For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

07:59 AM Oct 13, 2024 IST
ਡਾਕ ਐਤਵਾਰ ਦੀ
Advertisement

ਕੈਲਾਸ਼ ਕੌਰ ਦਾ ਚਲਾਣਾ

ਐਤਵਾਰ, 6 ਅਕਤੂਬਰ ਦੇ ਅੰਕ ’ਚ ਪ੍ਰਸਿੱਧ ਲੋਕ ਪੱਖੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਅਤੇ ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਸਦੀਵੀ ਵਿਛੋੜੇ ਦਾ ਪੜ੍ਹ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੂੰ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੈਲਾਸ਼ ਕੌਰ ਨੇ ਉਨ੍ਹਾਂ ਸਮਿਆਂ ਵਿੱਚ ਨਾਟਕਾਂ ਵਿੱਚ ਕੰਮ ਕੀਤਾ ਜਦੋਂ ਔਰਤਾਂ ਦਾ ਨਾਟਕਾਂ ਵਿੱਚ ਕੰਮ ਕਰਨਾ ਵਰਜਿਤ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਗੁਰਸ਼ਰਨ ਭਾਅ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਪੰਜ ਦਹਾਕੇ ਇਨਕਲਾਬੀ ਰੰਗਮੰਚ ਰਾਹੀਂ ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਆਮ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਨਾਬਰਾਬਰੀ, ਫ਼ਿਰਕਾਪ੍ਰਸਤੀ ਅਤੇ ਸਾਮਰਾਜ ਪੱਖੀ ਨੀਤੀਆਂ ਖ਼ਿਲਾਫ਼ ਜਾਗਰੂਕ ਅਤੇ ਜਥੇਬੰਦ ਕੀਤਾ। ਉਨ੍ਹਾਂ ਨੇ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣਾ ਹੁਨਰ ਵਿਖਾਉਣ ਅਤੇ ਆਪਣੇ ਹੱਕਾਂ ਲਈ ਲੜਨ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੀਆਂ ਦੋਵਾਂ ਧੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਨੂੰ ਵੀ ਰੰਗਮੰਚ ਅਤੇ ਜਨਤਕ ਸੰਘਰਸ਼ਾਂ ਰਾਹੀਂ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਆਦਿਵਾਸੀਆਂ, ਪੱਛੜੇ ਵਰਗਾਂ ਸਮੇਤ ਹਰ ਵਰਗ ਦੇ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਅੰਧ-ਵਿਸ਼ਵਾਸਾਂ, ਰੂੜੀਵਾਦੀ ਰਵਾਇਤਾਂ, ਸਮਾਜਿਕ ਬੁਰਾਈਆਂ, ਹਕੂਮਤੀ ਜਬਰ, ਕਾਰਪੋਰੇਟ ਲੁੱਟ, ਪਾਖੰਡੀ ਬਾਬਿਆਂ, ਡੇਰਿਆਂ ਅਤੇ ਫ਼ਿਰਕੂ ਤਾਕਤਾਂ ਵਿਰੁੱਧ ਸੰਘਰਸ਼ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਗੁਰਸ਼ਰਨ ਭਾਅ ਜੀ ਦੇ ਰੰਗਮੰਚ ਸਫ਼ਰ ਵੇਲੇ ਐਮਰਜੈਂਸੀ ਦੇ ਹਕੂਮਤੀ ਜਬਰ ਅਤੇ ਫ਼ਿਰਕੂ ਦਹਿਸ਼ਤ ਦੇ ਬਿਖੜੇ ਰਾਹਾਂ ਉੱਤੇ ਚਲਦਿਆਂ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਨਾਟਕਾਂ ਵਿੱਚ ਕੰਮ ਕਰਨ ਦੇ ਨਾਲ ਨਾਲ ਪਰਿਵਾਰ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਈ। ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਬੇਹੱਦ ਫ਼ਖ਼ਰ ਹੈ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਪੰਜਾਬ ਸਮੇਤ ਦੂਜੇ ਸੂਬਿਆਂ ਦੇ ਪੀੜਤ ਵਰਗਾਂ ਨਾਲ ਹੁੰਦੀ ਬੇਇਨਸਾਫ਼ੀ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਕੇ ਆਪਣੇ ਮਾਤਾ ਪਿਤਾ ਦੀ ਲੋਕਪੱਖੀ ਇਨਕਲਾਬੀ ਵਿਰਾਸਤ ਨੂੰ ਅੱਗੇ ਲਿਜਾ ਰਹੀਆਂ ਹਨ।
ਸੁਮੀਤ ਸਿੰਘ, ਅੰਮ੍ਰਿਤਸਰ

