For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

06:40 AM Nov 24, 2024 IST
ਡਾਕ ਐਤਵਾਰ ਦੀ
Advertisement

ਸਾਂਝੀ ਸ਼ਹਾਦਤ

ਐਤਵਾਰ, 17 ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਅਰਵਿੰਦਰ ਜੌਹਲ ਦੇ ਲੇਖ ਵਿੱਚ ਲਾਹੌਰ (ਪਾਕਿਸਤਾਨ) ਵਿੱਚ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਬਾਰੇ ਪਾਕਿਸਤਾਨ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਭਗਤ ਸਿੰਘ ਨੇ ਸ਼ਹਾਦਤ ਪੂਰੇ ਹਿੰਦੋਸਤਾਨ (ਹੁਣ ਦੋ ਮੁਲਕ ਭਾਰਤ ਅਤੇ ਪਾਕਿਸਤਾਨ) ਦੀ ਆਜ਼ਾਦੀ ਵਾਸਤੇ ਦਿੱਤੀ ਸੀ। ਭਗਤ ਸਿੰਘ ਦੀ ਸ਼ਹਾਦਤ (1931) ਵੇਲੇ ਇੱਕੋ ਦੇਸ਼ ਹਿੰਦੋਸਤਾਨ ਹੁੰਦਾ ਸੀ। ਸਮੁੱਚੇ ਉਪ-ਮਹਾਂਦੀਪ ਦੇ ਆਗੂਆਂ ਅਤੇ ਲੋਕਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤਾ ਗਿਆ ਸੰਘਰਸ਼ ਸਾਂਝਾ ਸੀ। ਇਉਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਸਾਂਝੀ ਲੜਾਈ ਦਾ ਹਿੱਸਾ ਸੀ ਜਿਸ ਨੂੰ ਪਾਕਿਸਤਾਨ ਨੇ ਹੁਣ 77 ਸਾਲ ਪਿੱਛੋਂ ਨਕਾਰਿਆ ਹੈ। ਚੜ੍ਹਦੇ ਪੰਜਾਬ ਵਿਚ ਇਸ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਅਖ਼ਬਾਰ ਨੇ ਇਸ ਆਵਾਜ਼ ਨੂੰ ਬੁਲੰਦ ਕੀਤਾ ਹੈ। ‘ਪੰਜਾਬੀ ਟ੍ਰਿਬਿਊਨ’ ਦੇ 46ਵੇਂ ਵਰ੍ਹੇਗੰਢ ਬਾਰੇ ਗੁਰਦੀਪ ਸਿੰਘ ਢੁੱਡੀ ਦੇ ਵਿਚਾਰ ਪੜ੍ਹੇ। ‘ਪੰਜਾਬੀ ਟ੍ਰਿਬਿਊਨ’ ਦੇ ਪੁਰਾਣੇ ਪਾਠਕ ਵਜੋਂ ਮੇਰੀ ਵੀ ਮੰਗ ਹੈ ਕਿ ਟ੍ਰਿਬਿਊਨ ਟਰੱਸਟ ਮੇਰੇ ਮਹਿਬੂਬ ਅਖ਼ਬਾਰ ਦੇ ਸਫ਼ੇ ਵਧਾਵੇ। ‘ਦਸਤਕ’ ਅੰਕ ਚਾਰ ਪੰਨਿਆਂ ਦਾ ਕੀਤਾ ਜਾਵੇ। ਅਖ਼ਬਾਰ ਦੀ ਕੀਮਤ ਹੋਰ ਅਖ਼ਬਾਰਾਂ ਵਾਂਗ ਘਟਾ ਕੇ ਪੰਜ ਰੁਪਏ ਕੀਤੀ ਜਾਵੇ। ਬਲੋਚਿਸਤਾਨ ਬਾਰੇ ਸੁਰਿੰਦਰ ਸਿੰਘ ਤੇਜ ਦੇ ਲੰਮੇ ਲੇਖ ਸਦਕਾ ਜਾਣਕਾਰੀ ਮਿਲੀ। ਬਲੋਚਸਿਤਾਨ ’ਚ ਵੱਖਵਾਦੀ ਸੁਰਾਂ ਕਾਰਨ ਗੁਆਂਢੀ ਦੇਸ਼ ਦੇ ਟੁਕੜੇ ਹੋਣ ਦਾ ਖ਼ਤਰਾ ਬਰਕਰਾਰ ਹੈ। ਇਸ ਲਈ ਪਾਕਿਸਤਾਨ ਸਰਕਾਰ ਨੂੰ ਚੌਕਸ ਰਹਿਣ ਦੀ ਲੋੜ ਹੈ। ਪਹਿਲਾਂ ਪਾਕਿਸਤਾਨ ਤੋਂ ਟੁੱਟ ਕੇ ਬੰਗਲਾਦੇਸ਼ ਬਣਨ ਦੀ ਟੀਸ ਅਜੇ ਤੱਕ ਪਾਕਿਸਤਾਨ ਵਿਚ ਮਹਿਸੂਸ ਕੀਤੀ ਜਾ ਰਹੀ ਹੈ। ਪਾਕਿਸਾਨ ਦੀ ਫਿਜ਼ਾ ਦਾ ਅਸਰ ਭਾਰਤ ’ਤੇ ਪੈਣਾ ਕੁਦਰਤੀ ਹੈ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement

