ਡਾਕ ਐਤਵਾਰ ਦੀ
ਵੰਡ ਦਾ ਸੰਤਾਪ
ਐਤਵਾਰ, 11 ਅਗਸਤ ਦੇ ਅੰਕ ਵਿੱਚ ਸਫ਼ਾ ਨੰਬਰ ਨੌਂ ’ਤੇ ਉੱਘੇ ਪੱਤਰਕਾਰ ਅਤੇ ਲੇਖਕ ਮਰਹੂਮ ਕੁਲਦੀਪ ਨਈਅਰ ਦੀ ਕਿਤਾਬ ‘ਸਕੂਪ’ ਵਿੱਚੋਂ ਲਿਆ ਗਿਆ ਲੇਖ ‘ਦੇਸ਼ ਵੰਡ ਦਾ ਸੁਫਨਾ ਅਤੇ ਹਕੀਕਤ’ ਪੜ੍ਹਿਆ। ਇਹ ਲੇਖ ਦੇਸ਼ ਦੀ ਵੰਡ ਪਿੱਛੇ ਲੁਕੀ ਰਾਜਨੀਤੀ ਅਤੇ ਵੰਡ ਦੇ ਨਤੀਜੇ ਵਜੋਂ ਵਾਪਰਨ ਵਾਲੇ ਭਿਆਨਕ ਸਿੱਟਿਆਂ ਤੋਂ ਜਾਣੂ ਕਰਵਾਉਂਦਾ ਹੈ। ਇਸ ਵਿੱਚ ਇਹ ਬਾਖ਼ੂਬੀ ਪੇਸ਼ ਕੀਤਾ ਗਿਆ ਕਿ ਵੰਡ ਦੀ ਕੋਈ ਲੋੜ ਨਹੀਂ ਸੀ, ਸਿਰਫ਼ ਆਪਣੀ ਅੜੀ ਪੁਗਾਉਣ ਅਤੇ ਕੁਰਸੀ ਲਈ ਕੀਤੀ ਵੰਡ ਦਾ ਸੰਤਾਪ ਦੋਵੇਂ ਦੇਸ਼ ਅੱਜ ਵੀ ਭੋਗ ਰਹੇ ਹਨ।
ਦੋਵੇਂ ਦੇਸ਼ਾਂ ਦੇ ਲੋਕ ਅੱਜ ਵੀ ਮੁਹੱਬਤ ਦੇ ਧਾਗੇ ਵਿੱਚ ਪਰੋਏ ਹੋਏ ਹਨ। ਵੰਡ ਵੇਲੇ ਵਿਛੜੇ ਅੱਜ ਵੀ ਮਿਲਣ ਦੀ ਉਡੀਕ ਵਿੱਚ ਹਨ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੋਵਾਂ ਦੇਸ਼ਾਂ ਵਿੱਚ ਫੈਲਾਈ ਜਾਣ ਵਾਲੀ ਨਫ਼ਰਤ ਵਿਸ਼ਵ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖ਼ਤਰਾ ਹੈ। ਹੁਣ ਸਮਾਂ ਆਪਸ ਵਿੱਚ ਜਾਤ ਪਾਤ, ਧਰਮ ਅਤੇ ਫ਼ਿਰਕੇ ਦੇ ਆਧਾਰ ’ਤੇ ਜੰਗ ਕਰਨ ਦਾ ਨਹੀਂ ਸਗੋਂ ਇੱਕ ਮੰਚ ’ਤੇ ਇਕੱਠੇ ਹੋ ਕੇ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਦੇ ਸੁਚੱਜੇ ਹੱਲ ਕੱਢਣ ਦਾ ਹੈ ਤਾਂ ਜੋ ਸੰਸਾਰ ਵਿੱਚ ਅਮਨ, ਸ਼ਾਂਤੀ ਅਤੇ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਕਵਿੱਤਰੀ ਨੂੰ ਸਲਾਮ