Advertisement

ਵੰਡ ਦਾ ਦੁਖਾਂਤ

ਐਤਵਾਰ, 15 ਸਤੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਦੋਹਾਂ ਪੰਜਾਬਾਂ ਦੀ ਵੰਡ ਦੀ ਤ੍ਰਾਸਦੀ ਦਾ ਬਿਆਨ ਦਿਲ ਨੂੰ ਛੂਹ ਗਿਆ। ਦੁੱਖ ਤਾਂ ਇਸ ਗੱਲ ਦਾ ਹੈ ਸਾਡਾ ਇਤਿਹਾਸਕ ਸ਼ਹਿਰ ਲਾਹੌਰ ਸਾਥੋਂ ਖੁੱਸ ਗਿਆ, ਜਿੱਥੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤੇ ਜੋਤੀ ਜੋਤ ਸਮਾਏ, ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਚੂਨਾ ਮੰਡੀ (ਲਾਹੌਰ) ਵਿਖੇ ਹੋਇਆ, ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪਾਈ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਵੀ ਲਾਹੌਰ ਰਿਹਾ। ਇਹ ਸਭ ਘੋਰ ਨਫ਼ਰਤਾਂ ਦਾ ਹੀ ਨਤੀਜਾ ਸੀ ਕਿ ਜੋ ਸਿੱਖ, ਹਿੰਦੂ ਤੇ ਮੁਸਲਮਾਨ ਆਪਸ ਵਿੱਚ ਘਿਓ ਖਿਚੜੀ ਸਨ, ਉਹ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਦੰਗਈਆਂ ਨੇ ਮਾਰਧਾੜ, ਲੁੱਟਮਾਰ ਤੇ ਕੱਟ ਵੱਢ ਕਰਕੇ ਇਨ੍ਹਾਂ ਫ਼ਿਰਕਿਆਂ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਰੱਖ ਦਿੱਤਾ। ਖ਼ੈਰ, ਦੇਸ਼ ਵੰਡ ਬਾਰੇ ਉਸਤਾਦ ਦਾਮਨ ਦੀਆਂ ਸਤਰਾਂ ਦੋਹੇਂ ਪਾਸਿਆਂ ਬਾਰੇ ਸੱਚ ਬੋਲਦੀਆਂ ਹਨ: ‘ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ ਤੁਸੀਂ ਵੀ ਹੋ ਤੇ ਅਸੀਂ ਵੀ ਹਾਂ’। ਪਿੰਡੇ ’ਤੇ ਝੱਲੇ ਉਹ ਸੱਲ ਤੇ ਪੀੜਾਂ ਭੁਲਾ ਕੇ ਹੁਣ ਸਾਨੂੰ ਆਪਸੀ ਪਿਆਰ ਮੁਹੱਬਤ ਤੇ ਮਿਲਵਰਤਣ ਦੀਆਂ ਨਵੀਆਂ ਪੈੜਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਧਾਰਮਿਕ ਨਫ਼ਰਤਾਂ ਤੇ ਈਰਖਾਵਾਂ ਨੂੰ ਠੱਲ੍ਹ ਪੈ ਸਕੇ। ਇੱਕ ਦੂਸਰੇ ਦਾ ਸਤਿਕਾਰ ਕਰਦੇ ਹੋਏ ਸੁਖ ਸ਼ਾਂਤੀ ਵਰਤੀਂਦੀ ਰਹੇ।
ਜਸਬੀਰ ਕੌਰ, ਅੰਮ੍ਰਿਤਸਰ

