਵਿਸ਼ਵਾਸ ਵਿੱਚ ਨਾ ਪੈਣ ਦਾ ਉਪਦੇਸ਼ ਦਿੱਤਾ ਹੈ।
ਨਵਪ੍ਰੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)


ਮਨ ਵਿੱਚ ਵਸਿਆ ਗ਼ਮ
12 ਅਕਤੂਬਰ ਨੂੰ ਦਰਸ਼ਨ ਸਿੰਘ ਦੀ ਰਚਨਾ ‘ਖ਼ੁਸ਼ਬੂ’ ਪੜ੍ਹੀ। ਲੇਖਕ ਆਪਣੀ ਦਾਦੀ ਨਾਲ ਮੋਹ-ਪਿਆਰ ਅਤੇ ਉਸ ਦੇ ਜਹਾਨ ਤੋਂ ਚਲੇ ਜਾਣ ਪਿੱਛੋਂ ਭੂਆ ਤੇ ਦਾਦੇ ਦੇ ਮਨ ਵਿੱਚ ਵਸਿਆ ਗ਼ਮ ਬਿਆਨ ਕਰਦਾ ਹੈ। 10 ਅਕਤੂਬਰ ਨੂੰ ਸੁਪਿੰਦਰ ਸਿੰਘ ਰਾਣਾ ਦੀ ਰਚਨਾ ‘ਪੇਕੇ ਹੁੰਦੇ ਮਾਵਾਂ ਨਾਲ’ ਪੜ੍ਹ ਕੇ ਮਨ ਉਦਾਸ ਹੋ ਗਿਆ। ਅੱਜ ਕੱਲ੍ਹ ਹਰ ਇਨਸਾਨ ਕਿਸੇ ਨਾ ਕਿਸੇ ਦੇ ਮੋਹ-ਪਿਆਰ ਨੂੰ ਨਾ ਸਮਝਦਾ ਹੋਇਆ ਆਪਣੀ ਗੱਲ ਨੂੰ ਹੀ ਮੁੱਖ ਰੱਖਦਾ ਹੈ। ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਮੋਹਨ ਸ਼ਰਮਾ ਦੀ ਰਚਨਾ ‘ਹੰਝੂਆਂ ਦੀ ਭਾਸ਼ਾ’ ਪੜ੍ਹ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਲੇਖਕ ਨੇ ਨਸ਼ਿਆਂ ਨਾਲ ਹੋਣ ਵਾਲੀ ਬਰਬਾਦੀ ਬਾਰੇ ਦੱਸਿਆ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। 2 ਅਕਤੂਬਰ ਨੂੰ ਕਮਲਜੀਤ ਬਨਵੈਤ ਦੀ ਰਚਨਾ ‘ਬੇਹੀ ਰੋਟੀ ਦਾ ਟੁੱਕ’ ਪੜ੍ਹਿਆ। ਅੱਜ ਦੇ ਸਮੇਂ ਵਿੱਚ ਬੱਚੇ ਆਪਣੇ ਮਾਂ-ਪਿਉ ਨੂੰ ਬੋਝ ਮੰਨਣ ਲੱਗ ਪਏ ਹਨ। ਬੱਚਿਆਂ ਨੂੰ ਸਿਰਫ਼ ਮਾਤਾ-ਪਿਤਾ ਦੇ ਧਨ-ਦੌਲਤ ਨਾਲ ਹੀ ਮਤਲਬ ਰਹਿ ਗਿਆ ਜਾਪਦਾ ਹੈ।
ਨਵਨੀਤ ਕੌਰ, ਰਾਏਕੋਟ (ਲੁਧਿਆਣਾ)