ਐਤਵਾਰ, 4 ਅਗਸਤ ਦੇ ‘ਦਸਤਕ’ ਵਿੱਚ ਜਸਬੀਰ ਭੁੱਲਰ ਦਾ ਲੇਖ ‘ਪਿਆਰ ਵਿੱਚ ਬਿਰਖ ਹੋ ਜਾਣਾ’ ਪੜ੍ਹਿਆ। ਇਸ ਵਿੱਚ ਝਾਰਖੰਡ ਦੀ ਯੁਵਾ ਕਵਿੱਤਰੀ ਜਸਿੰਤਾ ਕੇਰਕੇਟਾ ਬਾਰੇ ਜਾਣਕਾਰੀ ਅਤੇ ਉਸ ਦੀਆਂ ਕਵਿਤਾਵਾਂ ਪੜ੍ਹ ਕੇ ਮੈਂ ਚਿਰ ਤੱਕ ਸੋਚਦਾ ਰਿਹਾ। ਹੈਰਾਨੀ ਵੀ ਹੋਈ ਕਿ ਕੋਈ ਕਵਿਤਾ ਵਿੱਚ ਇੱਕ ਇੱਕ ਸ਼ਬਦ ਸੱਚ ਵੀ ਲਿਖ ਸਕਦਾ ਹੈ। ਇਹ ਸਾਹਿਤਕ ਕਲਾ ਜਸਿੰਤਾ ਕੋਲ ਹੈ। ਜਸਬੀਰ ਭੁੱਲਰ ਦਾ ਇਹ ਨਿਬੰਧ ਕਾਬਲੇ ਗ਼ੌਰ ਵੀ ਹੈ ਅਤੇ ਕਾਬਲੇ ਤਾਰੀਫ਼ ਵੀ। ਸਮਾਜਿਕ ਤੌਰ ’ਤੇ ਜਾਗਰੂਕ ਅਤੇ ਆਪਣੀ ਮਿੱਟੀ ਨਾਲ ਜੁੜੀ ਜਸਿੰਤਾ ਨੇ ਆਪਣੇ ਲੋਕਾਂ ਦਾ ਦਰਦ ਦੁਨੀਆ ਦੇ ਹੋਰ ਲੋਕਾਂ ਨਾਲ ਸਾਂਝਾ ਕੀਤਾ ਹੈ। ਇਸ ਦਲੇਰ ਕਵਿੱਤਰੀ ਨੂੰ ਦਿਲੋਂ ਸਲਾਮ!
ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ
ਬਿਬਲੀਓਥੈਰੇਪੀ ਦੀ ਸਾਰਥਿਕਤਾ
ਐਤਵਾਰ, 4 ਅਗਸਤ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਦਸਤਕ’ ਅੰਕ ਵਿੱਚ ਡਾ. ਮਨਦੀਪ ਕੌਰ ਰਾਏ ਨੇ ‘ਸਾਹਿਤ ਸੰਜੀਵਨੀ’ ਦੇ ਸਮੀਖਿਆਨੁਮਾ ਮਜ਼ਮੂਨ ਦੇ ਹਵਾਲੇ ਨਾਲ ਇਹ ਹਕੀਕਤ ਜ਼ਾਹਿਰ ਕੀਤੀ ਹੈ ਕਿ ਵਿਸ਼ਵ ਭਰ ਦੇ ਪ੍ਰਸਿੱਧ ਲੇਖਕਾਂ ਦੀਆਂ ਸਵੈ-ਜੀਵਨੀਆਂ ਜਾਂ ਹੋਰ ਪੁਸਤਕਾਂ ਨੇ ਜੀਵਨ ਤੋਂ ਨਿਰਾਸ਼ ਹੋ ਚੁੱਕੇ ਵਿਅਕਤੀਆਂ ਨੂੰ ਕਿਸੇ ਨਾ ਕਿਸੇ ਮਾਨਸਿਕ ਪੀੜਾ ਤੋਂ ਮੁਕਤੀ ਦਿਵਾ ਕੇ ਸਕੂਨ ਦਿੱਤਾ ਹੈ।