ਹਾਲਾਤ ਦਾ ਬਿਰਤਾਂਤ

ਐਤਵਾਰ, 10 ਨਵੰਬਰ ਦੇ ‘ਦਸਤਕ’ ਅੰਕ ਵਿੱਚ ਗੁਲਜ਼ਾਰ ਸੰਧੂ ਦੀ ਕਹਾਣੀ ‘ਮੁਰਗੀ ਦਾ ਪੰਜਾ’ ਵਿਚਲੀਆਂ ਇਹ ਸਤਰਾਂ ਕਿ ‘ਤੂੰ ਤਾਂ ਕਮਲੀ ਏਂ... ਜਦੋਂ ਦੀ ਗੁਰੂ-ਮੰਦਰ ਵਾਲੀ ਘਟਨਾ ਹੋਈ ਹੈ... ਹਰ ਕਮਲਾ ਆਦਮੀ ਇਹੀਓ ਸੋਚਦਾ ਹੈ ਕਿ ਰਾਣੀ ਗਈ ਕਿ ਗਈ...’ ਆਪਣੇ ਆਪ ਵਿੱਚ ਬੜਾ ਕੁਝ ਸੋਚਣ ’ਤੇ ਮਜਬੂਰ ਕਰਦੀਆਂ ਹਨ। ਗੱਡੀ ਅੱਗੋਂ ਲੰਘਦੀ ਬੱਕਰੀ ਵੀ ਲੇਖਕ ਨੂੰ ਉਸ ਦਹਿਸ਼ਤ ਦੇ ਮਾਹੌਲ ਵਿੱਚ ਦਹਿਸ਼ਤ ਉਪਜਾਉਂਦੀ ਹੀ ਲੱਗਦੀ ਹੈ। ਫੇਰ ਗੱਡੀ ਥੱਲਿਓਂ ਮੁਰਗੀ ਦਾ ਬਚ ਨਿਕਲਣਾ... ਲੇਖਕ ਦੀ ਸੋਚ ਨੂੰ ਕਿੱਥੋਂ-ਕਿੱਧਰ ਨੂੰ ਲੈ ਜਾਂਦਾ ਹੈ ਕਿ ਉਹ ਦੇਸ਼ ਦੀ ਰਾਣੀ ਦੇ ਦੁਖਦਾਈ ਅੰਤ ਅਤੇ ਮੁਰਗੀ ਦਾ ਪੰਜਾ ਵੀ ਗੱਡੀ ਥੱਲੇ ਆ ਕੇ ਮਸਲਿਆ ਜਾਣ ਬਾਰੇ ਖ਼ਿਆਲ ਪ੍ਰਗਟਾਉਂਦਿਆਂ 1984 ਮਗਰੋਂ ਕਾਲੇ ਦੌਰ ਦੇ ਦਿਲ ਕੰਬਾਊ ਹਾਲਾਤ ਨੂੰ ਬਾਖ਼ੂਬੀ ਬਿਆਨ ਕਰਦਾ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement

ਪੰਜਾਬੀਅਤ ਦਾ ਪਹਿਰੇਦਾਰ

ਐਤਵਾਰ, 13 ਅਕਤੂਬਰ ਦੇ ‘ਦਸਤਕ’ ਅੰਕ ਵਿੱਚ ਛਪੀ ਬਲਵੰਤ ਗਾਰਗੀ ਦੀ ਰਚਨਾ ‘ਪੰਜਾਬੀ ਕਲਚਰ ਦਾ ਸ਼ਾਹਜਹਾਨ’ ਪੰਜਾਬ ਦੇ ਸਪੂਤ ਅਤੇ ਪੰਜਾਬੀ ਸੱਭਿਆਚਾਰ ਦੇ ਪਹਿਰੇਦਾਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਜ਼ਿੰਦਗੀ ’ਤੇ ਸੰਖੇਪ ਝਾਤ ਪਾਉਂਦਿਆਂ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਪ੍ਰਗਟ ਕਰਦੀ ਹੈ। ਰੰਧਾਵਾ ਹੋਰੀਂ ਇੱਕ ਕੁਸ਼ਲ ਪ੍ਰਸ਼ਾਸਕ ਹੋਣ ਦੇ ਨਾਲ ਨਾਲ ਲੇਖਕ, ਚਿੱਤਰਕਾਰ, ਸਿੱਖਿਆ ਸ਼ਾਸਤਰੀ ਅਤੇ ਸਭ ਤੋਂ ਉੱਤੇ ਇੱਕ ਵਧੀਆ ਇਨਸਾਨ ਸਨ। ਆਜ਼ਾਦੀ ਸਮੇਂ ਦੇਸ਼ ਦੀ ਵੰਡ ਤੋਂ ਬਾਅਦ ਜਿਸ ਪ੍ਰਕਾਰ ਉਨ੍ਹਾਂ ਨੇ ਦਿੱਲੀ ਦੇ ਕਮਿਸ਼ਨਰ ਹੁੰਦਿਆਂ ਮੁੜ ਵਸੇਬੇ ਦੀ ਨੀਤੀ ਬਣਾਈ, ਉਹ ਅੱਜ ਵੀ ਯਾਦ ਕੀਤੀ ਜਾਂਦੀ ਹੈ। ਦੋ ਕੁਰਸੀਆਂ ਅਤੇ ਮੇਜ਼ ਰੱਖ ਕੇ ਦਫ਼ਤਰ ਲਾਉਣ ਵਾਲੇ ਰੰਧਾਵਾ ਸਾਦਗੀ ਦੀ ਮੂਰਤ ਸਨ। ਉਹ ਸਮੇਂ ਦੀ ਕ਼ਦਰ ਕਰਦਿਆਂ ਤੁਰੰਤ ਫ਼ੈਸਲਾ ਲੈਣ ਦਾ ਹੁਨਰ ਰੱਖਦੇ ਸਨ। ਇਹੀ ਕਾਰਨ ਹੈ ਕਿ ਪ੍ਰਸ਼ਾਸਕ ਅਤੇ ਅਫਸਰ ਤਾਂ ਦੇਸ਼ ਵਿੱਚ ਬਹੁਤ ਹੋਏ, ਪਰ ਕੋਈ ਉਨ੍ਹਾਂ ਵਰਗਾ ਨਾ ਬਣ ਸਕਿਆ। ਉਹ ਕਲਾ ਦੀ ਕਦਰ ਕਰਦੇ ਸਨ। ਇਸੇ ਕਰਕੇ ਉਨ੍ਹਾਂ ਨੇ ਲੇਖਕਾਂ ਅਤੇ ਕਲਾ ਦੇ ਪ੍ਰੇਮੀਆਂ ਲਈ ਰਿਹਾਇਸ਼ ਪ੍ਰਦਾਨ ਕਰਨ ਦਾ ਕਾਰਜ ਆਰੰਭਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ। ਵਾਤਾਵਰਨ ਅਤੇ ਕੁਦਰਤ ਨਾਲ ਅਥਾਹ ਪਿਆਰ ਰੱਖਦਿਆਂ ਉਨ੍ਹਾਂ ਨੇ ਚੰਡੀਗੜ੍ਹ ਦੀ ਨੁਹਾਰ ਬਦਲ ਦਿੱਤੀ। ਅੱਜ ਚੰਡੀਗੜ੍ਹ ਵਿੱਚ ਨਜ਼ਰ ਆਉਂਦੀ ਹਰਿਆਲੀ ਅਤੇ ਸੁੰਦਰਤਾ ਸ੍ਰੀ ਰੰਧਾਵਾ ਦੀ ਹੀ ਦੇਣ ਹੈ। ਉਨ੍ਹਾਂ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ ਮੁੜ ਕੋਈ ਅਜਿਹਾ ਨਜ਼ਰ ਨਹੀਂ ਆਇਆ ਜੋ ਪੰਜਾਬ ਦਾ ਰਾਹਦਸੇਰਾ ਬਣ ਕੇ ਇਸ ਨੂੰ ਖੁਸ਼ਹਾਲੀ ਵੱਲ ਲਿਜਾਣ ਦੀ ਨੀਤੀ ਉਲੀਕ ਤੇ ਲਾਗੂ ਕਰ ਸਕੇ। ਅੱਜ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਨੂੰ ਸ੍ਰੀ ਰੰਧਾਵਾ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਦੇਸ਼ ਦੇ ਬਹੁਪੱਖੀ ਸੰਕਟ ਅਤੇ ਦਰਪੇਸ਼ ਮੁਸ਼ਕਿਲਾਂ ਦਾ ਸਮੇਂ ਸਿਰ ਠੋਸ ਹੱਲ ਲੱਭਿਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਅਧਿਆਪਕ ਬਨਾਮ ਸਿਆਸਤ