ਮਾਂ ਦਾ ਮੋਹ
‘ਕਾਲਜੇ ਠੰਢ’ (ਜਗਦੀਸ਼ ਕੌਰ ਮਾਨ, 7 ਅਕਤੂਬਰ) ਮਿਡਲ ਮਾਂ ਦੇ ਮਾਨਸਿਕ ਰੂਪ ਨੂੰ ਦਰਸਾਉਂਦਾ ਹੈ। ਮਾਂ ਦਾ ਨੌਜਵਾਨ ਪੁੱਤ ਇਲਾਜ ਕਰ ਕੇ ਪਾਣੀ ਦਾ ਘੁੱਟ ਵੀ ਨਹੀਂ ਪੀ ਸਕਦਾ, ਫਿਰ ਮਾਂ ਹਰ ਇੱਕ ਨੂੰ ਪਾਣੀ ਪਿਲਾ ਕੇ ਆਪਣੇ ਪੁੱਤਰ ਦੀ ਆਤਮਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਪਹਿਲਾਂ ਮੋਹਨ ਸ਼ਰਮਾ ਦੀ ਰਚਨਾ ‘ਹੰਝੂਆਂ ਦੀ ਭਾਸ਼ਾ’ ਵਿੱਚ ਕੀਤਾ ਗਿਆ ਨਸ਼ਾ ਛੁਡਾਊ ਉਪਰਾਲਾ ਸ਼ਲਾਘਾਯੋਗ ਹੈ। ਨਸ਼ੇ ਕਰਨ ਵਾਲਾ ਸ਼ਖ਼ਸ ਆਪਣੇ ਸਰੀਰਕ ਤੇ ਮਾਨਸਿਕ ਸਿਹਤ ਤਾਂ ਖਰਾਬ ਕਰਦਾ ਹੀ ਹੈ, ਉਸ ਦੇ ਪਰਿਵਾਰ ਦੇ ਜੀਆਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ ਕਿਉਂਕਿ ਨਸ਼ੇੜੀ ਤਾਂ ਨਸ਼ੇ ਦੇ ਸਰੂਰ ਵਿੱਚ ਮਸਤ ਹੁੰਦਾ ਹੈ। ਉਸ ਨੂੰ ਤਾਂ ਸਹੀ ਗ਼ਲਤ ਦੀ ਪਛਾਣ ਵੀ ਨਹੀਂ ਹੁੰਦੀ ਪਰ ਮਾੜੇ ਕੰਮਾਂ ਦਾ ਨਤੀਜਾ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।
ਨਵਜੀਤ ਕੌਰ, ਝੁਨੇਰ (ਮਾਲੇਰਕੋਟਲਾ)


ਬੁੱਢੇ ਦਰਿਆ ਦੀ ਸਵੱਛਤਾ
23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਕਰਨਲ ਜਸਜੀਤ ਸਿੰਘ ਗਿੱਲ ਦਾ ‘ਨੱਕ ਤੱਕ ਆਇਆ ਬੁੱਢਾ ਦਰਿਆ ਦਾ ਪ੍ਰਦੂਸ਼ਣ’ ਵਿਚਾਰਨ ਵਾਲਾ ਮੁੱਦਾ ਹੈ। ਬੁੱਢੇ ਦਰਿਆ ਦੀ ਸਵੱਛਤਾ ਲਈ ਸਮੇਂ-ਸਮੇਂ ਯਤਨ ਹੁੰਦੇ ਰਹੇ ਹਨ ਪਰ ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪਿਆ। ਮਾਲਵਾ ਪੱਟੀ ਵਿੱਚ ਵਧ ਰਹੇ ਕੈਂਸਰ ਦਾ ਇੱਕ ਵੱਡਾ ਕਾਰਨ ਇਹ ਬੁੱਢਾ ਦਰਿਆ ਹੀ ਹੈ। ਪਾਣੀ ਦੇ ਸਰੋਤਾਂ ਨੂੰ ਇੰਨਾ ਗੰਦਾ ਕਰ ਦਿੱਤਾ ਗਿਆ ਹੈ ਕਿ ਪਿੰਡਾਂ, ਸ਼ਹਿਰਾਂ ਦੇ ਗੰਦੇ ਪਾਣੀ ਅਤੇ ਕੂੜੇ-ਕਰਕਟ ਨੇ ਦਰਿਆਵਾਂ, ਟੋਭਿਆਂ ਅਤੇ ਛੱਪੜਾਂ ਨੂੰ ਕੂੜਾਦਾਨ ਬਣਾ ਦਿੱਤਾ ਹੈ। ਇਸ ਗੰਦੇ ਪਾਣੀ ਨੇ ਜਲ ਸਰੋਤਾਂ ਨੂੰ ਉੱਪਰੋਂ ਹੀ ਗੰਦਾ ਨਹੀਂ ਕੀਤਾ ਬਲਕਿ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ। ਅੱਜ ਜਲ ਸੋਮਿਆਂ ਦੀ ਸ਼ੁੱਧਤਾ ਬਣਾਈ ਰੱਖਣ ਦੇ ਮਸਲੇ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

Advertisement
Author Image

joginder kumar

View all posts

Advertisement