ਇਸ ਸੰਦਰਭ ਵਿੱਚ ‘ਮੇਰਾ ਬਚਪਨ’ ਨਾਂ ਦੀਆਂ ਪੁਸਤਕਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਵਿਸ਼ਵ ਦੇ ਵੱਖ-ਵੱਖ ਲੇਖਕਾਂ ਨੇ ਲਿਖਿਆ। ਰੂਸ ਦੇ ਮਹਾਨ ਲੇਖਕ ਮੈਕਸਿਮ ਗੋਰਕੀ, ਰਾਬਿੰਦਰਨਾਥ ਟੈਗੋਰ ਅਤੇ ਅਰੰਧੁਤੀ ਰਾਏ ਨੇ ਆਪਣੇ ਬਚਪਨ ਦੀਆਂ ਤੰਗੀਆਂ ਤੁਰਸ਼ੀਆਂ ਨੂੰ ‘ਮੇਰਾ ਬਚਪਨ’ ਨਾਮੀਂ ਪੁਸਤਕਾਂ ਵਿੱਚ ਬਿਆਨ ਕੀਤਾ। ਇਹ ਪੁਸਤਕਾਂ ਇਨ੍ਹਾਂ ਮਹਾਨ ਕਲਮਕਾਰਾਂ ਦੇ ਮੁੱਢਲੇ ਜੀਵਨ ਦੀਆਂ ਤਲਖ਼ ਹਕੀਕਤਾਂ ’ਤੇ ਰੋਸ਼ਨੀ ਪਾਉਂਦੀਆਂ ਹਨ। ਅਜਿਹੀਆਂ ਪੁਸਤਕਾਂ ਨੇ ਅਨੇਕ ਪਾਠਕਾਂ ਦੇ ਨਿੱਜੀ ਦੁੱਖਾਂ ਦਰਦਾਂ ਅਤੇ ਜੀਵਨ ਪ੍ਰਤੀ ਨਿਰਾਸ਼ਾ ਜਾਂ ਨਾਉਮੀਦੀ ਨੂੰ ਉਮੀਦ ਦੀਆਂ ਕਿਰਨਾਂ ਵਿੱਚ ਬਦਲ ਕੇ ਉਨ੍ਹਾਂ ਲਈ ਉਸਾਰੂ ਵਾਤਾਵਰਣ ਸਿਰਜਿਆ, ਉਨ੍ਹਾਂ ਵਿੱਚ ਜੀਵਨ ਜਿਊਣ ਦੀ ਇੱਛਾ ਪੈਦਾ ਕੀਤੀ ਹੈ। ਅਜਿਹੀਆਂ ਪੁਸਤਕਾਂ ‘ਬਿਬਲੀਓਥੈਰੇਪੀ’ ਦੇ ਰੂਪ ਵਿੱਚ ਮਨੁੱਖ ਦੀਆਂ ਅਨੇਕ ਮਨੋਵਿਗਿਆਨਕ ਗੁੰਝਲਾਂ ਹੱਲ ਕਰਦੀਆਂ ਹਨ ਅਤੇ ਉਸ ਦੇ ਹਨੇਰੇ ਕੋਨਿਆਂ ਨੂੰ ਉੱਜਲ ਕਰਦੀਆਂ ਹੋਈਆਂ ਉਸ ਲਈ ਵਰਦਾਨ ਸਿੱਧ ਹੁੰਦੀਆਂ ਹਨ। ਇਸ ਹਵਾਲੇ ਨਾਲ ਬੱਚਿਆਂ ਨੂੰ ਬਚਪਨ ਤੋਂ ਹੀ ਨਿੱਗਰ ਸੋਚ ਨਾਲ ਜੋੜਨ ਅਤੇ ਸਿਰਜਣਾਤਮਕ ਊਰਜਾ ਪੈਦਾ ਕਰਨ ਲਈ ਸਾਡੀ ਨਵੀਂ ਪੀੜ੍ਹੀ ਨੂੰ ਨਰੋਈਆਂ ਕਦਰਾਂ ਕੀਮਤਾਂ ਵਾਲੇ ਬਾਲ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੀਂ ਪੀੜ੍ਹੀ ਸੰਯੁਕਤ ਪਰਿਵਾਰਾਂ ਵਿੱਚ ਮਿਲ ਬੈਠਣ ਦੀ ਰਵਾਇਤ ਛੱਡ ਕੇ ਸੋਸ਼ਲ ਮੀਡੀਆ ਦੀ ਸ਼ਿਕਾਰ ਹੋ ਰਹੀ ਹੈ ਜਿਸ ਦੇ ਨਤੀਜੇ ਸਾਡੇ ਸਾਹਮਣੇ ਹਨ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