ਐਤਵਾਰ, 27 ਅਕਤੂਬਰ ਨੂੰ ਅਰਵਿੰਦਰ ਕੌਰ ਜੌਹਲ ਦਾ ਲੇਖ ‘ਸਿਆਸਤ ਦੀ ਪਾਠਸ਼ਾਲਾ ਵਿੱਚ ਅਧਿਆਪਕਾਂ ਲਈ ਸਬਕ’, ਇਸ ਸਬੰਧੀ ਘਟਨਾ ਦੀ ਖ਼ਬਰ ਛਪਣ ਅਤੇ 22 ਅਕਤੂਬਰ ਵੱਲੋਂ ਸਪੀਕਰ ਵੱਲੋਂ ਇਹ ਹੁਕਮ ਵਾਪਸ ਲੈਣ ਤੱਕ ਅਧਿਆਪਕ ਅਤੇ ਰਾਜਨੀਤੀ ਦੇ ਮਾਣ ਸਨਮਾਨ ਦੀ ਗੰਢ ਖੋਲ੍ਹਦੀ ਸਫ਼ਰ ਦੀ ਮੁਕੰਮਲ ਕਹਾਣੀ ਹੈ। ਇਸ ਵਿੱਚ ਸਪੀਕਰ ਸਾਹਿਬ ਨੇ ਵੀ ਗਹਿਨ/ਡੂੰਘੀ ਵਿਚਾਰ ਕਰੇ ਬਿਨਾਂ ਹੀ ਐੱਮਐੱਲਏ ਦੀ ਸ਼ਿਕਾਇਤ ਨੂੰ ‘ਚਾਰ ਚੰਨ ਲਾ ਦਿੱਤੇ’। ਅੰਤ ਨੂੰ ਸੱਚ ਦੇ ਸਾਹਮਣੇ ਸਪੀਕਰ ਸਾਹਿਬ ਨੂੰ ਝੁਕਣਾ ਪਿਆ।ਬਣਦਾ ਤਾਂ ਇਹ ਸੀ ਕਿ ਉਨ੍ਹਾਂ ਅਧਿਆਪਕਾਂ ਨੂੰ ਸਨਮਾਨ ਦੇਣ ਦੀ ਗੱਲ ਕਹੀ ਜਾਂਦੀ ਜਿਹੜੇ ਅਡੋਲਤਾ ਨਾਲ ਜਮਾਤਾਂ ਵਿੱਚ ਡਟੇ ਰਹੇ। ਸਪੀਕਰ ਸਾਹਿਬ ਅਨੁਸਾਰ ਜੇ ਵਿਧਾਨ ਸਭਾ ਸਕੱਤਰੇਤ ਦੇ ਅਧਿਕਾਰੀਆਂ ਦਾ ਦੋਸ਼ ਹੈ ਤਾਂ ਉਨ੍ਹਾਂ ਵਿਰੁੱਧ ਕੀਤੀ ਕਾਰਵਾਈ ਦੀ ਖ਼ਬਰ ਵੀ ਨਸ਼ਰ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਆਪਣੀ ਸੰਸਥਾ ਦੀ ਕਾਰਗ਼ੁਜ਼ਾਰੀ ਦਾ ਲੋਕਾਂ ਨੂੰ ਪਤਾ ਲੱਗ ਸਕੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement
Author Image

Advertisement