Advertisement

ਕੰਗਨਾ ਦਾ ਜਲੌਅ

ਪਹਿਲੀ ਸਤੰਬਰ ਨੂੰ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਕੰਗਨਾ ਦੇ ਜਲੌਅ ਅੱਗੇ ਭਾਜਪਾ ਚੁੰਧਿਆਈ’ ਪੜ੍ਹਿਆ। ਲੇਕਿਨ ਅਜੇ ਦੇਖਣਾ ਹੈ ਕਿ ਕੰਗਨਾ ਦਾ ਅਸਲ ਜਲੌਅ ਕਿੰਨਾ ਕੁ ਪ੍ਰਭਾਵਸ਼ਾਲੀ ਹੈ? ਭਾਜਪਾ ਨੂੰ ਪਹਿਲਾਂ ਹੀ ਲਾਲ ਕ੍ਰਿਸ਼ਨ ਅਡਵਾਨੀ, ਅਰੁਣ ਸ਼ੋਰੀ, ਮੇਨਕਾ ਗਾਂਧੀ ਅਤੇ ਮੇਨਕਾ ਦਾ ਪੁੱਤਰ ਵਰੁਣ ਗਾਂਧੀ ਜਲੌਅ ਦਿਖਾ ਚੁੱਕੇ ਨੇ। ਨਰਿੰਦਰ ਮੋਦੀ ਦੀ ਪ੍ਰਸਿੱਧੀ ਅਡਵਾਨੀ ਦੇ ਭਾਜਪਾ ’ਚ ਜਲੌਅ ਕਾਰਨ ਹੀ ਸੰਭਵ ਹੋਈ ਕਿਉਂਕਿ 2002 ਦੇ ਗੁਜਰਾਤ ਦੰਗਿਆਂ ਮਗਰੋਂ ਮੋਦੀ ਨੂੰ ਇਹ ਕਹਿੰਦਿਆਂ ਮੁੱਖ ਮੰਤਰੀ ਬਣੇ ਰਹਿਣ ਦਿੱਤਾ ਕਿ ਮੋਦੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਗ੍ਰਹਿ ਮੰਤਰੀ ਭਾਵ ਅਡਵਾਨੀ ਦਾ ਕੰਮ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
(2)
ਪਹਿਲੀ ਸਤੰਬਰ ਨੂੰ ਲੇਖ ‘ਕੰਗਨਾ ਦੇ ਜਲੌਅ ਅੱਗੇ ਭਾਜਪਾ ਚੁੰਧਿਆਈ’ ਵਧੀਆ ਲੱਗਾ। ਉਹ ਸੱਤਾਧਾਰੀ ਪਾਰਟੀ ਦੀ ਮੰਡੀ ਖੇਤਰ ਤੋਂ ਚੁਣੀ ਗਈ ਲੋਕ ਸਭਾ ਮੈਂਬਰ ਹੈ। ਆਪਣੇ ਜ਼ਾਤੀ ਮਸਲਿਆਂ ਅਤੇ ਦੇਸ਼ ਦੇ ਹਰ ਮੁੱਦੇ ’ਤੇ ਵਾਰ ਵਾਰ ਟਿੱਪਣੀਆਂ ਕਰਨਾ ਉਸ ਦੇ ਮਾਨਸਿਕ ਪੱਖ ਤੋਂ ਕਮਜ਼ੋਰ ਹੋਣ ਦਾ ਸਬੂਤ ਹੈ। ਸੰਸਦ ਮੈਂਬਰ ਹੋਣ ਨਾਤੇ ਮੰਡੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ’ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਉਸ ਦੀਆਂ ਸੰਵੇਦਨਸ਼ੀਲ ਮੁੱਦਿਆਂ ’ਤੇ ਬੇਤੁਕੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰ ਸਕਦੀਆਂ ਹਨ। ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਰਾਜਨੀਤੀ ਅਤੇ ਦੇਸ਼ ਦੇ ਚਲੰਤ ਮਸਲਿਆਂ ਬਾਰੇ ਕੋਈ ਢੁੱਕਵੀਂ ਜਾਣਕਾਰੀ ਨਹੀਂ ਰੱਖਦੀ।
ਸੁਖਪਾਲ ਕੌਰ, ਚੰਡੀਗੜ੍ਹ­

Advertisement
Author Image

Advertisement